ਜਲੰਧਰ (ਧਵਨ) — ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਜ਼ਮੀਨ ਹਾਸਿਲ ਕਰਨ ਬਾਰੇ ਕਾਨੂੰਨ ਵਿਚ ਕਿਸਾਨ-ਹਿਤੈਸ਼ੀ ਪ੍ਰਸਤਾਵਾਂ ਨੂੰ ਮੋਦੀ ਸਰਕਾਰ ਵਲੋਂ ਹਟਾਉਣ ਦੇ ਮਾਮਲੇ 'ਤੇ ਧਾਰੀ ਗਈ ਖਾਮੋਸ਼ੀ ਸਬੰਧੀ ਉਨ੍ਹਾਂ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਕਾਂਗਰਸ ਲੋਕ ਸਭਾ ਵਿਚ ਸਰਕਾਰ ਨੂੰ ਇੰਝ ਨਹੀਂ ਕਰਨ ਦੇਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿਤੈਸ਼ੀ ਕਹਾਉਣ ਵਾਲੇ ਬਾਦਲ ਦੀ ਖਾਮੋਸ਼ੀ ਸਮਝ ਤੋਂ ਬਾਹਰ ਦੀ ਗੱਲ ਹੈ।
ਕੈਪਟਨ ਨੇ ਕਿਹਾ ਕਿ ਕੇਂਦਰ ਦੀ ਰਾਜਗ ਸਰਕਾਰ ਦਾ ਅਕਾਲੀ ਦਲ ਇਕ ਹਿੱਸਾ ਹੈ ਅਤੇ ਸਾਬਕਾ ਯੂ. ਪੀ. ਏ. ਸਰਕਾਰ ਨੇ ਜ਼ਮੀਨ ਹਾਸਿਲ ਕਰਨ ਬਾਰੇ ਕਾਨੂੰਨ ਬਣਾ ਕੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਸੀ। ਕਿਸਾਨਾਂ ਦੀ ਇੱਛਾ ਤੋਂ ਬਿਨਾਂ ਜ਼ਮੀਨ ਦੀ ਵਸੂਲੀ ਨਹੀਂ ਹੋ ਸਕਦੀ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਤਾਂ ਸੰਸਦ ਸਮਾਗਮ ਦੀ ਉਡੀਕ ਵੀ ਨਹੀਂ ਕੀਤੀ ਅਤੇ ਕਾਨੂੰਨ ਵਿਚ ਸੋਧ ਲਈ ਆਰਡੀਨੈਂਸ ਜਾਰੀ ਕਰ ਦਿੱਤਾ। ਮੋਦੀ ਸਰਕਾਰ ਨੂੰ ਇਸ ਸਬੰਧੀ ਕਾਨੂੰਨ ਵਿਚ ਸੋਧ ਕਰਨ ਦੀ ਇੰਨੀ ਕਾਹਲ ਕਿਉਂ ਸੀ। ਨਵਾਂ ਸੋਧਿਆ ਹੋਇਆ ਕਾਨੂੰਨ ਕਿਸਾਨਾਂ ਦੇ ਹਿੱਤਾਂ ਦੇ ਵਿਰੁੱਧ ਹੈ। ਇਹ ਸੰਸਦ ਵਿਚ ਪਾਸ ਨਹੀਂ ਹੋ ਸਕੇਗਾ, ਕਿਉਂਕਿ ਇਸ ਨੂੰ ਰਾਜ ਸਭਾ ਵਿਚ ਪਾਸ ਕਰਨ ਲਈ ਰਾਜਗ ਕੋਲ ਬਹੁਮਤ ਨਹੀਂ ਹੈ।
ਅਸੀਂ ਵੀ ਚਾਹੁੰਦੇ ਹਾਂ ਕਿ ਦੇਸ਼ ਵਿਚ ਸਨਅਤੀ ਵਿਕਾਸ ਹੋਵੇ ਪਰ ਇਸ ਲਈ ਕਿਸਾਨਾਂ ਦੇ ਹਿੱਤਾਂ ਨੂੰ ਦਾਅ 'ਤੇ ਨਹੀਂ ਲਗਾਇਆ ਜਾਣਾ ਚਾਹੀਦਾ। ਕਾਂਗਰਸ ਪੰਜਾਬ ਵਿਚ ਬਾਦਲ ਦੀ ਖਾਮੋਸ਼ੀ ਅਤੇ ਉਨ੍ਹਾਂ ਦੀ ਮੋਦੀ ਸਰਕਾਰ ਨਾਲ ਗੰਢ-ਸੰਢ ਨੂੰ ਕਿਸਾਨਾਂ ਕੋਲ ਬੇਨਕਾਬ ਕਰੇਗੀ।
ਵਾਹ ਜੀ ਵਾਹ! ਮੋਮਬੱਤੀਆਂ ਦੀ ਰੋਸ਼ਨੀ 'ਚ ਪੈ ਰਹੀਆਂ ਵੋਟਾਂ (ਵੀਡੀਓ)
NEXT STORY