ਇਕ ਬੌਧ ਧਰਮ ਗੁਰੂ ਸਨ। ਉਨ੍ਹਾਂ ਦੇ ਦਰਸ਼ਨਾਂ ਲਈ ਲੋਕ ਅਕਸਰ ਆਸ਼ਰਮ ਵਿਚ ਆਉਂਦੇ ਸਨ। ਸਵਾਮੀ ਜੀ ਬੜੀ ਉਦਾਰਤਾ ਨਾਲ ਸਾਰਿਆਂ ਨੂੰ ਮਿਲਦੇ, ਗੱਲਾਂ ਕਰਦੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਕੱਢਦੇ। ਰੋਜ਼ ਸਵਾਮੀ ਜੀ ਕੋਲ ਸ਼ਰਧਾਲੂਆਂ ਦੀ ਭੀੜ ਲੱਗੀ ਰਹਿੰਦੀ ਸੀ।
ਸਵਾਮੀ ਜੀ ਦੀ ਪ੍ਰਸ਼ੰਸਾ ਸੁਣ ਕੇ ਇਕ ਪੇਂਡੂ ਵਿਅਕਤੀ ਬਹੁਤ ਪ੍ਰਭਾਵਿਤ ਹੋਇਆ। ਉਹ ਵੀ ਸਵਾਮੀ ਜੀ ਦੇ ਦਰਸ਼ਨਾਂ ਲਈ ਆਸ਼ਰਮ ਵਿਚ ਪਹੁੰਚਿਆ। ਸਵਾਮੀ ਜੀ ਦੇ ਅਲੌਕਿਕ ਅਕਸ ਨੂੰ ਦੇਖ ਕੇ ਉਸ ਨੇ ਇਕ ਸਵਾਲ ਪੁੱਛਿਆ। ਸਵਾਮੀ ਜੀ ਨੇ ਉਸ ਨੂੰ ਉਸ ਸਮੱਸਿਆ ਦਾ ਹੱਲ ਦੱਸਿਆ।
ਘਰ ਪਹੁੰਚ ਕੇ ਵਿਅਕਤੀ ਦੇ ਮਨ ਵਿਚ ਕਈ ਤਰ੍ਹਾਂ ਦੇ ਖਦਸ਼ੇ ਪੈਦਾ ਹੋਣ ਲੱਗੇ, ਜਿਨ੍ਹਾਂ ਨੂੰ ਦੂਰ ਕਰਨ ਲਈ ਉਹ ਫਿਰ ਦੂਜੇ ਦਿਨ ਸਵਾਮੀ ਜੀ ਕੋਲ ਗਿਆ। ਇਸ ਵਾਰ ਵੀ ਸਵਾਮੀ ਜੀ ਨੇ ਸ਼ਾਂਤ ਮਨ ਨਾਲ ਉਸ ਵਿਅਕਤੀ ਨੂੰ ਇਕ ਹੱਲ ਦੱਸਿਆ।
ਉਹ ਵਿਅਕਤੀ ਹੈਰਾਨ ਸੀ ਕਿ ਇਹ ਹੱਲ ਪਹਿਲੇ ਦਿਨ ਦੇ ਹੱਲ ਨਾਲੋਂ ਬਿਲਕੁਲ ਉਲਟ ਸੀ। ਇਸ ਗੱਲ ਨੂੰ ਲੈ ਕੇ ਉਹ ਵਿਅਕਤੀ ਬਹੁਤ ਗੁੱਸੇ ਹੋਇਆ। ਉਹ ਕਹਿਣ ਲੱਗਾ,''ਸਵਾਮੀ ਜੀ, ਕੱਲ ਤਾਂ ਤੁਸੀਂ ਕੁਝ ਹੋਰ ਹੀ ਹੱਲ ਦੱਸ ਰਹੇ ਸੀ ਅਤੇ ਅੱਜ ਕੁਝ ਹੋਰ। ਤੁਸੀਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਹੋ।''
ਇਸ 'ਤੇ ਸਵਾਮੀ ਜੀ ਮੁਸਕਰਾਏ ਅਤੇ ਬੋਲੇ,''ਜੋ ਮੈਂ ਕੱਲ ਸੀ, ਅੱਜ ਮੈਂ ਉਹ ਨਹੀਂ। ਕੱਲ ਵਾਲਾ ਮੈਂ ਤਾਂ ਕੱਲ ਦੇ ਨਾਲ ਹੀ ਖਤਮ ਹੋ ਗਿਆ ਸੀ। ਅੱਜ ਮੈਂ ਅੱਜ ਦਾ ਨਵਾਂ ਵਿਅਕਤੀ ਹਾਂ। ਕੱਲ ਸਥਿਤੀਆਂ ਕੁਝ ਹੋਰ ਸਨ, ਅੱਜ ਕੁਝ ਹੋਰ ਹਨ। ਜਦੋਂ ਅੱਜ ਮੈਂ ਨਵਾਂ ਹਾਂ ਤਾਂ ਕੱਲ ਦੀ ਸਮੱਸਿਆ ਦਾ ਹੱਲ ਕੱਲ ਵਾਂਗ ਕਿਉਂ ਕਰਾਂਗਾ। ਇਸ ਲਈ ਜੇ ਤੂੰ ਇਸ ਹੱਲ ਨੂੰ ਅਪਣਾਉਂਦਾ ਏਂ ਤਾਂ ਤੇਰੀ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਨਿਕਲ ਆਏਗਾ।''
ਕੰਨਾਂ ਨਾਲ ਸੁਣੋ, ਅੱਖਾਂ ਨਾਲ ਦੇਖੋ ਅਤੇ ਜੀਭ ਨਾਲ ਚੱਖੋ
NEXT STORY