ਭਗਤ ਨਾਮਦੇਵ ਜੀ ਦੇ 700 ਸਾਲ ਪਹਿਲਾਂ ਘੁਮਾਣ ਆਉਣ ਨਾਲ ਜਿਹੜਾ ਸਬੰਧ ਮਹਾਰਾਸ਼ਟਰ ਅਤੇ ਪੰਜਾਬ ਦਾ ਜੁੜਿਆ ਸੀ, ਉਸ ਸਬੰਧ 'ਚ ਹੁਣ ਮਜ਼ਬੂਤੀ ਆਉਣ ਦਾ ਅਹਿਸਾਸ ਹੋਇਆ ਹੈ। ਇਹ ਅਹਿਸਾਸ ਮਹਾਰਾਸ਼ਟਰ 'ਚ ਰਹਿੰਦੇ ਬੁੱਧੀਜੀਵੀਆਂ, ਪੱਤਰਕਾਰਾਂ, ਲੇਖਕਾਂ ਦੇ ਉੱਦਮ ਨਾਲ ਹੀ ਮਜ਼ਬੂਤ ਹੋਇਆ ਹੈ ਜਦੋਂ 88ਵੇਂ ਅਖਿਲ ਭਾਰਤੀ ਮਰਾਠੀ ਸਾਹਿਤ ਸੰਮੇਲਨ ਦੇ ਪ੍ਰਬੰਧਕਾਂ ਨੇ ਆਪਣਾ ਸਾਲਾਨਾ ਸਮਾਗਮ ਕਰਨ ਲਈ ਭਗਤ ਨਾਮਦੇਵ ਜੀ ਦੇ ਵਸਾਏ ਹੋਏ ਨਗਰ ਘੁਮਾਣ ਨੂੰ ਚੁਣਿਆ। ਇਸ ਯਤਨ ਵਿਚ ਸੰਜੇ ਨਹਾਰ ਦੀ ਅਗਵਾਈ ਹੇਠ ਕੰਮ ਕਰ ਰਹੀ ਸੰਸਥਾ 'ਸਰਹੱਦ' ਦਾ ਵਿਸ਼ੇਸ਼ ਤੌਰ 'ਤੇ ਯੋਗਦਾਨ ਰਿਹਾ ਹੈ। 'ਸਰਹੱਦ' ਦੇਸ਼ ਦੀਆਂ ਹੱਦਾਂ ਨੂੰ ਜੋੜਨ ਦੇ ਨਾਲ-ਨਾਲ ਲੋਕਾਂ ਦੇ ਦਿਲਾਂ ਦੀਆਂ ਸਰਹੱਦਾਂ ਨੂੰ ਵੀ ਖੋਲ੍ਹਣ ਦਾ ਸੁਨੇਹਾ ਦਿੰਦੀ ਹੈ।
3-4-5 ਅਪ੍ਰੈਲ ਨੂੰ ਘੁਮਾਣ ਵਿਖੇ ਹੋਇਆ ਇਹ ਸਮਾਗਮ ਬਹੁਤ ਸਾਰੀਆਂ ਪ੍ਰਾਪਤੀਆਂ ਨੂੰ ਅੰਜਾਮ ਦੇ ਗਿਆ ਹੈ। ਸੰਤ ਨਾਮਦੇਵ ਜੀ ਦੇ ਅਣਗੌਲੇ ਇਸ ਨਗਰ ਨੇ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਪੰਜਾਬ ਸਰਕਾਰ ਨੇ ਮਰਾਠੀ ਮਹਿਮਾਨਾਂ ਨੂੰ ਸਿਰ-ਅੱਖਾਂ 'ਤੇ ਬਿਠਾਇਆ ਹੈ ਅਤੇ ਉਨ੍ਹਾਂ ਦੀ ਆਓ ਭਗਤ ਵਿਚ ਕੋਈ ਕਸਰ ਨਹੀਂ ਰਹਿਣ ਦਿੱਤੀ। ਇਨ੍ਹਾਂ ਮਹਿਮਾਨਾਂ ਦੀ ਰਿਹਾਇਸ਼, ਆਵਾਜਾਈ ਅਤੇ ਖਾਣ-ਪੀਣ ਦਾ ਪ੍ਰਬੰਧ ਪੰਜਾਬ ਸਰਕਾਰ ਨੇ ਕੀਤਾ ਅਤੇ ਇਸਦੇ ਨਾਲ-ਨਾਲ ਘੁਮਾਣ ਦਾ ਵਿਕਾਸ ਕਰਨ ਲਈ ਬਹੁਤ ਸਾਰੇ ਐਲਾਨ ਕੀਤੇ ਗਏ। ਵਿਦਿਆਰਥੀਆਂ ਲਈ ਡਿਗਰੀ ਕਾਲਜ, ਨਰਸਿੰਗ ਕਾਲਜ, +2 ਤਕ ਸਕੂਲ ਨੂੰ ਅੱਪਗ੍ਰੇਡ ਕਰਨਾ, ਚਹੁੰ-ਮਾਰਗੀ ਸੜਕ ਦਾ ਨਿਰਮਾਣ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਸੰਤ ਨਾਮਦੇਵ ਚੇਅਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਥਾਪਨਾ ਕਰਨ ਦਾ ਐਲਾਨ ਕਰਨਾ ਕਈ ਪ੍ਰਸ਼ਨ ਪੈਦਾ ਕਰ ਗਿਆ। ਸੰਤ ਨਾਮਦੇਵ ਜੀ ਦੀ ਚੇਅਰ ਨੂੰ ਬਹੁਤ ਵਰ੍ਹੇ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਥਾਪਿਤ ਕਰ ਦਿੱਤਾ ਗਿਆ ਸੀ ਅਤੇ ਇਸ ਚੇਅਰ 'ਤੇ ਕੰਮ ਵੀ ਹੁੰਦਾ ਰਿਹਾ ਹੈ। ਫਿਰ ਪੰਜਾਬ ਸਰਕਾਰ ਵਲੋਂ ਇਸ ਲਈ ਫੰਡ ਦੇਣਾ ਬੰਦ ਕਰ ਦਿੱਤਾ ਗਿਆ, ਸਿੱਟੇ ਵਜੋਂ ਇਹ ਚੇਅਰ ਲਗਭਗ ਖਤਮ ਹੋ ਗਈ। ਬਾਦਲ ਸਾਹਿਬ ਦੇ ਮਨ 'ਚੋਂ ਸ਼ਾਇਦ ਇਹ ਚੇਅਰ ਵਿੱਸਰ ਗਈ ਹੈ। ਇਕ ਵਾਰ ਫਿਰ ਐਲਾਨ ਕੀਤਾ ਗਿਆ ਹੈ ਇਸ ਚੇਅਰ ਦਾ ਅਤੇ ਮਹਾਰਾਸ਼ਟਰ ਕੋਲੋਂ ਵਿਦਵਾਨਾਂ ਦੀ ਮੰਗ ਵੀ ਕੀਤੀ ਗਈ ਹੈ ਜਿਸਦਾ ਖਰਚਾ ਪੰਜਾਬ ਸਰਕਾਰ ਚੁੱਕੇਗੀ। ਰੱਬ ਕਰੇ ਇਹ ਸਾਰਾ ਕੁਝ ਸੱਚ ਹੋ ਜਾਏ। ਦੂਜੇ ਪਾਸੇ ਮਹਾਰਾਸ਼ਟਰ ਸਰਕਾਰ ਵਲੋਂ ਵੀ ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਚੇਅਰ ਨੂੰ ਮਹਾਰਾਸ਼ਟਰ ਦੀ ਸਵਾਮੀ ਰਾਮਾਨੰਦ ਤੀਰਥ ਮਰਾਠਵਾੜਾ ਯੂਨੀਵਰਸਿਟੀ, ਨਾਂਦੇੜ 'ਚ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਨਾਲ ਹੀ ਪੰਜਾਬੀ ਲੇਖਕਾਂ ਨੂੰ ਮਹਾਰਾਸ਼ਟਰ ਵਿਚ ਆਪਣਾ ਸੰਮੇਲਨ ਕਰਨ ਦਾ ਸੱਦਾ ਦਿੱਤਾ ਗਿਆ ਹੈ, ਜਿਸਦਾ ਸਾਰਾ ਪ੍ਰਬੰਧ ਮਹਾਰਾਸ਼ਟਰ ਸਰਕਾਰ ਵਲੋਂ ਕੀਤਾ ਜਾਏਗਾ।
ਸੰਤ ਨਾਮਦੇਵ ਜੀ ਨੂੰ ਯਾਦ ਕਰਦਿਆਂ ਹੀ ਇਸ ਮੌਕੇ ਇਹ ਵੀ ਯਤਨ ਹੋਇਆ ਕਿ ਘੁਮਾਣ ਨਗਰ ਨੂੰ ਪਵਿੱਤਰ ਨਗਰ ਦਾ ਦਰਜਾ ਦਿੱਤਾ ਜਾਏ, ਪਰ ਫਿਲਹਾਲ ਇਹ ਸੰਭਵ ਨਹੀਂ ਹੋ ਸਕਿਆ। ਪਵਿੱਤਰ ਨਗਰ ਦਾ ਦਰਜਾ ਦੇਣ ਨਾਲ ਨਗਰ 'ਚੋਂ ਸ਼ਰਾਬ ਦੀਆਂ, ਮੀਟ ਦੀਆਂ ਦੁਕਾਨਾਂ ਹਟਾਉਣੀਆਂ ਪੈਣਗੀਆਂ। ਸਰਕਾਰ ਆਪਣੇ ਰੈਵੀਨਿਊ ਦਾ ਧਿਆਨ ਰੱਖਦੀ ਹੋਈ ਇਸ ਪਾਸਿਓਂ ਟਾਲਾ ਵੱਟ ਗਈ ਹੈ। 'ਪਵਿੱਤਰ ਨਗਰ' ਦਾ ਦਰਜਾ ਮਿਲਣ ਨਾਲ ਸੰਤ ਨਾਮਦੇਵ ਜੀ ਦਾ ਇਹ ਨਗਰ ਦੁਨੀਆ ਦੇ ਨਕਸ਼ੇ 'ਤੇ ਆ ਜਾਂਦਾ।
ਮਰਾਠੀ ਸਾਹਿਤ ਸੰਮੇਲਨ ਵਿਚ ਭਾਗ ਲੈਣ ਲਈ ਬਹੁਤ ਸਾਰੇ ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵੱਖ-ਵੱਖ ਮਰਾਠੀ ਅਖਬਾਰਾਂ ਤੇ ਚੈਨਲਾਂ ਦੇ ਨੁਮਾਇੰਦੇ ਪਹੁੰਚੇ ਹੋਏ ਸਨ। ਦੋ ਦਿਨ ਹੋਏ ਮਰਾਠੀ ਭਾਸ਼ਾ ਦੇ ਕਵੀ ਦਰਬਾਰ 'ਚ ਹਿੰਦੀ ਦੀਆਂ ਤਾਂ ਕੁਝ ਕਵਿਤਾਵਾਂ ਸੁਣਨ ਨੂੰ ਮਿਲੀਆਂ, ਪਰ ਪੰਜਾਬੀ ਕਵੀ ਨਹੀਂ ਸਨ ਸ਼ਾਮਲ ਹੋਏ। ਮਰਾਠੀ ਬੋਲਣ ਵਾਲਿਆਂ ਦੀ ਕੋਈ ਗੱਲ ਪੰਜਾਬੀਆਂ ਦੇ ਪੱਲੇ ਨਹੀਂ ਪਈ ਤੇ ਪੰਜਾਬੀ ਦੀ ਕੋਈ ਗੱਲ ਮਰਾਠੀਆਂ ਦੇ ਸਮਝ ਨਹੀਂ ਆਈ। ਮਰਾਠੀ ਸਾਹਿਤ ਸੰਮੇਲਨ 'ਚ ਪੰਜਾਬੀ ਲੇਖਕਾਂ ਦੀ ਸਰਗਰਮ ਸ਼ਮੂਲੀਅਤ ਦੀ ਅਣਹੋਂਦ ਦੇਖਣ 'ਚ ਆਈ। ਮਰਾਠੀ ਮਹਿਮਾਨਾਂ ਲਈ ਕੀਤੇ ਗਏ ਖਾਣ-ਪੀਣ ਦੇ ਪ੍ਰਬੰਧ 'ਚ ਪਹਿਲੇ ਦਿਨ ਪੰਜਾਬੀਆਂ ਦੀ ਭੀੜ ਸਦਕਾ ਮਰਾਠੀ ਮਹਿਮਾਨ ਰੋਟੀ ਤੋਂ ਵਾਂਝੇ ਰਹਿ ਗਏ। ਅਗਲੇ ਦਿਨ ਪ੍ਰਸ਼ਾਸਨ ਨੇ ਖਾਣੇ ਵਾਲੇ ਸਥਾਨ 'ਤੇ ਪੰਜਾਬੀਆਂ ਦਾ ਦਾਖਲਾ ਬੰਦ ਕਰ ਦਿੱਤਾ। ਪੁਸਤਕ ਪ੍ਰਦਰਸ਼ਨੀ 'ਚ ਸਿਰਫ ਮਰਾਠੀ ਪੁਸਤਕਾਂ ਦੇ ਪਬਲੀਸ਼ਰਜ਼ ਹੀ ਸ਼ਾਮਲ ਕੀਤੇ ਗਏ ਜਦਕਿ ਬਾਕੀ ਭਾਸ਼ਾਵਾਂ ਦੇ ਪੁਸਤਕ ਪਬਲੀਸ਼ਰਜ਼ ਵੀ ਸ਼ਾਮਲ ਕੀਤੇ ਜਾ ਸਕਦੇ ਸਨ।
ਬੇਸ਼ੱਕ ਮਰਾਠੀ ਸਾਹਿਤ ਸੰਮੇਲਨ ਦਾ ਕੋਈ ਧਾਰਮਿਕ ਸਬੰਧ ਘੁਮਾਣ ਨਾਲ ਨਹੀਂ ਸੀ ਫਿਰ ਵੀ ਹਰੇਕ ਮਰਾਠਾ ਵਾਸੀ, ਕੇਂਦਰੀ ਅਤੇ ਹੋਰ ਮੰਤਰੀ, ਮਹਿਮਾਨਾਂ ਨੇ ਨਾਮਦੇਵ ਦਰਬਾਰ 'ਚ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ। ਸੰਨ 2000 ਵਿਚ ਪਹੁੰਚੇ 3500 ਸੰਤ ਨਾਮਦੇਵ ਦੇ ਮਰਾਠੀ ਪੈਰੋਕਾਰਾਂ ਨੇ ਇਸ ਨਗਰ 'ਚ ਜਿਹੜੀਆਂ ਰੌਣਕਾਂ ਲਗਾਈਆਂ ਸਨ ਉਸ ਨੂੰ ਉਥੋਂ ਦੇ ਲੋਕ ਅੱਜ ਵੀ ਯਾਦ ਕਰਦੇ ਹਨ। ਇਹ ਤਿੰਨ ਦਿਨਾ ਸਮਾਗਮ ਵੀ ਲੋਕਾਂ ਦੇ ਚੇਤਿਆਂ 'ਚ ਵਸਿਆ ਰਹੇਗਾ। ► ਕੁਲਦੀਪ ਸਿੰਘ ਬੇਦੀ
ਕੱਲ ਸਥਿਤੀਆਂ ਕੁਝ ਹੋਰ ਸਨ, ਅੱਜ ਕੁਝ ਹੋਰ ਹਨ
NEXT STORY