ਵਾਸ਼ਿੰਗਟਨ- ਅੱਤਵਾਦੀ ਸਮੂਹ, ਇਸਲਾਮਿਕ ਸਟੇਟ (ਆਈ. ਐਸ.) ਨੇ ਆਪਣੀ ਮੈਗਜ਼ੀਨ 'ਚ ਦਾਅਵਾ ਕੀਤਾ ਹੈ ਕਿ ਪੈਰਿਸ ਸੁਪਰਮਾਰਕੀਟ 'ਤੇ ਹਮਲਾ ਕਰਨ ਵਾਲੇ ਆਮਦੀ ਕਾਲੀਬਲੀ ਦੀ ਵਿਧਵਾ ਆਈ. ਐਸ. ਨਾਲ ਜੁੜ ਗਈ ਹੈ ਅਤੇ ਉਹ ਆਈ. ਐਸ. ਦੇ ਕੰਟਰੋਲ ਵਾਲੇ ਖੇਤਰ 'ਚ ਪਹੁੰਚ ਗਈ ਹੈ।
ਮੰਗਲਵਾਰ ਨੂੰ ਜਾਰੀ ਇਕ ਰਿਪੋਰਟ ਮੁਤਾਬਕ, ਆਈ. ਐਸ. ਦੀ ਫ੍ਰੈਂਚ ਭਾਸ਼ਾ ਦੀ ਮੈਗਜ਼ੀਨ 'ਦਾਰ ਅਲ ਇਸਲਾਮ' ਦੇ ਦੂਜੇ ਅੰਕ 'ਚ ਹਯਾਤ ਬੌਮਦੀਨ ਦਾ ਦੋ ਪੇਜਾਂ ਦਾ ਇੰਟਰਵਿਊ ਪ੍ਰਕਾਸ਼ਿਤ ਹੋਇਆ ਹੈ। ਇਸ ਇੰਟਰਵਿਊ ਨੂੰ ਬੁੱਧਵਾਰ ਨੂੰ ਆਈ. ਐਸ. ਹਮਾਇਤ ਵਾਲੇ ਟਵਿਟਰ ਖਾਤਿਆਂ 'ਤੇ ਪੇਸ਼ ਕੀਤਾ ਜਾ ਰਿਹਾ ਹੈ। ਅਜਿਹਾ ਮੰਨਿਆ ਗਿਆ ਹੈ ਕਿ 9 ਜਨਵਰੀ ਨੂੰ ਪੈਰਿਸ 'ਚ ਹੋਏ ਹਮਲੇ ਤੋਂ ਪਹਿਲਾਂ ਹਯਾਤ ਸੀਰੀਆ 'ਚ ਗਾਇਬ ਹੋ ਗਈ ਸੀ।
ਮੈਗਜ਼ੀਨ ਨੇ ਦਾਅਵਾ ਕੀਤਾ ਹੈ ਕਿ ਇਸ ਦੌਰਾਨ ਬੌਮਦੀਨ ਸੁਰੱਖਿਅਤ ਤਰੀਕੇ ਨਾਲ ਇਸਲਾਮਿਕ ਸਟੇਟ ਪਹੁੰਚ ਗਈ ਸੀ, ਪਰ ਇਸ ਦਾਅਵੇ ਦੀ ਪੁਸ਼ਟੀ ਲਈ ਮੈਗਜ਼ੀਨ ਨੇ ਕੋਈ ਤਸਵੀਰ ਜਾਂ ਹੋਰ ਸਬੂਤ ਮੁਹੱਈਆ ਨਹੀਂ ਕਰਵਾਏ ਹਨ। ਫਰਾਂਸ ਦੇ ਅੱਤਵਾਦ ਮਾਹਰ ਜੀਨ-ਚਾਲਸ ਬ੍ਰਿਸਰਡ ਨੇ ਇਕ ਚੈਨਲ ਨੂੰ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਇਹ ਮੈਗਜ਼ੀਨ ਆਈ. ਐਸ. ਦਾ ਅਧਿਕਾਰਤ ਪ੍ਰਕਾਸ਼ਨ ਹੈ ਅਤੇ ਅਜਿਹੇ ਸੰਕੇਤ ਹਨ ਕਿ ਬੌਮਦੀਨ ਉਸ ਸਮੇਂ ਇਸਲਾਮਿਕ ਸਟੇਟ ਪਹੁੰਚ ਗਈ ਹੈ।
26 ਸਾਲਾ ਬੌਮਦੀਨ ਨੇ ਇਸ ਇੰਟਰਵਿਊ 'ਚ ਦਾਅਵਾ ਕੀਤਾ ਕਿ ਉਸ ਨੂੰ ਆਈ. ਐਸ. ਦੇ ਇਲਾਕੇ ਤੱਕ ਪਹੁੰਚਣ 'ਚ ਕੋਈ ਪਰੇਸ਼ਾਨੀ ਨਹੀਂ ਹੋਈ। ਉਸ ਨੂੰ ਆਈ. ਐਸ. ਦੀ ਜ਼ਮੀਨ 'ਤੇ ਪਹੁੰਚ ਕੇ ਚੰਗਾ ਲੱਗਾ। ਹਾਲਾਂਕਿ ਉਸ ਨੇ ਪੈਰਿਸ ਹਮਲੇ 'ਚ ਆਪਣੀ ਭੂਮਿਕਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।
ਮੈਗਜ਼ੀਨ 'ਚ ਕਾਲੀਬਲੀ ਦੀ ਪ੍ਰਸ਼ੰਸਾ ਕੀਤੀ ਗਈ ਹੈ ਅਤੇ ਪੈਗੰਬਰ ਮੁਹੰਮਦ ਦੇ ਅਪਮਾਨ ਲਈ ਅਜਿਹੇ ਹੋਰ ਜ਼ਿਆਦਾ ਹਮਲੇ ਕਰਨ ਦੀ ਅਪੀਲ ਕੀਤੀ ਗਈ ਹੈ। ਕਾਲੀਬਲੀ ਨੇ ਇਕ ਵੀਡੀਓ 'ਚ ਆਈ. ਐਸ. ਸਰਗਨਾ ਅਬੁ ਬਕਰ ਅਲ-ਬਗਦਾਦੀ ਪ੍ਰਤੀ ਆਪਣੀ ਵਫਾਦਾਰੀ ਜ਼ਾਹਿਰ ਕੀਤੀ ਹੈ। ਇਸ ਵੀਡੀਓ ਨੂੰ ਉਸ ਨੇ ਕੌਸ਼ਰ ਕਰਿਆਨੇ ਦੀ ਦੁਕਾਨ 'ਤੇ ਹਮਲਾ ਕਰਨ ਤੋਂ ਪਹਿਲਾਂ ਈ-ਮੇਲ ਰਾਹੀਂ ਭੇਜਿਆ ਸੀ। ਇਸ ਹਮਲੇ 'ਚ ਚਾਰ ਵਿਅਕਤੀ ਮਾਰੇ ਗਏ ਸਨ। ਇਕ ਹੋਰ ਵੀਡੀਓ 'ਚ ਕਾਲੀਬਲੀ ਅਤੇ ਬੌਮਦੀਨ ਪੈਰਿਸ 'ਚ ਇਕ ਯਹੂਦੀ ਸੰਸਥਾਨ ਬਾਹਰ ਖੜੇ ਸਨ। ਸੂਤਰਾਂ ਮੁਤਾਬਕ ਇਸ ਵੀਡੀਓ ਨਾਲ ਇਹ ਸਪੱਸ਼ਟ ਸੀ ਕਿ ਪੈਰਿਸ 'ਚ ਕੌਸ਼ਰ ਸੁਪਰਮਾਰਕੀਟ 'ਤੇ ਹਮਲੇ ਤੋਂ ਪਹਿਲਾਂ ਇਹ ਜੋੜਾ ਕਈ ਮਹੀਨਿਆਂ ਤੋਂ ਸੰਭਾਵਿਤ ਟੀਚਿਆਂ ਦਾ ਦੌਰਾ ਕਰ ਰਿਹਾ ਸੀ। ਜ਼ਿਕਰਯੋਗ ਹੈ ਕਿ ਕੌਸ਼ਰ ਸੁਪਰਮਾਰਕੀਟ 'ਚ ਫੌਜੀ ਕਾਰਵਾਈ ਦੌਰਾਨ ਕਾਲੀਬਲੀ ਮਾਰਿਆ ਗਿਆ ਸੀ।
ਪੇਸ਼ਾਵਰ ਵਿਚ ਫਿਰ ਜ਼ਬਰਦਸਤ ਧਮਾਕੇ, 2 ਦੀ ਮੌਤ, 20 ਜ਼ਖਮੀ
NEXT STORY