ਫ਼ਰੀਦਕੋਟ (ਹਾਲੀ, ਰਾਜਨ)- ਗੈਂਗਸਟਰ ਸੁੱਖਾ ਕਾਹਲਾਵਾਂ ਦੇ ਕਾਤਲਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਵਿਦੇਸ਼ੀ ਹਥਿਆਰਾਂ ਦੇ ਦੋ ਅੰਤਰਰਾਜੀ ਸਮੱਗਲਰ ਅਤੇ ਗੈਂਗਸਟਰ ਫ਼ਰੀਦਕੋਟ ਪੁਲਸ ਨੇ ਇਕ ਪੁਲਸ ਮੁਕਾਬਲੇ ਉੁਪਰੰਤ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਫੜੇ ਗਏ ਇਨ੍ਹਾਂ ਗੈਂਗਸਟਰਾਂ ਤੋਂ ਤਿੰਨ ਕਰੋੜ ਦੀ ਕੀਮਤ ਦੇ ਵਿਦੇਸ਼ੀ ਹਥਿਆਰ ਅਤੇ 30 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ।
ਇਹ ਜਾਣਕਾਰੀ ਬਠਿੰਡਾ ਜ਼ੋਨ ਦੇ ਆਈ .ਜੀ. ਪਰਮਰਾਜ ਸਿੰਘ ਉਮਰਾਨੰਗਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਆਈ. ਜੀ. ਉਮਰਾਨੰਗਲ ਨੇ ਦੱਸਿਆ ਕਿ ਫ਼ਰੀਦਕੋਟ ਪੁਲਸ ਦੇ ਐੱਸ. ਪੀ. ਬਿਕਰਮਜੀਤ ਸਿੰਘ ਅਤੇ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਲਖਵੀਰ ਸਿੰਘ ਨੇ ਨਾਕੇਬੰਦੀ ਦੌਰਾਨ 2 ਤੇਜ਼ ਰਫ਼ਤਾਰ ਗੱਡੀਆਂ ਵਰਨਾ ਅਤੇ ਥਾਰ ਆਉਂਦੀਆਂ ਦਿਖਾਈ ਦਿੱਤੀਆਂ, ਜਿਨ੍ਹਾਂ ਨੂੰ ਰੋਕਣ 'ਤੇ ਗੱਡੀ 'ਚ ਸਵਾਰ ਵਿਅਕਤੀਆਂ ਨੇ ਪੁਲਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਫਾਇਰਿੰਗ ਉੁਪਰੰਤ ਪੁਲਸ ਨੇ 2 ਵਿਅਕਤੀਆਂ, ਜਿਨ੍ਹਾਂ 'ਚ ਅੰਤਰਰਾਜੀ ਗੈਂਗਸਟਰ ਰਣਜੀਤ ਸਿੰਘ ਡੁਪਲਾ ਵਾਸੀ ਬਡਬਰ ਜ਼ਿਲਾ ਸੰਗਰੂਰ ਅਤੇ ਗੁਰਚਰਨ ਸਿੰਘ ਰਿੰਕਾ ਵਾਸੀ ਫ਼ਰੀਦਕੋਟ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਸੇਖੋਂ ਕਾਹਲਾਵਾਂ ਕਤਲ ਕੇਸ 'ਚ ਲੋੜੀਂਦਾ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਅਤੇ ਦੋ ਹੋਰ ਹਨ੍ਹੇਰੇ ਦਾ ਫਾਇਦਾ ਉਠਾਉਂਦੇ ਹੋਏ ਫ਼ਰਾਰ ਹੋਣ 'ਚ ਕਾਮਯਾਬ ਹੋ ਗਏ। ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਇਨ੍ਹਾਂ ਤੋਂ 3 ਕਰੋੜ ਦੀ ਕੀਮਤ ਦੇ 8 ਵਿਦੇਸ਼ੀ ਪਿਸਤੌਲ ਅਤੇ 3 ਵਿਦੇਸ਼ੀ ਬੰਦੂਕਾਂ ਅਤੇ 30 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ।
ਆਈ. ਜੀ. ਨੇ ਦੱਸਿਆ ਕਿ ਯੂ. ਪੀ. ਦੀ ਐੱਸ. ਟੀ. ਐੱਫ. ਨੇ ਵੀ ਕੁਝ ਸਮਾਂ ਪਹਿਲਾਂ ਇਸੇ ਹੀ ਗੈਂਗ ਦੇ ਕੁਝ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਸੀ, ਇਨ੍ਹਾਂ ਗੈਂਗਸਟਰਾਂ ਨੇ ਆਗਰਾ ਦੇ ਨਜ਼ਦੀਕ ਏਟਾ ਸ਼ਹਿਰ ਦੇ ਵਪਾਰੀ ਨੂੰ ਅਗਵਾ ਕਰਕੇ ਕੁੱਲ 1 ਕਰੋੜ 20 ਲੱਖ ਰੁਪਏ ਦੀ ਫਿਰੋਤੀ ਲਈ ਸੀ, ਜਿਸ 'ਚੋਂ ਇਨ੍ਹਾਂ ਗੈਂਗਸਟਰਾਂ ਦੇ ਹਿੱਸੇ 30 ਲੱਖ ਰੁਪਏ ਆਏ ਸਨ।
ਪਰਮਰਾਜ ਸਿੰਘ ਉਮਰਾਨੰਗਲ ਨੇ ਦੱਸਿਆ ਕਿ ਇਨ੍ਹਾਂ ਗੈਂਗਸਟਰਾਂ ਤੋਂ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਇਹ ਹਥਿਆਰ ਅਮਰੀਕਾ ਤੋਂ ਸਮੱਗਲ ਕਰਕੇ ਸਮੁੰਦਰ ਦੇ ਰਸਤੇ ਬਰਮਾ ਦੀ ਧਰਤੀ 'ਤੇ ਆਉਂਦੇ ਹਨ, ਜਿੱਥੇ ਕਿ ਭਾਰਤੀ ਲੋਕਾਂ ਨੂੰ 40 ਕਿਲੋਮੀਟਰ ਤੱਕ ਬਾਰਡਰ ਦੇ ਅੰਦਰ ਜਾਣ ਦੀ ਖੁੱਲ ਹੈ। ਯੂ. ਪੀ. ਦੇ ਬਦਨਾਮ ਸਮੱਗਲਰ ਉੱਥੋਂ ਇਹ ਹਥਿਆਰ ਖਰੀਦ ਕੇ ਅਮੀਰ ਤਬਕੇ ਦੇ ਲੋਕਾਂ ਨੂੰ ਉੱਚ ਕੀਮਤ 'ਤੇ ਵੇਚ ਦਿੰਦੇ ਹਨ। ਰਣਜੀਤ ਸਿੰਘ ਉਰਫ਼ ਡੁਪਲੇ ਦੇ ਵੀ ਯੂ. ਪੀ. ਦੇ ਸਮੱਲਗਰਾਂ ਨਾਲ ਲੰਬੇ ਸਮੇਂ ਤੋਂ ਬਹੁਤ ਹੀ ਨੇੜੇ ਦੇ ਸਬੰਧ ਹਨ ਅਤੇ ਇਹ ਪੰਜਾਬ, ਰਾਜਸਥਾਨ ਅਤੇ ਯੂ. ਪੀ. ਦੇ ਗੈਂਗਸਟਰਾਂ ਨੂੰ ਇਨ੍ਹਾਂ ਸਮੱਗਲਰਾਂ ਪਾਸੋਂ ਹਥਿਆਰ ਸਪਲਾਈ ਕਰਵਾਉਂਦਾ ਸੀ।
ਇਸ ਮੌਕੇ ਸੀਨੀਅਰ ਪੁਲਸ ਕਪਤਾਨ ਚਰਨਜੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਗੈਂਗਸਟਰਾਂ ਦਾ ਪੁਲਸ ਰਿਮਾਂਡ ਹਾਸਲ ਕਰਕੇ ਉਨ੍ਹਾਂ ਵਲੋਂ ਦੱਸੇ ਗਏ ਇਨ੍ਹਾਂ ਦੇ ਯੂ. ਪੀ. ਵਿਚਲੇ ਸਾਥੀਆਂ ਦੀ ਤਲਾਸ਼ ਅਤੇ ਗ੍ਰਿਫਤਾਰੀ ਲਈ ਬਾਹਰਲੇ ਰਾਜਾਂ 'ਚ ਪੁਲਸ ਪਾਰਟੀਆਂ ਭੇਜੀਆਂ ਗਈਆਂ ਹਨ ਅਤੇ ਯੂ.ਪੀ ਦੇ ਐਸ.ਟੀ.ਐਫ ਨਾਲ ਸੰਪਰਕ ਕਰਕੇ ਉੱਥੋਂ ਦੇ ਬਾਕੀ ਦੋਸ਼ੀਆਂ ਖਿਲਾਫ਼ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।
ਗਰੀਬੀ ਤੋਂ ਤੰਗ ਆ ਕੇ ਵਿਅਕਤੀ ਨੇ ਲਿਆ ਫਾਹਾ
NEXT STORY