ਫਰੀਦਕੋਟ, (ਹਾਲੀ)- ਪੰਜਾਬ ਦੇ ਬਾਕੀ ਜ਼ਿਲਿਆਂ ਵਿਚ ਜਿਸ ਤਰ੍ਹਾਂ ਅਕਾਲੀ ਆਗੂਆਂ ਵਲੋਂ ਕਾਂਗਰਸੀ ਉਮੀਦਵਾਰਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਉਸਦਾ ਸੇਕ ਹੁਣ ਫਰੀਦਕੋਟ ਜ਼ਿਲੇ ਵਿਚ ਵੀ ਪਹੁੰਚਣਾ ਸ਼ੁਰੂ ਹੋ ਗਿਆ ਹੈ। ਜ਼ਿਲੇ ਦੀਆਂ ਤਿੰਨ ਨਗਰ ਕੌਂਸਲਾਂ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰਾਂ ਨੇ ਜ਼ਿਲੇ ਦੇ ਸੀਨੀਅਰ ਪੁਲਸ ਕਪਤਾਨ, ਜ਼ਿਲੇ ਦੇ ਡਿਪਟੀ ਕਮਿਸ਼ਨਰ ਅਤੇ ਪੰਜਾਬ ਦੇ ਚੋਣ ਕਮਿਸ਼ਨਰ ਨੂੰ ਸ਼ਿਕਾਇਤਾਂ ਭੇਜ ਕੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਜ਼ਿਲੇ ਦੇ ਕੁਝ ਸੀਨੀਅਰ ਅਕਾਲੀ ਆਗੂ ਘਰਾਂ ਵਿਚ ਆ ਕੇ ਚੋਣਾਂ ਵਿਚੋਂ ਹਟ ਜਾਣ ਲਈ ਧਮਕਾ ਰਹੇ ਹਨ ਅਤੇ ਕੁਝ ਥਾਣੇਦਾਰ ਟੈਲੀਫੋਨਾਂ ਰਾਹੀਂ ਆਪਣੀ ਉਮੀਦਵਾਰੀ ਛੱਡਣ ਲਈ ਧਮਕੀਆਂ ਦੇ ਰਹੇ ਹਨ। ਇਹ ਜਾਣਕਾਰੀ ਅੱਜ ਇਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਜ਼ਿਲਾ ਪ੍ਰਧਾਨ ਜੋਗਿੰਦਰ ਸਿੰਘ ਵਿਧਾਇਕ ਨੇ ਸਾਂਝੇ ਰੂਪ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਕਾਂਗਰਸੀ ਆਗੂਆਂ ਨੇ ਦੱਸਿਆ ਕਿ ਉਹ ਸੀਨੀਅਰ ਆਗੂਆਂ ਸਮੇਤ 23 ਫਰਵਰੀ ਨੂੰ ਜ਼ਿਲੇ ਦੇ ਸੀਨੀਅਰ ਪੁਲਸ ਕਪਤਾਨ ਅਤੇ ਡਿਪਟੀ ਕਮਿਸ਼ਨਰ ਨੂੰ ਦਫਤਰਾਂ ਵਿਚ ਜਾ ਕੇ ਮਿਲਣਗੇ ਅਤੇ ਸ਼ਿਕਾਇਤਾਂ 'ਤੇ ਬਣਦੀ ਕਾਰਵਾਈ ਕਰਵਾਉਣ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਅਕਾਲੀ ਆਗੂਆਂ ਦੀ ਗੁੰਡਾਗਰਦੀ ਨਗਰ ਕੌਂਸਲ ਚੋਣਾਂ ਵਿਚ ਲਗਾਤਾਰ ਵੱਧ ਰਹੀ ਹੈ ਅਤੇ ਪਹਿਲਾਂ ਹੀ ਜੈਤੋ ਵਿਖੇ ਇਕ ਉਮੀਦਵਾਰ ਦੇ ਘਰ ਵਾਲੇ ਦੀਆਂ ਲੱਤਾਂ ਤੋੜ ਦਿੱਤੀਆਂ ਹਨ ਜਿਸ ਕਾਰਨ ਪੂਰਾ ਜੈਤੋ ਸੰਘਰਸ਼ ਕਰ ਰਿਹਾ ਹੈ ਪਰ ਪੁਲਸ ਅਤੇ ਜ਼ਿਲਾ ਪ੍ਰਸ਼ਾਸਨ ਇਸ ਸਬੰਧੀ ਕੋਈ ਕਾਰਵਾਈ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਇਸੇ ਕਰਕੇ ਹੀ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਕੁਸ਼ਲਦੀਪ ਸਿੰਘ ਢਿਲੋਂ ਅਤੇ ਜੋਗਿੰਦਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇ ਚੋਣਾਂ ਵਿਚ ਕਿਸੇ ਕਾਂਗਰਸੀ ਉਮੀਦਵਾਰ ਦਾ ਉਨ੍ਹਾਂ ਦੇ ਸਮਰਥਕ ਵਲੋਂ ਨੁਕਸਾਨ ਹੋਇਆ ਤਾਂ ਉਸ ਵਿਚ ਜ਼ਿਲਾ ਪ੍ਰਸ਼ਾਸਨ ਸਿੱਧੇ ਰੂਪ ਵਿਚ ਜ਼ਿੰਮੇਦਾਰ ਸਮਝਿਆ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਜੇ ਤੁਰੰਤ ਪ੍ਰਸ਼ਾਸਨ ਨੇ ਕਾਂਗਰਸੀ ਉਮੀਦਵਾਰਾਂ ਦੀ ਸੁਰੱਖਿਆ ਅਤੇ ਧਮਕੀਆਂ ਦੇਣ ਵਾਲਿਆਂ ਖਿਲਾਫ ਕੋਈ ਕਾਰਵਾਈ ਤਾਂ ਕੀਤੀ ਤਾਂ ਉਹ ਚੁੱਪ ਨਹੀਂ ਬੈਠਣਗੇ ਅਤੇ ਜ਼ਿਲਾ ਪ੍ਰਸ਼ਾਸਨ ਦਾ ਵੱਡੇ ਪੱਧਰ 'ਤੇ ਸੰਘਰਸ਼ ਕਰਨਗੇ। ਇਸ ਸਮੇਂ ਜ਼ਿਲੇ ਦੇ ਵੱਖ-ਵੱਖ ਵਾਰਡਾਂ ਤੋਂ ਆਏ ਕਾਂਗਰਸੀ ਉਮੀਦਵਾਰਾਂ ਤੋਂ ਇਲਾਵਾ ਚਮਕੌਰ ਸਿੰਘ ਸੇਖੋਂ, ਰਣਜੀਤ ਸਿੰਘ ਭੋਲੂਵਾਲਾ, ਜੈਸਨਪ੍ਰੀਤ ਸਿੰਘ ਢਿਲੋਂ, ਗੁਰਦੀਪ ਸਿੰਘ ਬਰਾੜ, ਵਿੱਕੀ ਭਲੂਰੀਆ, ਡਾ. ਜਗੀਰ ਸਿੰਘ, ਡਾ. ਰੇਸ਼ਮ ਸਿੰਘ ਅਤੇ ਭੋਲੀ ਪ੍ਰਧਾਨ ਵੀ ਹਾਜ਼ਰ ਸਨ। ਇਸ ਸਬੰਧੀ ਜਦੋਂ ਜ਼ਿਲੇ ਦੇ ਸੀਨੀਅਰ ਪੁਲਸ ਕਪਤਾਨ ਚਰਨਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜ਼ਿਲਾ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਅਮਨ-ਅਮਾਨ ਨਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਅਜੇ ਤਕ ਕਿਸੇ ਵੀ ਉਮੀਦਵਾਰ ਦੀ ਸ਼ਿਕਾਇਤ ਉਨ੍ਹਾਂ ਨੂੰ ਧਮਕੀਆਂ ਸਬੰਧੀ ਪ੍ਰਾਪਤ ਨਹੀਂ ਹੋਈ, ਥਾਣਾ ਪੱਧਰ 'ਤੇ ਕਿਸੇ ਨੇ ਸ਼ਿਕਾਇਤ ਕੀਤੀ ਹੋਵੇ ਤਾਂ ਉਸ 'ਤੇ ਸਬੰਧਤ ਬਣਦੀ ਕਾਰਵਾਈ ਕਰ ਦੇਵਾਂਗਾ।
ਨਹਿਰ 'ਚ ਡਿੱਗੀ ਬਲੈਰੋ ; 2 ਮੌਤਾਂ
NEXT STORY