ਜਲੰਧਰ(ਪ੍ਰੀਤ)-ਸੂਬੇ 'ਚ ਹੱਤਿਆ, ਲੁੱਟ, ਸਨੈਚਿੰਗ, ਚੋਰੀ ਤੇ ਧੋਖਾਦੇਹੀ ਜਿਹੇ ਸੰਗੀਨ ਅਪਰਾਧਾਂ ਨੂੰ ਅੰਜਾਮ ਦੇਣ ਵਾਲੇ ਖਤਰਨਾਕ ਗਿਰੋਹ ਦਾ ਜਲੰਧਰ ਦਿਹਾਤ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਗਿਰੋਹ ਦੇ 5 ਖਤਰਨਾਕ ਗੈਂਗਸਟਰਾਂ ਨੂੰ ਸਪੈਸ਼ਲ ਬ੍ਰਾਂਚ ਦੀ ਟੀਮ ਨੇ ਕਾਬੂ ਕਰਕੇ ਹਥਿਆਰ ਬਰਾਮਦ ਕੀਤੇ ਹਨ। ਗ੍ਰਿਫਤਾਰ ਕੀਤੇ ਗਏ ਇਹ ਗੈਂਗਸਟਰ ਦਰਜਨਾਂ ਅਪਰਾਧਿਕ ਕੇਸਾਂ ਵਿਚ ਸ਼ਾਮਲ ਹਨ ਅਤੇ ਵੱਖ-ਵੱਖ ਅਦਾਲਤਾਂ ਤੋਂ ਭਗੌੜੇ ਹਨ। ਖਤਰਨਾਕ ਗਿਰੋਹ ਲੁਧਿਆਣਾ, ਖੰਨਾ, ਨਵਾਂਸ਼ਹਿਰ, ਜ਼ੀਰਕਪੁਰ, ਮੋਹਾਲੀ ਤੇ ਹੁਸ਼ਿਆਰਪੁਰ ਸਮੇਤ ਹਿਮਾਚਲ ਪ੍ਰਦੇਸ਼ ਪੁਲਸ ਨੂੰ ਵੀ ਲੋੜੀਂਦੇ ਹਨ। ਜਲੰਧਰ ਦਿਹਾਤ ਦੇ ਐੱਸ. ਪੀ. ਡੀ. ਹਰਕੰਵਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਸਪੈਸ਼ਲ ਬ੍ਰਾਂਚ ਦੇ ਇੰਚਾਰਜ ਐੱਸ. ਆਈ. ਸ਼ਿਵ ਕੁਮਾਰ ਨੂੰ ਸੂਚਨਾ ਮਿਲੀ ਸੀ ਕਿ ਜਲੰਧਰ ਦਿਹਾਤ ਏਰੀਆ ਵਿਚ ਅਪਰਾਧਿਕ ਸੋਚ ਦੇ ਲੋਕ ਸਰਗਰਮ ਹਨ। ਸੂਚਨਾ ਮਿਲਦੇ ਹੀ ਏ. ਐੱਸ. ਆਈ. ਸ਼ਿਵ ਕੁਮਾਰ ਨੇ ਡੀ. ਐੱਸ. ਪੀ. ਡੀ. ਤਰਸੇਮ ਸਿੰਘ ਦੀ ਅਗਵਾਈ ਵਿਚ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਗੁਪਤ ਸੂਚਨਾ ਦੇ ਆਧਾਰ 'ਤੇ ਆਦਮਪੁਰ ਦੇ ਪਿੰਡ ਚੋਮੋ ਦੇ ਨੇੜੇ ਬਲੈਰੋ ਵਿਚ ਸਵਾਰ 5 ਖਤਰਨਾਕ ਅਪਰਾਧੀ ਜਸਪਾਲ ਸਿੰਘ ਉਰਫ ਜੱਸੀ ਪੁੱਤਰ ਸੰਤੋਖ ਸਿੰਘ ਵਾਸੀ ਕਲਮਾ ਥਾਣਾ ਨੂਰਪੁਰ ਬੇਦੀ ਜ਼ਿਲਾ ਰੋਪੜ, ਜਗਰੂਪ ਸਿੰਘ ਉਰਫ ਰੂਪ ਪੁੱਤਰ ਸੁੱਚਾ ਸਿੰਘ ਵਾਸੀ ਲੋਧੀਪੁਰ ਰੋਪੜ, ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਸੁਰਿੰਦਰ ਸਿੰਘ ਵਾਸੀ ਬਿੰਜੋ ਮਾਹਲਪੁਰ ਹੁਸ਼ਿਆਰਪੁਰ, ਸੋਨੂੰ ਭੱਟੀ ਪੁੱਤਰ ਲਾਲ ਚੰਦ ਵਾਸੀ ਫਿਰੋਜ਼ਪੁਰ ਅਤੇ ਸੁੱਖਾ ਉਰਫ ਕਾਕੂ ਪੁੱਤਰ ਅਨੇਤ ਸਿੰਘ ਵਾਸੀ ਨੌਰੰਗ ਕੇ ਲੇਲੀ ਫਿਰੋਜ਼ਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਦੋਸ਼ੀਆਂ ਕੋਲੋਂ ਮੌਕੇ 'ਤੇ 315 ਦੇ 2 ਪਿਸਤੌਲ ਅਤੇ 32 ਬੋਰ ਦਾ ਇਕ ਦੇਸੀ ਪਿਸਤੌਲ, ਕਾਰਤੂਸ ਅਤੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਐੱਸ. ਪੀ. ਖੱਖ ਨੇ ਦੱਸਿਆ ਕਿ ਉਕਤ ਪੰਜੇ ਗੈਂਗਸਟਰ ਖਤਰਨਾਕ ਅਪਰਾਧੀ ਹਨ। ਗਿਰੋਹ ਦਾ ਸੰਚਾਲਨ ਅੱਜਕਲ ਜਸਪਾਲ ਸਿੰਘ ਉਰਫ ਜੱਸੀ ਕਰ ਰਿਹਾ ਸੀ।
ਅਸਲ ਵਿਚ ਜੱਸੀ ਰੋਪੜ ਜ਼ਿਲੇ ਦੇ ਖਤਰਨਾਕ ਗੈਂਗਸਟਰ ਕੇਸਰ ਸਿੰਘ ਮੱਲ੍ਹੀ ਗੈਂਗ ਦਾ ਸਰਗਰਮ ਮੈਂਬਰ ਸੀ। ਕੁਝ ਸਮਾਂ ਪਹਿਲਾਂ ਮੱਲ੍ਹੀ ਦੀ ਉਸ ਦੇ ਵਿਰੋਧੀ ਗੈਂਗਸਟਰ ਬਚਿੱਤਰ ਸਿੰਘ ਅਤੇ ਉਸ ਦੇ ਗੁਰਗਿਆਂ ਨੇ ਹੱਤਿਆ ਕਰ ਦਿੱਤੀ ਸੀ। ਮੱਲ੍ਹੀ ਦੀ ਹੱਤਿਆ ਤੋਂ ਬਾਅਦ ਜਸਪਾਲ ਸਿੰਘ ਉਰਫ ਜੱਸੀ ਸਰਗਰਮ ਹੋਇਆ ਸੀ। ਜਸਪਾਲ ਸਿੰਘ ਅਤੇ ਉਸ ਦੇ ਸਾਥੀ ਜਗਰੂਪ ਸਿੰਘ ਉਰਫ ਰੂਪ ਦੋਵੇਂ ਕੇਸਰ ਸਿੰਘ ਮੱਲ੍ਹੀ ਗੈਂਗ ਨੂੰ ਚਲਾਉਣ ਲੱਗੇ ਸਨ।
ਐੱਸ. ਪੀ. ਖੱਖ ਨੇ ਦੱਸਿਆ ਕਿ ਮੁਲਜ਼ਮ ਜਸਪਾਲ ਤੇ ਜਗਰੂਪ ਦੇ ਖਿਲਾਫ ਕਈ ਜ਼ਿਲਿਆਂ ਵਿਚ 18 ਦੇ ਕਰੀਬ ਅਪਰਾਧਿਕ ਕੇਸ ਦਰਜ ਹਨ ਅਤੇ ਜ਼ਿਆਦਾਤਰ ਕੇਸਾਂ ਵਿਚ ਉਹ ਅਦਾਲਤ ਤੋਂ ਭਗੌੜੇ ਹਨ। ਗੈਂਗ ਦੇ ਮੈਂਬਰ ਰੋਪੜ, ਮੋਹਾਲੀ ਇਲਾਕੇ ਵਿਚ ਪੁਲਸ ਦੀ ਸਰਗਰਮੀ ਕਾਰਨ ਦੁਆਬਾ ਏਰੀਏ ਵਿਚ ਸਰਗਰਮ ਹੋਣ ਦੀ ਫਿਰਾਕ ਵਿਚ ਸਨ। ਪੰਜਾਂ ਦੋਸ਼ੀਆਂ ਕੋਲੋਂ ਵਾਰਦਾਤਾਂ 'ਚ ਸ਼ਾਮਲ ਹੋਰ ਅਪਰਾਧੀਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਦੇ ਮੁਤਾਬਕ ਰੋਪੜ, ਮੋਹਾਲੀ ਏਰੀਏ ਵਿਚ ਪੁਲਸ ਦੀ ਸਖ਼ਤੀ ਕਾਰਨ ਇਹ ਅਪਰਾਧੀ ਜਲੰਧਰ, ਅੰਮ੍ਰਿਤਸਰ ਏਰੀਏ ਵਿਚ ਸਰਗਰਮ ਹੋਣ ਦੀ ਫਿਰਾਕ 'ਚ ਸਨ।
ਇੰਸਪੈਕਟਰ ਗੱਬਰ ਸਿੰਘ 'ਤੇ ਚੜ੍ਹਾ ਦਿੱਤੀ ਸੀ ਗੱਡੀ : ਐੱਸ. ਪੀ. ਖੱਖ ਨੇ ਦੱਸਿਆ ਕਿ ਖਤਰਨਾਕ ਗੈਂਗਸਟਰ ਜਸਪਾਲ ਜੱਸੀ ਤੇ ਜਗਰੂਪ ਸਿੰਘ ਰੂਪ ਦੀ ਭਾਲ ਕਈ ਜ਼ਿਲਿਆਂ ਦੀ ਪੁਲਸ ਕਰ ਰਹੀ ਸੀ। ਉਕਤ ਗੈਂਗਸਟਰ ਇੰਨੇ ਧਾਕੜ ਸਨ ਕਿ ਪੁਲਸ ਇਨਕਾਊਂਟਰ ਤੋਂ ਵੀ ਬਚ ਨਿਕਲੇ ਅਤੇ ਪੁਲਸ ਵਾਲਿਆਂ 'ਤੇ ਹਮਲਾ ਕਰਨ ਤੋਂ ਨਹੀਂ ਸਨ ਡਰਦੇ। ਐੱਸ. ਪੀ. ਖੱਖ ਨੇ ਦੱਸਿਆ ਕਿ ਮਾਰਚ ਮਹੀਨੇ ਵਿਚ ਰੋਪੜ ਜ਼ਿਲੇ ਦੇ ਸੀ. ਆਈ. ਏ. ਇੰਸਪੈਕਟਰ ਗੱਬਰ ਸਿੰਘ ਨੂੰ ਇਨ੍ਹਾਂ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਪੁਲਸ ਟੀਮ ਸਮੇਤ ਜਸਪਾਲ ਜੱਸੀ ਦਾ ਪਿੱਛਾ ਕੀਤਾ। ਇਹ ਲੋਕ ਭੱਜਦੇ ਹੋਏ ਹਿਮਾਚਲ ਪ੍ਰਦੇਸ਼ ਦੀ ਹੱਦ 'ਚ ਪਹੁੰਚ ਗਏ, ਜਿਥੇ ਇਨ੍ਹਾਂ ਇੰਸਪੈਕਟਰ ਗੱਬਰ ਸਿੰਘ 'ਤੇ ਗੱਡੀ ਚੜ੍ਹਾ ਦਿੱਤੀ। ਕਾਤਲਾਨਾ ਹਮਲੇ ਵਿਚ ਇੰਸਪੈਕਟਰ ਗੱਬਰ ਸਿੰਘ ਵਾਲ-ਵਾਲ ਬਚੇ। ਉਨ੍ਹਾਂ ਦੇ ਪੈਰ ਵਿਚ ਫੈਕਚਰ ਆਇਆ। ਜਸਪਾਲ ਅਤੇ ਉਸ ਦੇ ਸਾਥੀਆਂ ਖਿਲਾਫ ਹਿਮਾਚਲ ਪ੍ਰਦੇਸ਼ ਦੇ ਥਾਣਾ ਧਰਮਪੁਰਾ ਵਿਚ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਕਰਵਾਇਆ ਗਿਆ। ਇਸੇ ਤਰ੍ਹਾਂ ਜ਼ੀਰਕਪੁਰ ਏਰੀਏ 'ਚ ਵੀ ਇਨ੍ਹਾਂ ਅਪਰਾਧੀਆਂ ਦਾ ਪੁਲਸ ਨਾਲ ਇਨਕਾਊਂਟਰ ਹੋਇਆ। ਇਹ ਦੋਵੇਂ ਅਪਰਾਧੀ ਪੁਲਸ ਇਨਕਾਊਂਟਰ ਵਿਚ ਬਚ ਨਿਕਲੇ ਅਤੇ ਇਨ੍ਹਾਂ ਦੇ ਸਾਥੀ ਦਿਲਪ੍ਰੀਤ ਸਿੰਘ ਨੂੰ ਅਸਲੇ ਸਮੇਤ ਕਾਬੂ ਕਰ ਲਿਆ ਹੈ।
ਜੱਸੀ 'ਤੇ 19 ਅਤੇ ਰੂਪ 'ਤੇ 18 ਕੇਸ ਹਨ ਦਰਜ : ਐੱਸ. ਪੀ. ਹਰਕੰਵਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਗਿਰੋਹ ਦਾ ਪਰਦਾਫਾਸ਼ ਹੋਣ ਨਾਲ ਲੁਧਿਆਣਾ, ਹੁਸ਼ਿਆਰਪੁਰ, ਨਵਾਂਸ਼ਹਿਰ, ਮੋਹਾਲੀ, ਰੋਪੜ, ਖੰਨਾ ਤੇ ਜ਼ੀਰਕਪੁਰ ਦੀ ਪੁਲਸ ਨੇ ਚੈਨ ਦਾ ਸਾਹ ਲਿਆ ਹੈ। ਗਿਰੋਹ ਦੇ ਸਰਗਣਾ ਜਸਪਾਲ ਜੱਸੀ ਖਿਲਾਫ ਇਨ੍ਹਾਂ ਜ਼ਿਲਿਆਂ ਵਿਚ ਕੁੱਟਮਾਰ, ਹੱਤਿਆ ਦੀ ਕੋਸ਼ਿਸ਼, ਲੁੱਟ-ਖੋਹ, ਸਨੈਚਿੰਗ, ਪੁਲਸ ਟੀਮਾਂ 'ਤੇ ਹਮਲਾ, ਚੋਰੀ, ਧੋਖਾਦੇਹੀ, ਵਾਹਨ ਚੋਰੀ ਅਤੇ ਅਸਲਾ ਐਕਟ ਦੇ ਕਰੀਬ 19 ਕੇਸ ਦਰਜ ਹਨ, ਜਦੋਂ ਕਿ ਇਸ ਦੇ ਸਾਥੀ ਜਗਰੂਪ ਸਿੰਘ ਖਿਲਾਫ ਕੁੱਟਮਾਰ, ਲੁੱਟ-ਖੋਹ, ਹੱਤਿਆ ਦੀ ਕੋਸ਼ਿਸ਼ ਦੇ 8 ਕੇਸ ਅਤੇ ਪਰਮਜੀਤ ਸਿੰਘ ਉਰਫ ਪੰਮਾ ਖਿਲਾਫ ਲੁਧਿਆਣਾ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਬੰਗਾ 'ਚ ਚੋਰੀ, ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਤੇ ਅਸਲਾ ਐਕਟ ਦੇ 18 ਕੇਸ ਦਰਜ ਹਨ। ਉਕਤ ਸਾਰੇ ਗੈਂਗਸਟਰ ਜ਼ਿਆਦਾਤਰ ਕੇਸਾਂ ਵਿਚ ਅਦਾਲਤ ਵਲੋਂ ਭਗੌੜੇ ਕਰਾਰ ਦਿੱਤੇ ਜਾ ਚੁੱਕੇ ਹਨ।
ਜੇਲ 'ਚ ਦੁਬਾਰਾ ਬਣਿਆ ਗੈਂਗ
ਐੱਸ. ਪੀ. ਖੱਖ ਨੇ ਦੱਸਿਆ ਕਿ ਕੇਸਰ ਸਿੰਘ ਮੱਲ੍ਹੀ ਦੀ ਹੱਤਿਆ ਤੋਂ ਬਾਅਦ ਜੱਸੀ ਤੇ ਰੂਪ ਵਲੋਂ ਦੁਬਾਰਾ ਗੈਂਗ ਸੰਗਠਿਤ ਕੀਤਾ ਗਿਆ। ਉਕਤ ਲੋਕ ਗੈਂਗ ਦਾ ਸੰਚਾਲਨ ਕਰਨ ਲੱਗੇ। ਇਸ ਕੇਸ ਵਿਚ ਫੜੇ ਜਾਣ ਤੋਂ ਬਾਅਦ ਜੇਲ 'ਚ ਇਨ੍ਹਾਂ ਦੀ ਮੁਲਾਕਾਤ ਫਿਰੋਜ਼ਪੁਰ ਦੇ ਸੋਨੂੰ ਭੱਟੀ ਤੇ ਸੁੱਖਾ ਕਾਕੂ ਨਾਲ ਹੋਈ। ਸੋਨੂੰ ਅਤੇ ਸੁੱਖਾ ਖਿਲਾਫ ਕੁੱਟਮਾਰ ਦੇ ਕੇਸ ਦਰਜ ਹਨ, ਇਹ ਜੇਲ ਵਿਚ ਪਰਮਜੀਤ ਪੰਮਾ ਨੂੰ ਮਿਲੇ। ਇਨ੍ਹਾਂ ਸਾਰਿਆਂ ਨੂੰ ਆਪਣੇ ਨਾਲ ਮਿਲਾ ਕੇ ਗੈਂਗ ਤਿਆਰ ਕਰ ਲਿਆ। ਏ. ਸੀ. ਪੀ. ਖੱਖ ਨੇ ਦੱਸਿਆ ਕਿ ਜੱਸੀ ਅਤੇ ਰੂਪ ਵਲੋਂ ਸੰਗਠਿਤ ਕੀਤਾ ਗਿਆ ਨਵਾਂ ਗੈਂਗ ਜੇਲ ਵਿਚ ਤਿਆਰ ਹੋਇਆ ਹੈ।
ਚੋਰ ਹੋਏ ਬੇਖੌਫ, ਨਹੀਂ ਕਰਦੇ ਸੀ. ਸੀ. ਟੀ. ਵੀ. ਦੀ ਵੀ ਪ੍ਰਵਾਹ
NEXT STORY