ਮਖ,(ਵਾਹੀ)— ਬੀਤੇ ਦਿਨੀਂ ਪੰਜਾਬ ਅਤੇ ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ 'ਚ ਹੋਈ ਭਾਰੀ ਬਾਰਿਸ਼ ਕਾਰਨ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਮਖੂ ਨੇੜਲੇ ਸਤਲੁਜ ਦਰਿਆ ਨਾਲ ਲਗਦੇ ਕਈ ਪਿੰਡਾਂ ਦੇ ਕਿਸਾਨਾਂ ਦੀਆਂ ਫ਼ਸਲਾਂ ਡੁੱਬ ਜਾਣ ਦਾ ਸਮਾਚਾਰ ਮਿਲਿਆ ਹੈ। ਮੌਕੇ 'ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਭੂਪੇਵਾਲਾ ਦੇ ਸਰਪੰਚ ਮੁਖਤਿਆਰ ਸਿੰਘ, ਸਾਬਕਾ ਚੇਅਰਮੈਨ ਜਥੇਦਾਰ ਮੋਹਣ ਸਿੰਘ ਚੱਕੀਆਂ, ਦਿਆਲ ਸਿੰਘ ਭੂਪੇ ਵਾਲਾ ਅਤੇ ਰਾਜ ਸਿੰਘ ਬਾਠ ਅਮੀਰ ਸ਼ਾਹ ਮੈਂਬਰ ਬਲਾਕ ਸੰਮਤੀ ਅਤੇ ਸਰਪੰਚ ਸੁਖ਼ਜੀਤ ਸਿੰਘ ਚੱਕੀਆਂ ਆਦਿ ਨੇ ਦੱਸਿਆ ਰੁਕਨੇਵਾਲਾ ਕਲਾਂ ਤੇ ਖ਼ੁਰਦ, ਭੂਪੇਵਾਲਾ, ਮਮਨੇਵਾਲਾ, ਸ਼ਾਹਦੀਨ ਅਤੇ ਮੰਨੂੰਮਾਛੀ ਆਦਿ ਪਿੰਡਾਂ ਦੇ ਦਰਿਆ ਵਾਲੇ ਇਲਾਕੇ ਵਿਚ ਪੈਂਦੇ ਖ਼ੇਤਾਂ 'ਚ ਪਾਣੀ ਵੜਨਾ ਸ਼ੁਰੂ ਹੋ ਗਿਆ ਜਿਸ ਨਾਲ ਕਿਸਾਨ ਅਮਰ ਸਿੰਘ, ਫੁੰਮਣ ਸਿੰਘ, ਮਿਲਖ਼ਾ ਸਿੰਘ ਅਤੇ ਜੁਗਿੰਦਰ ਸਿੰਘ ਦੀਆਂ ਫ਼ਸਲਾਂ ਡੁੱਬ ਗਈਆਂ ਹਨ ਅਤੇ ਹੋਰ ਵਧ ਰਹੇ ਪਾਣੀ ਕਾਰਨ ਚਿੰਤਤ ਕਿਸਾਨ ਫ਼ਸਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸੇ ਦੌਰਾਨ ਫ਼ਸਲਾਂ ਡੁੱਬਣ ਦੀ ਖ਼ਬਰ ਮਿਲਦੇ ਹੀ ਨਾਇਬ ਤਹਿਸੀਲਦਾਰ ਮਖੂ ਆਤਮਾ ਸਿੰਘ ਨੇ ਮੌਕੇ ਦਾ ਮੁਆਇਨਾ ਕਰਕੇ ਪੀੜਤ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਜਦੋਂ ਹਰੀਕੇ ਹੈੱਡ ਵਰਕਸ ਦੇ ਅਧਿਕਾਰੀਆਂ ਨਾਲ ਪਾਣੀ ਦਾ ਪੱਧਰ ਵਧਣ ਸਬੰਧੀ ਜਾਣਕਾਰੀ ਲੈਣ ਲਈ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਾਣੀ ਵਧ ਜ਼ਰੂਰ ਰਿਹਾ ਹੈ ਪਰ ਦਰਿਆ ਦੇ ਵਹਿਣ ਵਾਲੀਆਂ ਥਾਵਾਂ ਹੀ ਪਾਣੀ ਦੀ ਮਾਰ ਹੇਠ ਹਨ ਅਤੇ ਪਾਣੀ ਬੰਨ੍ਹ ਦੇ ਅੰਦਰ ਹੀ ਵਗ ਰਿਹਾ ਹੈ, ਬਾਹਰ ਕੋਈ ਖ਼ਤਰੇ ਵਾਲੀ ਗੱਲ ਨਹੀਂ ਹੈ।
ਜ਼ਿਮੀਂਦਾਰਾਂ ਵਲੋਂ ਫਸਲ ਨੂੰ ਬਚਾਉਣ ਲਈ ਕੀਤੇ ਜਾ ਰਹੇ ਨੇ ਉਪਰਾਲੇ
NEXT STORY