ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ 125 ਕਿਲੋਮੀਟਰ ਦੂਰ ਅਤੇ ਭੋਪਾਲ ਸਾਗਰ ਸੜਕ ਮਾਰਗ 'ਤੇ ਸਾਗਰ ਤੋਂ 40 ਕਿਲੋਮੀਟਰ ਦੂਰ ਪ੍ਰਾਚੀਨ ਇਤਿਹਾਸਕ ਸਥਾਨ ਰਾਹਤਗੜ੍ਹ ਵਸਿਆ ਹੋਇਆ ਹੈ, ਜੋ ਪ੍ਰਾਚੀਨ ਇਤਿਹਾਸਕ ਖੰਡਰ, ਪੁਰਾਤੱਤਵ ਮਹੱਤਵ ਦੇ ਸਥਾਨਾਂ, ਧਾਰਮਿਕ ਮੰਦਿਰਾਂ ਤੇ ਦੇਵ ਸਥਾਨਾਂ ਲਈ ਅੱਜ ਵੀ ਪ੍ਰਸਿੱਧ ਹੈ।
ਰਾਹਤਗੜ੍ਹ ਕਸਬੇ ਦੇ ਕੋਲ ਵਹਿਣ ਵਾਲੀ ਬੀਨਾ ਨਦੀ ਦੇ ਕਿਨਾਰੇ ਅਤੇ ਇਥੋਂ ਦੇ ਪ੍ਰਾਚੀਨ ਗੁਣਵਾਨਾਂ ਦੇ ਕਿਲੇ ਦੇ ਹੇਠਾਂ ਤਲ 'ਚ ਬਣੇ ਪ੍ਰਸਿੱਧ ਦਿਗੰਬਰ ਜੈਨ ਮੰਦਰ ਦੇ ਨੇੜੇ ਇਕ ਸੌ ਅੱਠ ਸ਼ਿਵਲਿੰਗ ਵਾਲਾ ਬਨੇਨੀਘਾਟ ਸ਼ਿਵ ਮੰਦਿਰ ਸਥਿਤ ਹੈ, ਜੋ ਧਾਰਮਿਕ ਮਹੱਤਤਾ ਦੇ ਨਾਲ-ਨਾਲ ਆਪਣੀ ਪ੍ਰਾਚੀਨਤਾ ਅਤੇ ਕੁਦਰਤੀ ਦ੍ਰਿਸ਼ਾਂ ਵਾਲਾ ਦੇਖਣਯੋਗ, ਯਾਤਰੀਆਂ, ਸੈਲਾਨੀਆਂ ਦੇ ਨਾਲ-ਨਾਲ ਪੁਰਾਤੱਤਵਾਂ ਅਤੇ ਇਤਿਹਾਸਕਾਰਾਂ ਲਈ ਆਕਰਸ਼ਣ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ।
ਰਾਹਤਗੜ੍ਹ ਦਾ ਬਨੇਨੀਘਾਟ ਸ਼ਿਵ ਮੰਦਿਰ ਕਸਬੇ ਦੇ ਇਕ ਕਿਨਾਰੇ ਬੀਨਾ ਨਦੀ ਦੇ ਤਟ 'ਤੇ ਬਣਿਆ ਹੋਇਆ ਹੈ। ਲੋਕਾਂ ਦਾ ਕਥਨ ਹੈ ਕਿ ਇਹ ਮੰਦਰ ਦੋ ਸੌ ਸਾਲਾਂ ਤੋਂ ਜ਼ਿਆਦਾ ਪੁਰਾਣਾ ਹੈ।
ਇਕ ਸੌ ਅੱਠ ਸ਼ਿਵਲਿੰਗ ਵਾਲੇ ਇਸ ਅਨੋਖੇ ਮੰਦਿਰ ਦੇ ਮੂਲ ਗਰਭਗ੍ਰਹਿ ਦੇ ਫਰਸ਼ ਦੇ ਵਿਚਕਾਰਲੇ ਹਿੱਸੇ 'ਚ ਕੁਝ ਗਹਿਰਾਈ 'ਚ ਇਕ ਹੀ ਚੱਟਾਨ 'ਤੇ ਇਕ ਸੌ ਅੱਠ ਸ਼ਿਵਲਿੰਗ ਬਣਾ ਕੇ ਉਸ ਦੀ ਸਥਾਪਨਾ ਕੀਤੀ ਹੋਈ ਹੈ, ਜਿਸ ਦੇ ਸਭ ਤੋਂ ਉੱਪਰੀ ਹਿੱਸੇ 'ਚ ਵੱਡਾ ਸ਼ਿਵਲਿੰਗ ਬਣਿਆ ਹੋਇਆ ਹੈ, ਜਦਕਿ ਇਸ ਦੇ ਚਾਰੇ ਪਾਸੇ ਪੰਜ ਲਾਈਨਾਂ 'ਚ ਕ੍ਰਮਵਾਰ ਉੱਪਰ ਤੋਂ ਹੇਠਾਂ ਵੱਲ ਛੋਟੇ ਤੋਂ ਲੈ ਕੇ ਵੱਡੇ ਘੇਰੇ 'ਚ ਛੋਟੇ-ਛੋਟੇ ਇਕ ਸੌ ਸੱਤ ਸ਼ਿਵਲਿੰਗ ਬਣਾਏ ਗਏ ਹਨ।
ਇਸ ਇਕ ਸੌ ਅੱਠ ਸ਼ਿਵਲਿੰਗ ਦੇ ਚਾਰੇ ਪਾਸੇ ਨੰਦੀ, ਕਾਰਤੀਕੇਯ, ਪਾਰਵਤੀ, ਰਾਧਾ-ਕ੍ਰਿਸ਼ਨ, ਲਕਸ਼ਮੀ-ਵਿਸ਼ਣੂ ਅਤੇ ਗਣੇਸ਼ ਦੀਆਂ ਮੂਰਤੀਆਂ ਸਥਾਪਿਤ ਹਨ, ਜਿਨ੍ਹਾਂ ਦੇ ਪ੍ਰਤੀ ਦਿਨ ਦਰਸ਼ਨ, ਸੇਵਾ-ਪੂਜਾ, ਆਰਾਧਨਾ, ਉਪਾਸਨਾ ਕਰਨ ਲਈ ਸ਼ਰਧਾਲੂਆਂ ਦਾ ਤਾਂਤਾ ਲੱਗਾ ਰਹਿੰਦਾ ਹੈ। ਇਸ ਅਨੋਖੇ ਤੇ ਅਦਭੁੱਤ ਮੰਦਿਰ ਦੇ ਉੱਪਰੀ ਹਿੱਸੇ 'ਚ ਚਾਰੇ ਪਾਸੇ ਝਰੋਖਿਆਂ ਵਾਲਾ ਵਿਸ਼ਾਲ ਗੋਲ ਗੁੰਬਦ ਬਣਿਆ ਹੋਇਆ ਹੈ, ਜਿਸ ਦੇ ਅੱਗੇ ਵਿਸ਼ਾਲ ਸ਼ਿੰਗਾਰ ਮੰਡਪ ਦਾ ਝਰੋਖਾ ਵੀ ਬਿਰਾਜਮਾਨ ਹੈ।
ਮੰਦਿਰ ਦੇ ਇਕ ਕਿਨਾਰੇ ਦੀ ਉਚਾਈ 'ਤੇ ਗੰਗਾ ਮਾਤਾ ਦਾ ਮੰਦਿਰ ਬਣਿਆ ਹੋਇਆ ਹੈ, ਜਿਸ ਦੇ ਹੇਠਲੇ ਹਿੱਸੇ 'ਚ ਵਗਣ ਵਾਲੀ ਬੀਨਾ ਨਦੀ ਦੇ ਜਲ ਨਾਲ ਸ਼ਰਧਾਲੂ ਇਸ਼ਨਾਨ ਕਰ ਕੇ ਗੰਗਾ ਨਦੀ 'ਚ ਨਹਾਉਣ ਦਾ ਪੁੰਨ ਪ੍ਰਾਪਤ ਕਰਦੇ ਹਨ। ਇਹ ਮੰਦਰ ਦੇਸ਼ ਦਾ ਆਪਣੇ ਆਪ 'ਚ ਇਕ ਅਨੋਖਾ ਤੇ ਪੂਜਨੀਕ ਧਾਰਮਿਕ ਸਥਾਨ ਹੈ, ਜਿਥੇ ਹਰ ਸਾਲ ਕੱਤਕ ਦੀ ਪੁੰਨਿਆ 'ਤੇ ਵਿਸ਼ਾਲ ਮੇਲੇ ਦਾ ਆਯੋਜਨ ਹੁੰਦਾ ਹੈ। ਮੇਲਾ ਮੰਦਿਰ ਦੇ ਬਾਹਰੀ ਹਿੱਸੇ 'ਚ ਨਦੀ ਦੇ ਕਿਨਾਰੇ ਅਤੇ ਦਿਗੰਬਰ ਜੈਨ ਮੰਦਰ ਦੇ ਨੇੜੇ ਗੁਣਵਾਨਾਂ ਦੇ ਕਿਲੇ ਦੀ ਗੋਦ 'ਚ ਲੱਗਦਾ ਹੈ, ਜਿਸ ਵਿਚ ਹਾਟ ਬਾਜ਼ਾਰ ਦੇ ਨਾਲ-ਨਾਲ ਵੱਖ-ਵੱਖ ਤਰ੍ਹਾਂ ਦੇ ਖੇਡ ਤਮਾਸ਼ੇ ਅਤੇ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਂਦੀਆਂ ਹਨ। ਮੇਲੇ 'ਚ ਹਿੱਸਾ ਲੈਣ ਵਾਲੇ ਯਾਤਰੀ ਇਕ ਸੌ ਅੱਠ ਸ਼ਿਵਲਿੰਗ 'ਤੇ ਫੁੱਲ ਜ਼ਰੂਰ ਚੜ੍ਹਾਉਂਦੇ ਹਨ। ਸ਼ਿਵਰਾਤਰੀ 'ਤੇ ਵੀ ਮੇਲੇ ਦਾ ਆਯੋਜਨ ਹੁੰਦਾ ਹੈ।
>ਭੂਰਚੰਦ ਜੈਨ
ਇੱਛਾਵਾਂ ਨੂੰ ਕਾਬੂ 'ਚ ਕਰਨ ਨਾਲ ਮਨ ਹੋਵੇਗਾ ਸਾਫ
NEXT STORY