ਜਲੰਧਰ(ਧਵਨ)¸ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪਾਰਟੀ ਨੂੰ ਇਕਜੁੱਟ ਰੱਖਣ ਅਤੇ ਪਾਰਟੀ ਦੀ ਮਜ਼ਬੂਤੀ ਲਈ ਸੋਨੀਆ ਗਾਂਧੀ ਨੂੰ ਨੰ. 1 ਅਤੇ ਰਾਹੁਲ ਨੂੰ ਨੰ. 2 ਦੇ ਅਹੁਦੇ 'ਤੇ ਰਹਿਣਾ ਚਾਹੀਦਾ ਹੈ ਅਤੇ ਮੌਜੂਦਾ ਹਾਲਾਤ ਨੂੰ ਕਾਇਮ ਰੱਖਣਾ ਹੀ ਪਾਰਟੀ ਦੇ ਹਿੱਤ ਵਿਚ ਹੈ। ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ ਕਿ ਪਾਰਟੀ ਦੇ ਮੀਤ ਪ੍ਰਧਾਨ ਅਹੁਦੇ 'ਤੇ ਰਹਿ ਕੇ ਰਾਹੁਲ ਗਾਂਧੀ ਨੂੰ ਹੋਰ ਤਜਰਬਾ ਹਾਸਲ ਕਰਨਾ ਚਾਹੀਦਾ ਹੈ ਅਤੇ ਹੌਲੀ-ਹੌਲੀ ਲੀਡਰਸ਼ਿਪ ਵਿਚ ਤਬਦੀਲੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਦੋ ਸ਼ਕਤੀ ਕੇਂਦਰ ਨਹੀਂ ਬਣਨੇ ਚਾਹੀਦੇ ਕਿਉਂਕਿ ਤੁਸੀਂ ਸੀਨੀਅਰ ਆਗੂਆਂ ਨੂੰ ਤੁਰੰਤ ਵੱਖਰੇ ਨਹੀਂ ਰੱਖ ਸਕਦੇ। ਨੌਜਵਾਨ ਸਾਡੇ ਭਵਿੱਖ ਦੇ ਆਗੂ ਹਨ ਅਤੇ ਹੌਲੀ-ਹੌਲੀ ਅਖੀਰ ਨੂੰ ਉਨ੍ਹਾਂ ਦੇ ਹੱਥਾਂ ਵਿਚ ਹੀ ਕਮਾਨ ਜਾਣੀ ਹੈ।
ਰਾਹੁਲ ਦੇ ਅਗਿਆਤ ਵਾਸ ਸੰਬੰਧੀ ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਨੂੰ ਈਮੇਲ ਭੇਜ ਕੇ ਛੁੱਟੀ 'ਤੇ ਨਾ ਜਾਣ ਦੀ ਸਲਾਹ ਦਿੱਤੀ ਸੀ ਅਤੇ ਕਿਹਾ ਕਿ ਹੁਣ ਉਨ੍ਹਾਂ ਨੂੰ ਵਾਪਸ ਪਰਤ ਆਉਣਾ ਚਾਹੀਦਾ ਹੈ ਪਰ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ।
ਰਾਹੁਲ ਤੇ ਪ੍ਰਿਯੰਕਾ ਵਿਚੋਂ ਕੌਣ ਬਿਹਤਰ ਹੋਵੇਗਾ, ਇਸ ਸੰਬੰਧੀ ਉਨ੍ਹਾਂ ਕਿਹਾ ਕਿ ਦੋਵੇਂ ਭਰਾ-ਭੈਣ ਇਕ-ਦੂਜੇ ਦੇ ਪੂਰਕ ਹਨ।
ਕੈਪਟਨ ਨੇ ਸੁਬਰਾਮਣੀਅਮ ਸਵਾਮੀ ਨੂੰ ਸਲਾਹ ਦਿੱਤੀ ਕਿ ਉਹ ਫਰਾਂਸ ਤੋਂ ਖਰੀਦੇ ਜਾਣ ਵਾਲੇ ਰਾਫੇਲ ਜਹਾਜ਼ਾਂ ਦੇ ਰਾਹ ਵਿਚ ਅੜਿੱਕਾ ਨਾ ਪੈਦਾ ਕਰਨ ਜਿਨ੍ਹਾਂ ਸੰਬੰਧੀ ਪ੍ਰਧਾਨ ਮੰਤਰੀ ਨੇ ਫਰਾਂਸ ਯਾਤਰਾ ਦੌਰਾਨ ਸਮਝੌਤਾ ਕੀਤਾ। ਉਨ੍ਹਾਂ ਨੇ ਭਾਰਤ ਸਰਕਾਰ ਵਲੋਂ ਜਹਾਜ਼ਾਂ ਦੀ ਖਰੀਦ ਕਰਨ 'ਤੇ ਸਰਕਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਨਾਲ ਭਾਰਤੀ ਹਵਾਈ ਫੌਜ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਦੱਸਿਆ ਕਿ ਚੀਨ ਦੀ ਹਵਾਈ ਫੌਜ ਦੇ ਮੁਕਾਬਲੇ ਅਸੀਂ ਕਾਫੀ ਪਿੱਛੇ ਹਾਂ। ਭਾਰਤੀ ਹਵਾਈ ਫੌਜ ਕੋਲ ਘੱਟੋ-ਘੱਟ 45 ਸਵਾਰਡਨ ਹੋਣੇ ਚਾਹੀਦੇ ਹਨ ਜਦਕਿ ਸਾਡੇ ਕੋਲ ਸਿਰਫ 32 ਹਨ। ਮਿਗ-21 ਜਹਾਜ਼ 1965 ਵਿਚ ਸ਼ਾਮਲ ਕੀਤੇ ਗਏ ਸਨ ਜਦਕਿ ਇਹ ਕਾਫੀ ਪੁਰਾਣੇ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਸਾਨੂੰ ਸਿਆਸਤ ਛੱਡ ਕੇ ਦੇਸ਼ ਦੀ ਸੁਰੱਖਿਆ ਦੀਵਾਰ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ। ਹਰ ਸਾਲ ਰੱਖਿਆ ਮੰਤਰਾਲਾ ਲਈ ਬਜਟ ਬਣਾਇਆ ਜਾਂਦਾ ਹੈ ਪਰ ਉਨ੍ਹਾਂ ਦੇ ਫੰਡ ਲੈਪਸ ਹੋ ਜਾਂਦੇ ਹਨ। ਫੌਜ ਕੋਲ ਵੀ ਆਧੁਨਿਕ ਗੋਲਾ-ਬਾਰੂਦ ਨਹੀਂ ਹੈ। ਫੌਜੀਆਂ ਨੂੰ ਵੀ ਨਵੀਆਂ ਰਾਈਫਲਾਂ ਚਾਹੀਦੀਆਂ ਹਨ।
ਜਦੋਂ ਵਿਦਿਆਰਥੀ ਦੀ ਹੀ ਬਣਾਈ ਅਸ਼ਲੀਲ ਵੀਡੀਓ...!
NEXT STORY