ਇਕ ਵੇਲੇ ਦੀ ਗੱਲ ਹੈ। ਇਕ ਬੱਚੇ ਦਾ ਜਨਮ ਹੋਣ ਵਾਲਾ ਸੀ। ਜਨਮ ਤੋਂ ਕੁਝ ਸਮਾਂ ਪਹਿਲਾਂ ਉਸ ਨੇ ਰੱਬ ਨੂੰ ਪੁੱਛਿਆ, ''ਮੈਂ ਇੰਨਾ ਛੋਟਾ ਹਾਂ ਕਿ ਖੁਦ ਕੁਝ ਵੀ ਨਹੀਂ ਕਰ ਸਕਦਾ, ਭਲਾ ਧਰਤੀ 'ਤੇ ਮੈਂ ਕਿਵੇਂ ਰਹਾਂਗਾ? ਕਿਰਪਾ ਕਰ ਕੇ ਮੈਨੂੰ ਆਪਣੇ ਕੋਲ ਹੀ ਰਹਿਣ ਦਿਓ, ਮੈਂ ਕਿਤੇ ਨਹੀਂ ਜਾਣਾ ਚਾਹੁੰਦਾ।'' ਰੱਬ ਬੋਲਿਆ, ''ਮੇਰੇ ਕੋਲ ਬਹੁਤ ਸਾਰੇ ਫਰਿਸ਼ਤੇ ਹਨ, ਉਨ੍ਹਾਂ ਵਿਚੋਂ ਹੀ ਇਕ ਮੈਂ ਤੇਰੇ ਲਈ ਚੁਣ ਲਿਆ ਹੈ, ਉਹ ਤੇਰਾ ਖਿਆਲ ਰੱਖੇਗਾ।'' ਇਸ 'ਤੇ ਬੱਚੇ ਨੇ ਪੁੱਛਿਆ, ''ਤੁਸੀਂ ਮੈਨੂੰ ਇਹ ਦੱਸੋ ਕਿ ਇਥੇ ਸਵਰਗ ਵਿਚ ਮੈਂ ਕੁਝ ਨਹੀਂ ਕਰਦਾ, ਬਸ ਗਾਉਂਦਾ ਤੇ ਮੁਸਕਰਾਉਂਦਾ ਹਾਂ। ਮੇਰੇ ਲਈ ਖੁਸ਼ ਰਹਿਣ ਲਈ ਇੰਨਾ ਹੀ ਬਹੁਤ ਹੈ।''
ਰੱਬ ਬੋਲਿਆ, ''ਤੇਰਾ ਫਰਿਸ਼ਤਾ ਤੇਰੇ ਲਈ ਗਾਏਗਾ ਅਤੇ ਹਰ ਰੋਜ਼ ਤੇਰੇ ਲਈ ਮੁਸਕਰਾਏਗਾ ਵੀ। ਤੂੰ ਉਸ ਦਾ ਪਿਆਰ ਮਹਿਸੂਸ ਕਰੇਂਗਾ ਅਤੇ ਖੁਸ਼ ਰਹੇਂਗਾ।''
ਬੱਚੇ ਨੇ ਪੁੱਛਿਆ, ''ਅਤੇ ਜਦੋਂ ਉਥੇ ਲੋਕ ਮੇਰੇ ਨਾਲ ਗੱਲ ਕਰਨਗੇ ਤਾਂ ਮੈਂ ਸਮਝਾਂਗਾ ਕਿਵੇਂ, ਮੈਨੂੰ ਤਾਂ ਉਨ੍ਹਾਂ ਦੀ ਭਾਸ਼ਾ ਆਉਂਦੀ ਹੀ ਨਹੀਂ।''
ਰੱਬ ਨੇ ਜਵਾਬ ਦਿੱਤਾ, ''ਤੇਰਾ ਫਰਿਸ਼ਤਾ ਤੇਰੇ ਨਾਲ ਸਭ ਤੋਂ ਮਧੁਰ ਤੇ ਪਿਆਰ ਭਰੇ ਸ਼ਬਦਾਂ ਵਿਚ ਗੱਲ ਕਰੇਗਾ, ਅਜਿਹੇ ਸ਼ਬਦ ਜੋ ਤੂੰ ਇਥੇ ਵੀ ਨਹੀਂ ਸੁਣੇ ਹੋਣਗੇ ਅਤੇ ਬੜੀ ਧੀਰਜ ਤੇ ਸਾਵਧਾਨੀ ਨਾਲ ਤੇਰਾ ਫਰਿਸ਼ਤਾ ਤੈਨੂੰ ਬੋਲਣਾ ਵੀ ਸਿਖਾਏਗਾ।''
ਬੱਚਾ ਬੋਲਿਆ, ''ਅਤੇ ਜਦੋਂ ਮੈਂ ਤੁਹਾਡੇ ਨਾਲ ਗੱਲ ਕਰਨੀ ਹੋਵੇ ਤਾਂ ਮੈਂ ਕੀ ਕਰਾਂਗਾ?''
''ਤੇਰਾ ਫਰਿਸ਼ਤਾ ਤੈਨੂੰ ਹੱਥ ਜੋੜ ਕੇ ਪ੍ਰਾਰਥਨਾ ਕਰਨੀ ਸਿਖਾਏਗਾ ਅਤੇ ਇੰਝ ਤੂੰ ਮੇਰੇ ਨਾਲ ਗੱਲ ਕਰ ਸਕੇਂਗਾ'', ਰੱਬ ਬੋਲਿਆ।
ਬੱਚਾ ਬੋਲਿਆ, ''ਮੈਂ ਸੁਣਿਆ ਹੈ ਕਿ ਧਰਤੀ 'ਤੇ ਮਾੜੇ ਲੋਕ ਵੀ ਹੁੰਦੇ ਹਨ, ਉਨ੍ਹਾਂ ਤੋਂ ਮੈਨੂੰ ਕੌਣ ਬਚਾਏਗਾ?''
ਰੱਬ ਬੋਲਿਆ, ''ਤੇਰਾ ਫਰਿਸ਼ਤਾ ਤੈਨੂੰ ਬਚਾਏਗਾ, ਭਾਵੇਂ ਉਸ ਦੀ ਆਪਣੀ ਜਾਨ 'ਤੇ ਹੀ ਖਤਰਾ ਕਿਉਂ ਨਾ ਬਣ ਜਾਵੇ।''
ਬੱਚਾ, ''ਪਰ ਮੈਂ ਹਮੇਸ਼ਾ ਦੁਖੀ ਰਹਾਂਗਾ ਕਿਉਂਕਿ ਮੈਂ ਤੁਹਾਨੂੰ ਦੇਖ ਨਹੀਂ ਸਕਾਂਗਾ।''
ਰੱਬ, ''ਤੂੰ ਇਸ ਦਾ ਫਿਕਰ ਨਾ ਕਰ, ਤੇਰਾ ਫਰਿਸ਼ਤਾ ਹਮੇਸ਼ਾ ਤੇਰੇ ਨਾਲ ਮੇਰੇ ਬਾਰੇ ਗੱਲ ਕਰੇਗਾ ਅਤੇ ਤੂੰ ਵਾਪਸ ਮੇਰੇ ਕੋਲ ਕਿਵੇਂ ਆ ਸਕਦਾ ਏਂ, ਦੱਸੇਂਗਾ।''
ਉਸ ਵੇਲੇ ਸਵਰਗ ਵਿਚ ਬਹੁਤ ਸ਼ਾਂਤੀ ਸੀ ਪਰ ਧਰਤੀ ਤੋਂ ਕਿਸੇ ਦੇ ਕੁਰਲਾਉਣ ਦੀ ਆਵਾਜ਼ ਆ ਰਹੀ ਸੀ। ਬੱਚਾ ਸਮਝ ਗਿਆ ਕਿ ਹੁਣ ਉਸ ਨੇ ਜਾਣਾ ਹੈ। ਉਸ ਨੇ ਰੋਂਦੇ-ਰੋਂਦੇ ਰੱਬ ਨੂੰ ਪੁੱਛਿਆ, ''ਰੱਬਾ! ਹੁਣ ਤਾਂ ਮੈਂ ਜਾਣ ਵਾਲਾ ਹਾਂ, ਕਿਰਪਾ ਕਰ ਕੇ ਮੈਨੂੰ ਉਸ ਫਰਿਸ਼ਤੇ ਦਾ ਨਾਂ ਦੱਸ ਦੇ।''
ਰੱਬ ਬੋਲਿਆ, ''ਫਰਿਸ਼ਤੇ ਦੇ ਨਾਂ ਦੀ ਕੋਈ ਅਹਿਮੀਅਤ ਨਹੀਂ, ਬਸ ਇੰਨਾ ਜਾਣ ਲੈ ਕਿ ਤੂੰ ਉਸ ਨੂੰ 'ਮਾਂ' ਕਹਿ ਕੇ ਬੁਲਾਏਂਗਾ।''
ਕੌਣ ਕਿਸ ਦਾ ਮਾਲਕ
NEXT STORY