ਟੀਮ ਇੰਡੀਆ ਦਾ ਟੀਚਾ ਲਗਾਤਾਰ ਪੰਜਵੀਂ ਜਿੱਤ ਦਾ
ਹੈਮਿਲਟਨ¸ ਵਿਸ਼ਵ ਕੱਪ 'ਚ ਹੁਣ ਤਕ ਦੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪੂਲ-ਬੀ ਵਿਚ ਚੋਟੀ 'ਤੇ ਕਾਬਜ਼ ਭਾਰਤ ਦਾ ਅਗਲਾ ਮੁਕਾਬਲਾ ਮੰਗਲਵਾਰ ਨੂੰ ਹੈਮਿਲਟਨ ਦੇ ਸੇਡੋਨ ਪਾਰਕ ਮੈਦਾਨ 'ਤੇ 'ਜੁਆਇੰਟ ਕਿੱਲਰ' ਆਇਰਲੈਂਡ ਨਾਲ ਹੋਵੇਗਾ, ਜਿਥੇ ਭਾਰਤ ਆਪਣੀ ਜਿੱਤ ਦੀ ਲੈਅ ਬਰਕਰਾਰ ਰੱਖਣਾ ਚਾਹੇਗਾ ਤੇ ਇਤਿਹਾਸ ਰਚਣ ਦੀ ਕੋਸ਼ਿਸ਼ ਕਰੇਗਾ।
ਆਪਣੇ ਪਹਿਲੇ ਮੁਕਾਬਲੇ ਵਿਚ ਵੈਸਟਇੰਡੀਜ਼ ਨੂੰ ਹਰਾ ਕੇ ਸਭ ਤੋਂ ਵੱਡਾ ਫੇਰਬਦਲ ਕਰਨ ਵਾਲੀ ਟੀਮ ਆਇਰਲੈਂਡ ਵੀ ਇਸ ਵਾਰ ਮਜ਼ਬੂਤ ਸਥਿਤੀ 'ਚ ਨਜ਼ਰ ਆ ਰਹੀ ਹੈ। ਆਇਰਲੈਂਡ ਨੇ ਜਿਥੇ ਆਪਣੇ ਪਿਛਲੇ ਤੇ ਚੌਥੇ ਮੁਕਾਬਲੇ 'ਚ ਜ਼ਿੰਬਾਬਵੇ ਨੂੰ ਚਿੱਤ ਕੀਤਾ ਸੀ, ਉਥੇ ਹੀ ਭਾਰਤ ਨੇ ਸ਼ੁੱਕਰਵਾਰ ਨੂੰ ਪਰਥ ਦੇ ਮੈਦਾਨ 'ਤੇ ਖੇਡੇ ਗਏ ਮੁਕਾਬਲੇ 'ਚ ਵੈਸਟਇੰਡੀਜ਼ 'ਤੇ ਚਾਰ ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਜੇਕਰ ਆਇਰਲੈਂਡ ਇਹ ਮੈਚ ਜਿੱਤ ਜਾਂਦਾ ਹੈ ਤਾਂ ਕੁਆਰਟਰ ਫਾਈਨਲ 'ਚ ਉਸ ਦੇ ਜਾਣ ਦਾ ਰਸਤਾ ਆਸਾਨ ਹੋ ਜਾਵੇਗਾ।
ਪਿਛਲੇ ਪੰਜ ਇਕ ਦਿਨਾ ਮੁਕਾਬਲਿਆਂ ਵਿਚੋਂ ਚਾਰ ਜਿੱਤਣ ਵਾਲੀ ਭਾਰਤੀ ਟੀਮ ਪੂਰੀ ਫਾਰਮ 'ਚ ਚੱਲ ਰਹੀ ਹੈ ਅਤੇ ਉਸ ਨੇ ਇਸ ਵਿਸ਼ਵ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਵਿਸ਼ਵ ਕੱਪ ਵਿਚ ਹੁਣ ਤਕ ਦੇ ਆਪਣੇ ਸਾਰੇ ਚਾਰੇ ਮੈਚ ਜਿੱਤ ਚੁੱਕੀ ਹੈ ਤੇ ਕੱਲ ਜੇਕਰ ਉਹ ਆਇਰਲੈਂਡ ਨੂੰ ਹਰਾ ਦਿੰਦੀ ਹੈ ਤਾਂ ਵਿਸ਼ਵ ਕੱਪ 'ਚ ਲਗਾਤਾਰ 9 ਜਿੱਤ ਦਰਜ ਕਰਨ ਦਾ ਰਿਕਾਰਡ ਉਸ ਦੇ ਨਾਂ ਹੋ ਜਾਵੇਗਾ। ਇਸ ਰਿਕਾਰਡ ਮੁਹਿੰਮ ਦਾ ਆਗਾਜ਼ 2011 ਵਿਸ਼ਵ ਕੱਪ ਦੌਰਾਨ ਚੇਨਈ 'ਚ ਵੈਸਟਇੰਡੀਜ਼ 'ਤੇ ਜਿੱਤ ਨਾਲ ਹੋਇਆ ਸੀ।
ਪਿਛਲੇ ਮੈਚ ਵਿਚ ਵੈਸਟਇੰਡੀਜ਼ 'ਤੇ ਮਿਲੀ ਜਿੱਤ ਉਸ ਦੀ ਲਗਾਤਾਰ ਅੱਠਵੀਂ ਜਿੱਤ ਸੀ, ਜਿਸ ਦੇ ਨਾਲ ਉਸ ਨੇ 2003 ਵਿਚ ਦੱਖਣੀ ਅਫਰੀਕਾ ਵਿਚ ਹੋਏ ਵਿਸ਼ਵ ਕੱਪ 'ਚ ਸੌਰਭ ਗਾਂਗੁਲੀ ਦੀ ਟੀਮ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਸੀ।
ਭਾਰਤ ਨੇ ਆਇਰਲੈਂਡ ਦਾ ਸਾਹਮਣਾ ਇਸ ਤੋਂ ਪਹਿਲਾਂ ਦੋ ਵਾਰ ਵਿਸ਼ਵ ਕੱਪ 'ਚ ਹੀ ਕੀਤਾ ਹੈ, ਜਿਸ 'ਚ ਦੋਵਾਂ ਮੈਚਾਂ 'ਚ ਟੀਮ ਇੰਡੀਆ ਨੇ ਹੀ ਜਿੱਤ ਦਾ ਝੰਡਾ ਲਹਿਰਾਇਆ ਹੈ। ਸਾਲ 2007 ਦੇ ਵਿਸ਼ਵ ਕੱਪ 'ਚ ਬੇਲਫਾਸਟ 'ਚ ਖੇਡੇ ਗਏ ਮੁਕਾਬਲੇ ਵਿਚ ਭਾਰਤ ਨੇ ਆਇਰਲੈਂਡ ਨੂੰ 9 ਵਿਕਟਾਂ ਨਾਲ ਤੇ ਸਾਲ 2011 'ਚ ਬੰਗਲੌਰ ਵਿਚ ਖੇਡੇ ਗਏ ਵਿਸ਼ਵ ਕੱਪ ਮੁਕਾਬਲੇ ਵਿਚ 5 ਵਿਕਟਾਂ ਨਾਲ ਹਰਾਇਆ ਸੀ।
ਉਥੇ ਹੀ ਦੂਜੇ ਪਾਸੇ ਆਇਰਲੈਂਡ ਨੇ ਵੀ ਪਿਛਲੇ ਚਾਰ ਵਿਚੋਂ ਤਿੰਨ ਮੈਚਾਂ 'ਚ ਜਿੱਤ ਦਰਜ ਕਰਕੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਹੈਰਾਨ ਕੀਤਾ ਹੈ। ਕੈਨਬਰਾ 'ਚ ਖੇਡੇ ਗਏ ਉਸਦੇ ਤੀਜੇ ਮੁਕਾਬਲੇ ਵਿਚ ਆਇਰਲੈਂਡ ਨੂੰ ਦੱਖਣੀ ਅਫਰੀਕਾ ਹੱਥੋਂ ਹਾਰ ਝੱਲਣੀ ਪਈ ਸੀ।
ਗੇਂਦਬਾਜ਼ਾਂ ਦੀ ਇਕਜੁੱਟਤਾ ਫਾਇਦੇਮੰਦ : ਮੋਹਿਤ
NEXT STORY