ਨਵੀਂ ਦਿੱਲੀ- ਹਿੰਦੀ ਫਿਲਮਾਂ ਦੀ ਮਸ਼ਹੂਰ ਅਭਿਨੇਤਰੀ ਅਤੇ ਨਾਮਜ਼ਦ ਮੈਂਬਰ ਰੇਖਾ ਬੁੱਧਵਾਰ ਨੂੰ ਮੌਜੂਦਾ ਬਜਟ ਸੈਸ਼ਨ 'ਚ ਪਹਿਲੀ ਵਾਰ ਰਾਜਸਭਾ 'ਚ ਦਿਖਾਈ ਦਿੱਤੀ। ਹਲਕੇ ਕ੍ਰੀਮ ਰੰਗ ਦੀ ਸਾੜੀ ਪਾਏ ਹੋਏ ਰੇਖਾ ਜ਼ੀਰੋ ਕਾਲ ਦੌਰਾਨ ਉੱਚ ਸਦਨ 'ਚ ਆਈ ਅਤੇ ਨਾਮਜ਼ਦ ਮੈਂਬਰਾਂ ਵਾਲੀ ਲਾਈਨ 'ਚ ਬੈਠੀ। ਰੇਖਾ ਨੂੰ ਨਾਮਜ਼ਦ ਮੈਂਬਰ ਅਨੁ ਆਗਾ, ਅਸ਼ੋਕ ਗਾਂਗੁਲੀ ਅਤੇ ਐੱਚ ਕੇ ਦੁਆ ਨਾਲ ਕੁਝ ਦੇਰ ਤੱਕ ਗੱਲਬਾਤ ਕਰਦੇ ਹੋਏ ਦੇਖਿਆ ਗਿਆ। ਉਹ ਕਰੀਬ 10 ਮਿੰਟ ਤੱਕ ਸਦਨ 'ਚ ਰਹੀ ਅਤੇ ਜ਼ੀਰੋ ਕਾਲ ਖਤਮ ਹੋਣ ਤੋਂ ਬਾਅਦ ਸਦਨ ਤੋਂ ਚੱਲੀ ਗਈ।
ਮੌਜੂਦਾ ਬਜਟ ਸੈਸ਼ਨ 'ਚ ਉਨ੍ਹਾਂ ਨੂੰ ਪਹਿਲੀ ਵਾਰ ਸਦਨ 'ਚ ਦੇਖਿਆ ਗਿਆ। ਇਸ ਤੋਂ ਪਹਿਲਾਂ ਉਹ ਪਿਛਲੇ ਸਰਦ ਰੁੱਤ ਸੈਸ਼ਨ 'ਚ ਇਕ ਵਾਰ ਸਦਨ 'ਚ ਆਈ ਸੀ। ਉੱਚ ਸਦਨ 'ਚ 2012 'ਚ ਨਾਮਜ਼ਦ ਹੋਣ ਤੋਂ ਬਾਅਦ ਅਭਿਨੇਤਰੀ ਕੁਲ 10 ਸੈਸ਼ਨਾਂ 'ਚ ਹਿੱਸਾ ਲੈ ਚੁੱਕੀ ਹੈ। ਪਿਛਲੇ ਸਾਲ ਰੇਖਾ ਅਤੇ ਕ੍ਰਿਕੇਟਰ ਸਚਿਨ ਤੇਂਦੁਲਕਰ ਦੇ ਸਦਨ 'ਚ ਜ਼ਿਆਦਾ ਨਾ ਆਉਣ ਦਾ ਮੁੱਦਾ ਚੁੱਕਿਆ ਸੀ ਅਤੇ ਆਸਨ ਤੋਂ ਉਹ ਸਵਾਲ ਪੁੱਛਿਆ ਗਿਆ ਸੀ ਕਿ ਕੀ ਇਨ੍ਹਾਂ ਮਸ਼ਹੂਰ ਹਸਤੀਆਂ ਨੇ ਸਦਨ ਤੋਂ ਗੈਰ-ਹਾਜ਼ਰ ਰਹਿਣ ਦੀ ਮਨਜ਼ੂਰੀ ਮੰਗੀ ਹੈ। ਕੁਝ ਮੈਂਬਰਾਂ ਦਾ ਦੋਸ਼ ਸੀ ਕਿ ਉਹ ਸਦਨ 'ਚ ਹਿੱਸਾ ਨਾ ਲੈ ਕੇ ਉਸ ਦਾ ਅਪਮਾਨ ਕਰ ਰਹੇ ਹਨ। ਸੰਵਿਧਾਨ ਦੀਆਂ ਵਿਵਸਥਾਵਾਂ ਅਨੁਸਾਰ ਜੇਕਰ ਕੋਈ ਮੈਂਬਰ ਸੰਸਦ ਦੇ ਕਿਸੇ ਵੀ ਸਦਨ 'ਚ 60 ਦਿਨਾਂ ਦੀ ਮਿਆਦ ਤੱਕ ਗੈਰ-ਹਾਜ਼ਰ ਰਹਿੰਦਾ ਹੈ ਤਾਂ ਉਸ ਦੀ ਸੀਟ ਨੂੰ ਖਾਲੀ ਮੰਨ ਲਿਆ ਜਾਂਦਾ ਹੈ।
ਨਨ ਗੈਂਗਰੇਪ ਮਾਮਲਾ : ਮਮਤਾ ਨੇ ਕਿਹਾ, ਇਹ ਸ਼ਰਮਨਾਕ ਮਾਮਲਾ ਹੈ
NEXT STORY