ਸਾਡੇ ਸਰੀਰ 'ਚ ਗੁਰਦੇ ਨਾ ਸਿਰਫ ਖੂਨ ਸਾਫ ਕਰਨ, ਸਗੋਂ ਪਾਣੀ ਦਾ ਸਹੀ ਪੱਧਰ ਬਣਾਈ ਰੱਖਣ ਅਤੇ ਹਾਰਮੋਨਜ਼ ਦਾ ਸਹੀ ਸੰਤੁਲਨ ਰੱਖਣ 'ਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਨੂੰ ਤੰਦਰੁਸਤ ਰੱਖਣ ਲਈ ਧਿਆਨ ਰੱਖੋ ਇਨ੍ਹਾਂ ਗੱਲਾਂ ਦਾ।
ਗੁਰਦਿਆਂ ਦੀ ਜਾਂਚ
60 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਲਈ ਮੋਟਾਪਾ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਪਰਿਵਾਰ ਵਿਚ ਗੁਰਦਾ ਫੇਲ ਹੋਣ ਦੀ ਖਾਨਦਾਨੀ ਬੀਮਾਰੀ ਹੋਣ 'ਤੇ ਰੁਟੀਨ ਜਾਂਚ ਜ਼ਰੂਰੀ ਹੈ। ਕਿਡਨੀ ਫੇਲੀਅਰ ਦੇ ਮੁੱਢਲੇ ਲੱਛਣਾਂ ਨੂੰ ਸਾਧਾਰਨ ਬਲੱਡ ਟੈਸਟ ਜਾਂ ਯੂਰਿਨ ਟੈਸਟ 'ਚ ਫੜਿਆ ਜਾ ਸਕਦਾ ਹੈ ਅਤੇ ਸਫਲ ਇਲਾਜ ਹੋ ਸਕਦਾ ਹੈ।
ਬਲੱਡ ਪ੍ਰੈਸ਼ਰ ਨਾ ਵਧਣ ਦਿਓ
ਹਾਈ ਬਲੱਡ ਪ੍ਰੈਸ਼ਰ ਗੁਰਦੇ ਦੇ ਫੇਲ ਹੋਣ ਦਾ ਦੂਜਾ ਸਭ ਤੋਂ ਆਮ ਕਾਰਨ ਹੈ। ਹਾਈ ਬਲੱਡ ਪ੍ਰੈਸ਼ਰ ਨਾਲ ਵੀ ਖੂਨ ਦੀਆਂ ਨਾੜੀਆਂ ਦੀ ਸਤਹ ਨੂੰ ਨੁਕਸਾਨ ਪਹੁੰਚਦਾ ਹੈ। ਸਿਹਤਮੰਦ ਗੁਰਦਿਆਂ ਲਈ ਬਲੱਡ ਪ੍ਰੈਸ਼ਰ 140/90 ਐੱਮ. ਐੱਮ. ਐੱਚ. ਜੀ. ਤੋਂ ਵਧੇਰੇ ਨਹੀਂ ਹੋਣਾ ਚਾਹੀਦਾ।
ਸਿਹਤਮੰਦ ਭੋਜਨ
ਫਲ, ਸਬਜ਼ੀਆਂ ਤੇ ਫਾਈਬਰ ਭਰਪੂਰ ਚੀਜ਼ਾਂ ਖਾਣ ਨਾਲ ਭਾਰ ਦੇ ਨਾਲ-ਨਾਲ ਗੁਰਦਾ ਵੀ ਤੰਦਰੁਸਤ ਰਹਿੰਦਾ ਹੈ। ਖਾਣੇ ਵਿਚ ਨਮਕ ਦੀ ਮਾਤਰਾ ਘੱਟ ਰੱਖੋ।
ਫਾਇਦੇਮੰਦ ਹਨ ਤਰਲ ਪਦਾਰਥ
ਸਰੀਰ 'ਚੋਂ ਨੁਕਸਾਨਦੇਹ ਚੀਜ਼ਾਂ ਬਾਹਰ ਕੱਢਣ ਲਈ ਗੁਰਦੇ ਨੂੰ ਤਰਲ ਪਦਾਰਥਾਂ ਦੀ ਲੋੜ ਹੁੰਦੀ ਹੈ। ਦਿਨ ਵਿਚ ਘੱਟੋ-ਘੱਟ 2 ਲਿਟਰ ਪਾਣੀ ਪੀਣਾ ਜ਼ਰੂਰੀ ਹੈ ਅਤੇ ਸਰੀਰਕ ਤੌਰ 'ਤੇ ਵਧੇਰੇ ਸਰਗਰਮ ਰਹਿਣ ਵਾਲਿਆਂ ਨੂੰ ਇਸ ਤੋਂ ਵੀ ਵਧੇਰੇ ਪਾਣੀ ਪੀਣਾ ਚਾਹੀਦਾ ਹੈ। ਉਥੇ ਹੀ ਜੋ ਲੋਕ ਡਾਇਲਸਿਸ ਕਰਵਾਉਂਦੇ ਹਨ, ਉਨ੍ਹਾਂ ਨੂੰ ਘੱਟ ਪਾਣੀ ਦੀ ਲੋੜ ਹੁੰਦੀ ਹੈ।
ਸਿਗਰਟਨੋਸ਼ੀ ਤੇ ਸ਼ਰਾਬ ਦਾ ਸੇਵਨ ਤਿਆਗੋ
ਗੁਰਦੇ ਨੂੰ ਨੁਕਸਾਨ ਪਹੁੰਚਾਉਣ 'ਚ ਸਿਗਰਟਨੋਸ਼ੀ ਅਤੇ ਸ਼ਰਾਬ ਦੇ ਸੇਵਨ ਦਾ ਵੱਡਾ ਹੱਥ ਹੁੰਦਾ ਹੈ। ਇਸ ਕਾਰਨ ਖੂਨ ਚੰਗੀ ਤਰ੍ਹਾਂ ਫਿਲਟਰ ਨਹੀਂ ਹੁੰਦਾ। ਸਿਗਰਟਨੋਸ਼ੀ ਅਤੇ ਸ਼ਰਾਬ ਛੱਡਣ ਦੇ ਹੋਰ ਵੀ ਕਈ ਫਾਇਦੇ ਹਨ।
ਪੇਨ ਕਿਲਰਸ 'ਤੇ ਲਗਾਮ
ਜੇਕਰ ਲੰਬੇ ਸਮੇਂ ਤੱਕ ਪੇਨ ਕਿਲਰ ਦਵਾਈਆਂ ਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਵੀ ਗੁਰਦੇ 'ਤੇ ਬੁਰਾ ਅਸਰ ਪੈਂਦਾ ਹੈ। ਜੇਕਰ ਕਿਸੇ ਦੇ ਗੁਰਦੇ ਪਹਿਲਾਂ ਤੋਂ ਥੋੜ੍ਹੇ ਕਮਜ਼ੋਰ ਹੋਣ ਤਾਂ ਉਨ੍ਹਾਂ ਨੂੰ ਪੇਨ ਕਿਲਰ ਦਵਾਈਆਂ ਤੋਂ ਕਾਫੀ ਖਤਰਾ ਹੋ ਸਕਦਾ ਹੈ। ਇਨ੍ਹਾਂ ਦਵਾਈਆਂ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਲੰਬੇ ਸਮੇਂ ਤੱਕ ਖਾਓ।
ਰੋਜ਼ਾਨਾ ਕਸਰਤ ਕਰੋ
ਮੋਟਾਪਾ ਗੁਰਦੇ ਦੀਆਂ ਸਮੱਸਿਆਵਾਂ ਦਾ ਇਕ ਮੁੱਖ ਕਾਰਨ ਹੈ। ਇਸ ਤੋਂ ਬਚਣ ਲਈ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ। ਕਸਰਤ ਨਾਲ ਫੈਟ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ ਅਤੇ ਗੁਰਦੇ ਨੂੰ ਰਾਹਤ ਮਿਲਦੀ ਹੈ।
...ਇਨ੍ਹਾਂ ਤੇਲਾਂ 'ਚ ਹਨ ਵੱਡੇ-ਵੱਡੇ ਗੁਣ
NEXT STORY