ਕਾਠਗੜ੍ਹ, (ਭੂੰਬਲਾ, ਭਾਟੀਆ)- ਨਜ਼ਦੀਕੀ ਪਿੰਡ ਚਾਹਲ ਜੱਟਾਂ ਵਿਖੇ ਪਤੀ ਵਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਗੁਰਬਖਸ਼ ਕੌਰ ਉਰਫ ਰਾਣੋ ਉਮਰ 35 ਸਾਲ ਪਤਨੀ ਸੰਤੋਖ ਸਿੰਘ ਉਰਫ ਕਾਕਾ ਜੋ ਕਿ ਆਪਣੇ ਖੇਤਾ ਤੋਂ ਕੰਮਕਾਰ ਕਰਕੇ 10:00 ਵਜੇ ਦੇ ਕਰੀਬ ਘਰ ਆਈ ਸੀ, ਉਸ ਦਾ ਪਤੀ ਕੰਧ ਟੱਪ ਕੇ ਅੰਦਰ ਆਇਆ, ਆਪਣੀ ਪਤਨੀ ਦਾ ਕਤਲ ਕੀਤਾ ਅਤੇ ਲਾਸ਼ ਨੂੰ ਵਿਹੜੇ 'ਚ ਦੱਬ ਦਿੱਤਾ। ਮੌਕੇ 'ਤੇ ਇਕੱਤਰ ਹੋਏ ਪਿੰਡ ਵਾਲਿਆਂ, ਗੁਆਂਢੀਆਂ ਨੇ ਦੱਸਿਆ ਕਿ ਸੰਤੋਖ ਸਿੰਘ ਪਿਛਲੇ ਸਮੇਂ 'ਚ ਆਪਣੀ ਪਤਨੀ ਨਾਲ ਹੀ ਲੜਾਈ-ਝਗੜੇ ਦੇ ਕੇਸ 'ਚ 1 ਸਾਲ ਦੀ ਜੇਲ ਕੱਟ ਕੇ ਆਇਆ ਸੀ, ਜੋ ਕਿ ਆਪਣੇ ਘਰ ਰਹਿਣ ਦੀ ਬਜਾਏ ਕਿਸੇ ਰਿਸ਼ਤੇਦਾਰ ਦੇ ਘਰ ਰਹਿੰਦਾ ਸੀ। ਸੰਤੋਖ ਸਿੰਘ ਦੇ ਘਰ ਵੜਨ ਉਪਰੰਤ ਗੁਆਂਢੀਆਂ ਨੇ ਨਾਲੀ 'ਚ ਖੂਨ ਵਹਿੰਦਾ ਦੇਖਿਆ ਤਾਂ ਲੋਕਾਂ ਨੇ ਪਿੰਡ ਦੇ ਨੰਬਰਦਾਰ ਫਤਿਹ ਸਿੰਘ ਅਤੇ ਸਾਬਕਾ ਸਰਪੰਚ ਤਾਰਾ ਸਿੰਘ ਨੂੰ ਸੂਚਨਾ ਦਿੱਤੀ। ਮ੍ਰਿਤਕ ਦੇ ਘਰ ਪਹੁੰਚੇ ਨੰਬਰਦਾਰ ਅਤੇ ਸਾਬਕਾ ਸਰਪੰਚ ਨੇ ਸੰਤੋਖ ਸਿੰਘ ਤੋਂ ਉਸ ਦੀ ਪਤਨੀ ਬਾਰੇ ਪੁੱਛਿਆ ਤਾਂ ਉਸ ਨੇ ਜਵਾਬ ਦਿੱਤਾ ਕਿ ਉਹ ਬਾਹਰ ਕੰਮ ਗਈ ਹੈ। ਜਿਸ 'ਤੇ ਉਨ੍ਹਾਂ ਨੂੰ ਵਿਹੜੇ 'ਚ ਤਾਜ਼ੀ ਮਿੱਟੀ ਪੁੱਟੀ ਹੋਣ ਕਾਰਨ ਸ਼ੱਕ ਹੋਇਆ ਤੇ ਸੰਤੋਖ ਤੋਂ ਪੁੱਛਣ ਲੱਗੇ ਪਰ ਉਹ ਹੋਰ ਜਵਾਬ ਦੇਣ ਦੀ ਬਜਾਏ ਸਕੂਟਰੀ ਚੁੱਕ ਕੇ ਦੌੜ ਗਿਆ ਜਦਕਿ ਉਨ੍ਹਾਂ ਦੇ ਦੋਵੇਂ ਬੱਚੇ (ਲੜਕਾ ਅਤੇ ਲੜਕੀ) ਸਕੂਲ ਗਏ ਹੋਏ ਸਨ। ਇਸ ਸਬੰਧੀ ਥਾਣਾ ਕਾਠਗੜ੍ਹ ਦੇ ਐੱਸ. ਐੱਚ. ਓ. ਨੂੰ ਸੂਚਨਾ ਦਿੱਤੀ ਗਈ। ਮੌਕੇ 'ਤੇ ਡੀ. ਐੱਸ. ਪੀ. ਬਲਾਚੌਰ ਦਿਗਵਿਜੇ ਕਪਿਲ, ਐੱਸ. ਐੱਚ. ਓ. ਕਾਠਗੜ੍ਹ ਅਵਤਾਰ ਸਿੰਘ, ਐੱਸ. ਡੀ. ਐੱਮ. ਜਗਜੀਤ ਸਿੰਘ, ਸੁਨੀਲ ਪਾਠਕ ਐੱਸ. ਐੱਮ. ਓ. ਬਲਾਚੌਰ ਮੌਕੇ 'ਤੇ ਪਿੰਡ ਚਾਹਲ ਜੱਟਾਂ ਪਹੁੰਚੇ ਅਤੇ ਘਰ 'ਚ ਖੱਡਾ ਪੁੱਟ ਕੇ ਦੱਬੀ ਹੋਈ ਗੁਰਬਖਸ਼ ਕੌਰ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਲਾਚੌਰ ਭੇਜਿਆ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਇਸ ਸਬੰਧੀ ਅਗਲੇਰੀ ਕਾਰਵਾਈ ਕਰ ਰਹੀ ਹੈ।
ਪੜ੍ਹਨ ਲਈ ਕਹਿਣ 'ਤੇ ਬੱਚੇ ਨੇ ਲਿਆ ਫਾਹਾ
NEXT STORY