ਪੰਜਾਬ ਦੀ ਪਵਿੱਤਰ ਧਰਤੀ 'ਤੇ ਕਈ ਮਹਾਪੁਰਸ਼ਾਂ ਨੇ ਜਨਮ ਲਿਆ, ਇਨ੍ਹਾਂ 'ਚੋਂ ਇਕ ਮਹਾਪੁਰਸ਼ ਸਨ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਕਾਦਿਆਨੀ। ਆਪ ਜੀ ਦਾ ਜਨਮ ਕਾਦੀਆਂ (ਜ਼ਿਲਾ ਗੁਰਦਾਸਪੁਰ) ਵਿਖੇ 13 ਫਰਵਰੀ 1835 ਈਸਵੀ ਨੂੰ ਪਿਤਾ ਹਜ਼ਰਤ ਮਿਰਜ਼ਾ ਗੁਲਾਮ ਮੁਰਤਜ਼ਾ ਅਤੇ ਮਾਤਾ ਚਿਰਾਗ ਬੀਬੀ ਦੇ ਘਰ ਹੋਇਆ।
ਆਪ ਜੀ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਆਪ ਜੀ ਨੂੰ ਰੱਬ ਵਲੋਂ ਭੇਜਿਆ ਗਿਆ ਹੈ ਅਤੇ ਰੱਬ ਨੇ ਆਪ ਜੀ ਨੂੰ ਇਸਲਾਮ ਧਰਮ 'ਚ ਫੈਲੀਆਂ ਧਾਰਮਿਕ ਕੁਰੀਤੀਆਂ ਨੂੰ ਖਤਮ ਕਰਨ ਲਈ ਇਮਾਮ ਮਹਿਦੀ ਬਣਾ ਕੇ ਭੇਜਿਆ ਹੈ। ਆਪ ਜੀ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਪੈਰੋਕਾਰ ਸਨ ਅਤੇ ਰੱਬ ਦੀਆਂ ਸਿੱਖਿਆਵਾਂ ਅਨੁਸਾਰ ਭਟਕੇ ਹੋਏ ਲੋਕਾਂ ਨੂੰ ਸਹੀ ਰਾਹ 'ਤੇ ਲਿਆਉਣ ਲਈ ਭੇਜੇ ਗਏ ਹਨ। ਇਸ ਦਾਅਵੇ ਦੀ ਘੋਸ਼ਣਾ ਤੋਂ ਕੁਝ ਲੋਕਾਂ ਨੇ ਆਪ ਜੀ ਦੀਆਂ ਸਿੱਖਿਆਵਾਂ ਨੂੰ ਸਵੀਕਾਰ ਕਰ ਲਿਆ ਪਰ ਕੁਝ ਲੋਕਾਂ ਨੇ ਆਪ ਜੀ ਦੀ ਸੱਚਾਈ 'ਤੇ ਸ਼ੱਕ ਕਰਦਿਆਂ ਕੋਈ ਜ਼ਿੰਦਾ ਸਬੂਤ ਲਿਆਉਣ ਲਈ ਕਿਹਾ, ਜਿਸ 'ਤੇ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਨੇ ਰੱਬ ਦੇ ਹਜ਼ੂਰ ਦੁਆ ਕੀਤੀ ਅਤੇ ਅੱਲ੍ਹਾ ਨੇ ਆਪ ਜੀ ਨੂੰ ਹੁਸ਼ਿਆਰਪੁਰ 'ਚ ਚਿੱਲਾ (40 ਦਿਨਾਂ ਦੀ ਭਗਤੀ) ਕਰਨ ਲਈ ਕਿਹਾ।
ਇਸ ਚਿੱਲੇ ਤੋਂ ਬਾਅਦ ਅੱਲ੍ਹਾ ਨੇ ਆਪ ਜੀ ਨੂੰ ਜਿਊਂਦਾ ਨਿਸ਼ਾਨ ਦਿੱਤਾ, ਜਿਸ ਦੀ ਘੋਸ਼ਣਾ ਆਪ ਜੀ ਨੇ 20 ਫਰਵਰੀ 1886 'ਚ ਇਕ ਹਰੇ ਰੰਗ ਦੇ ਇਸ਼ਤਿਹਾਰ ਰਾਹੀਂ ਕੀਤੀ, ਜਿਸ 'ਚ ਇਹ ਦੱਸਿਆ ਗਿਆ ਕਿ 9 ਸਾਲਾਂ ਦੇ ਅੰਦਰ ਤੇਰੇ ਘਰ ਇਕ ਲੜਕਾ ਪੈਦਾ ਹੋਵੇਗਾ, ਜੋ ਬਹੁਤ ਸਾਰੀਆਂ ਵਿਲੱਖਣਤਾਵਾਂ ਦਾ ਧਨੀ ਹੋਵੇਗਾ। ਇਸ ਭਵਿੱਖਬਾਣੀ ਅਨੁਸਾਰ ਆਪ ਜੀ ਦੇ ਘਰ 12 ਜਨਵਰੀ 1889 ਨੂੰ ਇਕ ਬੇਟਾ ਪੈਦਾ ਹੋਇਆ, ਜਿਸ ਦਾ ਨਾਂ ਹਜ਼ਰਤ ਮਿਰਜ਼ਾ ਬਸ਼ੀਰੂਦੀਨ ਮਹਿਮੂਦ ਅਹਿਮਦ ਰੱਖਿਆ ਗਿਆ।
ਇਹ ਬੱਚਾ ਅਸਾਧਾਰਨ ਯੋਗਤਾ ਦਾ ਧਨੀ ਅਤੇ ਬਾਅਦ 'ਚ ਜਮਾਤ ਅਹਿਮਦੀਆ ਦੇ ਦੂਸਰੇ ਖਲੀਫਾ (ਉੱਤਰਾਧਿਕਾਰੀ) ਚੁਣੇ ਗਏ। ਮਿਰਜ਼ਾ ਬਸ਼ੀਰੂਦੀਨ ਮਹਿਮੂਦ ਅਹਿਮਦ ਦੇ 72 ਸਾਲਾਂ ਦੇ ਜੀਵਨ 'ਚ ਜਮਾਤ ਅਹਿਮਦੀਆ ਨੇ ਬਹੁਤ ਤਰੱਕੀ ਕੀਤੀ ਅਤੇ ਕਾਦੀਆਂ ਤੋਂ ਨਿਕਲ ਕੇ ਇਹ ਜਮਾਤ ਸਮੂਹ ਵਿਸ਼ਵ 'ਚ ਫੈਲ ਗਈ। ਆਪ ਜੀ ਨੇ ਮੁਸਲਮਾਨਾਂ ਦੇ ਤਲਵਾਰ ਦੇ ਜੇਹਾਦ ਦਾ ਖੰਡਨ ਕੀਤਾ ਅਤੇ ਕਈ ਪੁਸਤਕਾਂ ਲਿਖ ਕੇ ਇਸਲਾਮ ਦੀਆਂ ਮੂਲ ਸਿੱਖਿਆਵਾਂ ਨੂੰ ਸਹੀ ਢੰਗ ਨਾਲ ਪਰਿਭਾਸ਼ਿਤ ਕੀਤਾ। 20 ਫਰਵਰੀ ਦਾ ਦਿਹਾੜਾ ਸਮੂਹ ਵਿਸ਼ਵ 'ਚ ਜਮਾਤ ਅਹਿਮਦੀਆ ਵਲੋਂ ਮੁਸਲੇਹ ਮੌਊਦ ਡੇ ਵਜੋਂ ਮਨਾਇਆ ਜਾਂਦਾ ਹੈ। ਹੁਸ਼ਿਆਰਪੁਰ ਦੀ ਪੁਰਾਣੀ ਕਣਕ ਮੰਡੀ 'ਚ ਸਥਿਤ ਇਸ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਲਈ ਦੇਸ਼-ਵਿਦੇਸ਼ ਤੋਂ ਅਹਿਮਦੀਆ ਸ਼ਰਧਾਲੂ ਆਪਣੀ ਮਨੋਕਾਮਨਾ ਪੂਰੀ ਕਰਨ ਲਈ ਇਸ ਸਥਾਨ 'ਤੇ ਭਗਤੀ ਕਰਨ ਲਈ ਆਉਂਦੇ ਹਨ ਤੇ ਮੁਰਾਦਾਂ ਨਾਲ ਝੋਲੀਆਂ ਭਰ ਕੇ ਮੁੜਦੇ ਹਨ।
ਲੁਕਮਾਨ
ਸ਼੍ਰੀ ਜਟੇਸ਼ਵਰ ਮਹਾਦੇਵ ਮੰਦਰ (ਦੇਖੋ ਤਸਵੀਰਾਂ)
NEXT STORY