ਮੋਹਾਲੀ(ਨਿਆਮੀਆਂ)- ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਨੇ ਕਾਂਗਰਸ ਦੀਆਂ ਸਰਕਾਰਾਂ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਸ਼ਹੀਦ ਤੋਂ ਬਾਅਦ ਉਨ੍ਹਾਂ ਦੇ ਸਾਰੇ ਹੀ ਰਿਸ਼ਤੇਦਾਰਾਂ ਤੇ ਪਰਿਵਾਰਾਂ ਦੀ ਜਾਸੂਸੀ ਕਰਵਾਈ ਜਾਂਦੀ ਰਹੀ ਹੈ। ਅੱਜ ਇੱਥੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਸ਼ਹੀਦ ਭਗਤ ਸਿੰਘ ਦੇ ਛੋਟੇ ਭਰਾ ਕੁਲਵੀਰ ਸਿੰਘ ਦੇ ਬੇਟੇ ਅਭੈ ਸਿੰਘ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਇੰਨੇ ਸਾਲ ਬਾਅਦ ਤੱਕ ਵੀ ਉਨ੍ਹਾਂ ਦੀ ਜਾਸੂਸੀ ਕਰਵਾਈ ਜਾ ਰਹੀ ਹੈ। ਅਭੈ ਸਿੰਘ ਸੰਧੂ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੀ ਭੈਣ ਤੇ ਉਨ੍ਹਾਂ ਦੀ ਸਕੀ ਭੂਆ ਅਮਰ ਕੌਰ ਦੀ ਸਾਰੀ ਜ਼ਿੰਦਗੀ ਜਾਸੂਸੀ ਹੁੰਦੀ ਰਹੀ। ਉਨ੍ਹਾਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਦੇ ਪਿਤਾ ਕੁਲਵੀਰ ਸਿੰਘ ਨੇ ਜਨ ਸੰਘ ਵਲੋਂ ਵਿਧਾਇਕ ਦੀ ਚੋਣ ਲੜੀ ਹੈ, ਉਦੋਂ ਤੋਂ ਕਾਂਗਰਸ ਪਾਰਟੀ ਉਨ੍ਹਾਂ ਦੇ ਪਿੱਛੇ ਹੱਥ ਧੋ ਕੇ ਪਈ ਰਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਫੋਨ ਤੱਕ ਟੇਪ ਕੀਤੇ ਜਾਂਦੇ ਹਨ ਤੇ ਜਦੋਂ ਵੀ ਉਹ ਕਿਤੇ ਜਾਂਦੇ ਹਨ ਤਾਂ 'ਚਿਟਕੱਪੜੀਏ ਮੁਲਾਜ਼ਮ' ਉਨ੍ਹਾਂ ਦਾ ਪਿੱਛਾ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਪਰਿਵਾਰ ਦੀ ਵੀ ਜਾਸੂਸੀ ਹੁੰਦੀ ਰਹੀ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਸਾਹਮਣੇ ਆਈਆਂ ਰਿਪੋਰਟਾਂ ਵਿਚ ਨੇਤਾ ਜੀ ਦੀ ਜਾਸੂਸੀ ਪੰਡਿਤ ਜਵਾਹਰ ਲਾਲ ਨਹਿਰੂ ਵਲੋਂ ਕਰਵਾਏ ਜਾਣ ਦੀਆਂ ਗੱਲਾਂ ਸਾਹਮਣੇ ਆਈਆਂ ਹਨ। ਅਜਿਹੇ ਵਿਚ ਦੇਸ਼ ਦੇ ਇਕ ਹੋਰ ਵੱਡੇ ਦੇਸ਼ ਭਗਤ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਵਲੋਂ ਜਾਸੂਸੀ ਕਰਵਾਏ ਜਾਣ ਦੇ ਦੋਸ਼ ਲੱਗਣਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।
ਕੌਣ ਰੋਕੂ ਇਨ੍ਹਾਂ ਬੰਦੇ ਖਾਣੀਆਂ ਬੱਸਾਂ ਨੂੰ... (ਦੇਖੋ ਤਸਵੀਰਾਂ)
NEXT STORY