ਉਹ ਵਿਅਕਤੀ ਜੋ ਸਿਹਤਮੰਦ, ਤਾਜ਼ਾ ਤੇ ਨੌਜਵਾਨ ਮਹਿਸੂਸ ਕਰਦਾ ਹੈ, ਉਹੀ ਸਮਝ ਸਕੇਗਾ ਕਿ ਸੰਤੁਸ਼ਟੀ ਕੀ ਹੈ, ਨਹੀਂ ਤਾਂ ਤੁਸੀਂ ਕਦੇ ਨਹੀਂ ਸਮਝ ਸਕੋਗੇ ਕਿ ਸੰਤੁਸ਼ਟੀ ਕੀ ਹੁੰਦੀ ਹੈ। ਇਹ ਸਿਰਫ ਇਕ ਸ਼ਬਦ ਬਣਿਆ ਰਹੇਗਾ।
ਸੰਤੁਸ਼ਟੀ ਤੋਂ ਭਾਵ ਹੈ ਜੋ ਕੁਝ ਹੈ, ਸੁੰਦਰ ਹੈ। ਇਹ ਅਹਿਸਾਸ ਕਿ ਜੋ ਕੁਝ ਵੀ ਹੈ, ਸ੍ਰੇਸ਼ਠ ਹੈ। ਇਸ ਤੋਂ ਬਿਹਤਰ ਸੰਭਵ ਨਹੀਂ। ਇਕ ਡੂੰਘੀ ਮਨਜ਼ੂਰੀ ਦਾ ਅਹਿਸਾਸ ਹੈ ਸੰਤੁਸ਼ਟੀ।
ਆਮ ਤੌਰ 'ਤੇ ਮਨ ਕਹਿੰਦਾ ਹੈ—ਕੁਝ ਵੀ ਠੀਕ ਨਹੀਂ ਹੈ। ਮਨ ਲੱਭਦਾ ਹੀ ਰਹਿੰਦਾ ਹੈ। ਸ਼ਿਕਾਇਤਾਂ ਰਹਿੰਦੀਆਂ ਹਨ ਕਿ ਇਹ ਗਲਤ ਹੈ, ਉਹ ਗਲਤ ਹੈ। ਮਨ ਇਨਕਾਰ ਕਰਦਾ ਹੈ। ਉਹ ਨਾ ਕਹਿਣ ਵਾਲਾ ਹੁੰਦਾ ਹੈ। ਉਹ 'ਨਹੀਂ' ਆਸਾਨੀ ਨਾਲ ਕਹਿ ਦਿੰਦਾ ਹੈ। ਮਨ ਲਈ 'ਹਾਂ' ਕਹਿਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਜਦੋਂ ਤੁਸੀਂ 'ਹਾਂ' ਕਹਿੰਦੇ ਹੋ ਤਾਂ ਮਨ ਠਹਿਰ ਜਾਂਦਾ ਹੈ। ਉਸ ਵੇਲੇ ਮਨ ਨੂੰ ਕੋਈ ਲੋੜ ਨਹੀਂ ਹੁੰਦੀ।
ਕੀ ਤੁਸੀਂ ਕਦੇ ਇਸ ਗੱਲ ਵੱਲ ਧਿਆਨ ਦਿੱਤਾ ਹੈ ਕਿ ਜਦੋਂ ਤੁਸੀਂ 'ਨਹੀਂ' ਕਹਿੰਦੇ ਹੋ ਤਾਂ ਮਨ ਅੱਗੇ ਹੋਰ ਅੱਗੇ ਸੋਚ ਸਕਦਾ ਹੈ ਕਿਉਂਕਿ 'ਨਹੀਂ' 'ਤੇ ਅੰਤ ਨਹੀਂ ਹੁੰਦਾ। 'ਨਹੀਂ' ਦੇ ਅੱਗੇ ਕੋਈ ਫੁਲ ਸਟਾਪ ਨਹੀਂ, ਉਹ ਤਾਂ ਇਕ ਸ਼ੁਰੂਆਤ ਹੈ। 'ਨਹੀਂ' ਇਕ ਸ਼ੁਰੂਆਤ ਹੈ ਅਤੇ 'ਹਾਂ' ਅੰਤ ਹੈ।
ਜਦੋਂ ਤੁਸੀਂ 'ਹਾਂ' ਕਹਿੰਦੇ ਹੋ ਤਾਂ ਇਕ ਫੁਲ ਸਟਾਪ ਲੱਗ ਜਾਂਦਾ ਹੈ। ਹੁਣ ਮਨ ਕੋਲ ਸੋਚਣ ਲਈ ਕੁਝ ਨਹੀਂ ਰਹਿੰਦਾ। ਖਿਝਣ ਲਈ, ਸ਼ਿਕਾਇਤ ਕਰਨ ਲਈ ਕੁਝ ਨਹੀਂ ਰਹਿੰਦਾ। ਜਦੋਂ ਤੁਸੀਂ 'ਹਾਂ' ਕਹਿੰਦੇ ਹੋ ਤਾਂ ਮਨ ਠਹਿਰ ਜਾਂਦਾ ਹੈ ਅਤੇ ਮਨ ਦਾ ਇਹ ਠਹਿਰਨਾ ਹੀ ਸੰਤੁਸ਼ਟੀ ਹੈ।
ਸੰਤੁਸ਼ਟੀ ਕੋਈ ਦਿਲਾਸਾ ਨਹੀਂ, ਇਹ ਯਾਦ ਰੱਖੋ। ਅਸੀਂ ਬਹੁਤ ਸਾਰੇ ਲੋਕ ਦੇਖਦੇ ਹਾਂ ਜੋ ਸੋਚਦੇ ਹਨ ਕਿ ਉਹ ਸੰਤੁਸ਼ਟ ਹਨ ਕਿਉਂਕਿ ਉਹ ਤਸੱਲੀ ਦੇ ਰਹੇ ਹਨ ਖੁਦ ਨੂੰ। ਅਸਲ ਵਿਚ ਦਿਲਾਸਾ ਖੋਟਾ ਸਿੱਕਾ ਹੈ। ਜਦੋਂ ਤੁਸੀਂ ਖੁਦ ਨੂੰ ਦਿਲਾਸਾ ਦਿੰਦੇ ਹੋ ਤਾਂ ਸੰਤੁਸ਼ਟ ਨਹੀਂ ਹੁੰਦੇ।