ਬਲਾਚੌਰ, (ਬ੍ਰਹਮਪੁਰੀ)- ਅੱਜ ਸਟੇਟ ਹਾਈਵੇ 24 ਬਲਾਚੌਰ ਤੋਂ ਗੜ੍ਹਸੰਕਰ 'ਤੇ ਲੱਗਭਗ 5 ਵਜੇ ਇਕ ਮਰਸਡੀਜ਼ ਬੈਂਜ਼ (ਏ.ਸੀ. ਕੋਚ ਬੱਸ) ਜੋ ਕਿ ਚੰਡੀਗੜ੍ਹ ਤੋਂ ਪਠਾਨਕੋਟ ਵੱਲ ਜਾ ਰਹੀ ਸੀ ਉਹ ਪਨਾਮ ਪਿੰਡ ਦੇ ਮੌੜ 'ਤੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਮੌਕੇ 'ਤੇ ਇਕਤਰ ਅੰਕੜਿਆਂ ਅਨੁਸਾਰ ਮਰਸਡੀਜ਼ ਬੈਂਜ਼ ਜੋ ਕਿ ਤਾਜ ਟਰੈਵਲ ਬਠਿੰਡਾ ਵਾਲਿਆਂ ਦੀ ਸੀ ਜਿਸ ਦਾ ਨੰਬਰ ਪੜ੍ਹਣਾ ਬਹੁਤ ਮੁਸ਼ਕਿਲ ਸੀ।
ਬੱਸ ਨੰ. ਪੀ ਬੀ 03 ਵੀ 8300 ਜਦੋਂ ਪਨਾਮ ਚੌਕ ਕੋਲ ਪਹੁੰਚੀ ਤਾਂ ਆਲੇ ਦੁਆਲੇ ਦੇ ਦੁਕਾਨਦਾਰਾਂ ਵਲੋਂ ਦੱਸਣ ਅਨੁਸਾਰ ਇਕ ਭਾਰੀ ਪਿਪਲ ਨੂੰ ਚੀਰਦੀ ਬੱਸ ਦੇ ਪਰਖਚੇ ਉਡ ਗਏ। ਜਿਸ ਦਾ ਕਾਰਨ ਡਰਾਈਵਰ ਵਲੋਂ ਸੰਤੁਲਨ ਗੁਆ ਦੇਣਾ ਮੰਨਿਆ ਜਾ ਰਿਹਾ ਹੈ। ਭਾਵੇਂ ਕਿ ਇਸ ਸੜਕ ਹਾਦਸੇ 'ਚ ਖਬਰ ਲਿਖਣ ਤਕ 3 ਮੌਤਾਂ ਤੇ ਤਿੰਨ ਦਰਜਨ ਤੋਂ ਵੱਧ ਸਵਾਰੀਆਂ ਦੇ ਗੰਭੀਰ ਤੌਰ 'ਤੇ ਫੱਟੜ ਹੋਣਾ ਦੱਸਿਆ ਜਾ ਰਿਹਾ ਹੈ ਪਰ ਅਸਲ 'ਚ ਇਹ ਮੌਤ ਦੇ ਅੰਕੜੇ ਗੈਰ ਸਰਕਾਰੀ ਸੂਤਰਾਂ ਅਨੁਸਾਰ ਵੱਧ ਲੱਗਦੇ ਹਨ।
ਇਥੇ ਦਸਣਯੋਗ ਹੈ ਕਿ ਬੱਸ ਦਾ ਸਟੇਰਿੰਗ ਪਿਪਲ ਦੇ ਦਰਖਤ 'ਚ ਫਸਿਆ ਹੋਇਆ ਦੇਖਿਆ ਗਿਆ ਤੇ ਬੱਸ ਦਾ ਬਾਕੀ ਹਿਸਾ ਤਿੰਨ ਭਾਗਾਂ 'ਚ ਵੰਡਿਆ ਗਿਆ। ਇਕ ਲਾਸ਼ ਤਾਂ ਬੱਸ ਤੋਂ 30 ਫੁੱਟ ਦੂਰ ਜਾ ਕੇ ਡਿੱਗੀ। ਇਥੇ ਦੱਸਣਾ ਇਹ ਜ਼ਰੂਰੀ ਹੈ ਕਿ ਇਹ ਮਰਸਡੀਜ਼ ਬੱਸਾਂ ਜੋ ਰੋਜ਼ਾਨਾ ਵੱਖ-ਵੱਖ ਰੋਡਾਂ 'ਤੇ ਚੱਲਦਿਆਂ ਹਨ ਇਨ੍ਹਾਂ ਦੀ ਰਫਤਾਰ ਹਮੇਸ਼ਾ 120 ਤੋਂ ਵੱਧ ਹੁੰਦੀ ਹੈ। ਰੋਜ਼ਾਨਾ ਇਸ ਮਾਰਗ 'ਤੇ ਚੱਲਣ ਵਾਲੇ ਲੋਕਾਂ ਨੇ ਦੱਸਿਆ ਕਿ ਇਨ੍ਹਾਂ ਬੱਸਾਂ ਦੇ ਚਾਲਕ ਐਨੀ ਜ਼ਿਆਦਾ ਗਲਤ ਡਰਾਈਵਿੰਗ ਕਰਦੇ ਹਨ ਕਿ ਰੋਡ 'ਤੇ ਚੱਲਣ ਵਾਲੇ ਕਿ ਆਲੇ-ਦੁਆਲੇ ਦੇ ਦੇਖਣ ਵਾਲੇ ਵੀ ਸਹਿਮ ਜਾਂਦੇ ਹਨ।
ਇਨ੍ਹਾਂ ਦੀ ਕਈ ਵਾਰ ਜ਼ੁਬਾਨੀ ਸ਼ਿਕਾਇਤ ਵੀ ਕੀਤੀ ਜਾਂਦੀ ਹੈ ਪਰ ਟ੍ਰੈਫਿਕ ਪੁਲਸ ਤੇ ਪ੍ਰਸ਼ਾਸਨ ਇਨ੍ਹਾਂ ਵੱਡੇ ਟਰਾਂਸਪੋਟਰਾਂ ਦੀਆਂ ਬੱਸਾਂ ਅਗੇ ਬੇਵਸ ਹੋ ਜਾਂਦੇ ਹਨ। ਜਦਕਿ ਹਾਦਸੇ ਦੀ ਸ਼ਿਕਾਰ ਇਸ ਬਸ ਦੀ ਉਦਾਹਰਣ ਤੋਂ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਦੀ ਨੰਬਰ ਪਲੇਟ ਨਾ ਪੜ੍ਹਣ ਯੋਗ ਹੋਣ ਕਰਕੇ ਵੀ ਰੋਜ਼ਾਨਾ 7 ਜ਼ਿਲਿਆਂ 'ਚੋਂ ਲੰਘਦੀ ਇਸ ਬੱਸ ਨੂੰ ਕਦੇ ਵੀ ਕਿਸੇ ਅਧਿਕਾਰੀ ਜਾਂ ਟ੍ਰੈਫਿਕ ਵਾਲਿਆਂ ਨੇ ਰੋਕਣਾ ਸਹੀ ਨਾ ਸਮਝਿਆ, ਜਿਸ ਦਾ ਨਤੀਜਾ ਅੱਜ ਬੇਕਸੂਰ ਲੋਕਾਂ ਨੂੰ ਜਾਨ ਗੁਆ ਕੇ ਤੇ ਜ਼ਖਮੀ ਹੋ ਕੇ ਭਰਨਾ ਪਿਆ।
ਇਨ੍ਹਾਂ ਬੱਸਾਂ ਨੂੰ (ਮਰਸਡੀਜ਼) ਤੇ ਹੋਰ ਪ੍ਰਾਈਵੇਟ ਇਕ ਦਰਜਨ ਬੱਸਾਂ ਨੂੰ ਲੋਕ ਬੰਦੇ ਖਾਣੀਆਂ ਬੱਸਾਂ ਦੇ ਨਾਮ ਨਾਲ ਪੁਕਾਰਦੇ ਹਨ ਪਰ ਪ੍ਰਸ਼ਾਸਨ ਦੀ ਗੂੜੀ ਨੀਂਦ ਹਾਦਸੇ ਦੇ ਬਾਅਦ ਹੂੰਟਰਾਂ ਦੇ ਰੂਪ 'ਚ ਖੁੱਲ੍ਹ ਜਾਂਦੀ ਹੈ ਤੇ ਲੀਡਰਾਂ ਦੀ ਨੀਂਦ ਦੁੱਖ ਦੇ ਪ੍ਰਗਟਾਵੇ ਦੇ ਰੂਪ 'ਚ ਪ੍ਰਗਟ ਹੋ ਜਾਂਦੀ ਹੈ। ਕੋਈ ਵੀ ਇਨ੍ਹਾਂ ਦੀਆਂ ਲਾਪਰਵਾਹੀਆਂ ਵੱਲ ਧਿਆਨ ਨਹੀਂ ਇਸ ਕਰਕੇ ਨਹੀਂ ਦੇ ਰਿਹਾ ਸ਼ਾਇਦ ਇਹ ਬੱਸਾਂ ਪੰਜਾਬ ਸਰਕਾਰ ਦੇ ਕਿਸੇ ਵੱਡੇ ਰੁਤਬੇ ਵਾਲਿਆਂ ਦੀਆਂ ਹਨ।
ਗੜ੍ਹਸ਼ੰਕਰ ਵਿਖੇ ਵਾਪਰਿਆ ਰੂਹ ਕੰਬਾ ਦੇਣ ਵਾਲਾ ਹਾਦਸਾ, ਬੱਸ ਦੇ ਉਡੇ ਪਰਖਚੇ (ਦੇਖੋ ਤਸਵੀਰਾਂ)
NEXT STORY