* ਸੋਨੀਆ ਗਾਂਧੀ ਹੀ ਰਹਿਣ ਪਾਰਟੀ ਪ੍ਰਧਾਨ
* ਦੋ ਪਾਵਰ ਸੈਂਟਰਾਂ ਨਾਲ ਪੈਦਾ ਹੁੰਦੀ ਹੈ ਦੁਚਿੱਤੀ
ਜਲੰਧਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਸਬੰਧੀ ਇਕ ਨਵਾਂ ਬਿਆਨ ਦੇ ਕੇ ਸਿਆਸੀ ਹਲਕਿਆਂ ਵਿਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਇਕ ਟੀ. ਵੀ. ਚੈਨਲ ਨੂੰ ਦਿੱਤੀ ਗਈ ਇੰਟਰਵਿਊ ਦੌਰਾਨ ਕੈਪਟਨ ਦਾ ਕਹਿਣਾ ਸੀ ਕਿ ਕਾਂਗਰਸ ਪਾਰਟੀ ਇਸ ਵੇਲੇ ਬੁਰੇ ਦੌਰ ਵਿਚੋਂ ਲੰਘ ਰਹੀ ਹੈ। ਇਸ ਲਈ ਰਾਹੁਲ ਗਾਂਧੀ ਨੂੰ ਫਿਲਹਾਲ ਪਾਰਟੀ ਦਾ ਪ੍ਰਧਾਨ ਬਣਾਉਣਾ ਠੀਕ ਨਹੀਂ ਹੈ। ਕੈਪਟਨ ਸਿੰਘ ਦਾ ਕਹਿਣਾ ਸੀ ਕਿ ਰਾਹੁਲ ਗਾਂਧੀ ਦੀ ਸੋਚ ਤਾਂ ਸਹੀ ਹੈ ਪਰ ਉਨ੍ਹਾਂ ਕੋਲ ਪਾਰਟੀ ਦੀ ਅਗਵਾਈ ਕਰਨ ਸਬੰਧੀ ਲੋੜੀਂਦੇ ਸਿਆਸੀ ਤਜਰਬੇ ਦੀ ਘਾਟ ਹੈ। ਇਸ ਲਈ ਰਾਹੁਲ ਗਾਂਧੀ ਨੂੰ ਪਾਰਟੀ ਦੀ ਪ੍ਰਧਾਨਗੀ ਸੌਂਪਣ ਵਿਚ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਅਜਿਹੇ ਆਗੂ ਦੀ ਲੋੜ ਹੈ ਜੋ ਕਾਂਗਰਸ ਨੂੰ ਮੁੜ ਤੋਂ ਉਚਾ ਚੁੱਕ ਸਕੇ। ਇਸ ਲਈ ਸੋਨੀਆ ਗਾਂਧੀ ਨੂੰ ਹੀ ਫਿਲਹਾਲ ਪਾਰਟੀ ਪ੍ਰਧਾਨ ਬਣੇ ਰਹਿਣਾ ਚਾਹੀਦਾ ਹੈ। ਕੈਪਟਨ ਸਿੰਘ ਦਾ ਇਹ ਵੀ ਕਹਿਣਾ ਸੀ ਕਿ ਪਾਰਟੀ ਅੰਦਰ ਦੋ ਪਾਵਰ ਸੈਂਟਰ ਹੋਣ ਕਾਰਨ ਵਰਕਰਾਂ ਵਿਚ ਦੁਚਿੱਤੀ ਪੈਦਾ ਹੁੰਦੀ ਹੈ। ਇਸ ਲਈ ਇਸ ਭੰਬਲਭੂਸੇ ਤੋਂ ਬਚਿਆ ਰਹਿਣਾ ਚਾਹੀਦਾ ਹੈ। ਰਾਹੁਲ ਗਾਂਧੀ ਨੂੰ ਸੋਨੀਆ ਗਾਂਧੀ ਕੋਲੋਂ ਹਾਲੇ ਹੋਰ ਤਜਰਬਾ ਹਾਸਲ ਕਰਨਾ ਚਾਹੀਦਾ ਹੈ।
ਪ੍ਰਿਯੰਕਾ ਗਾਂਧੀ ਨੂੰ ਅੱਗੇ ਲਿਆਉਣ ਦੀ ਕੁਝ ਵਰਕਰਾਂ ਵਲੋਂ ਕੀਤੀ ਜਾ ਰਹੀ ਮੰਗ ਸਬੰਧੀ ਉਨ੍ਹਾਂ ਦਾ ਕਹਿਣਾ ਸੀ ਕਿ ਪ੍ਰਿਯੰਕਾ ਅਤੇ ਰਾਹੁਲ ਇਕ-ਦੂਜੇ ਦੇ ਪੂਰਕ ਹਨ ਇਸ ਲਈ ਉਨ੍ਹਾਂ ਨੂੰ ਇਕੱਠਿਆਂ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਪਾਰਟੀ ਦੇ ਸੀਨੀਅਰ ਆਗੂਆਂ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦਾ ਕਹਿਣਾ ਸੀ ਕਿ ਪਾਰਟੀ ਦੇ ਪੁਰਾਣੇ ਆਗੂਆਂ ਨੂੰ ਖੂੰਜੇ ਲਾ ਕੇ ਰੱਖਣਾ ਠੀਕ ਨਹੀਂ ਹੈ ਕਿਉਂਕਿ ਅਜਿਹੇ ਵਿਚ ਉਹ ਪਾਰਟੀ ਨੂੰ ਛੱਡ ਕੇ ਜਾ ਸਕਦੇ ਹਨ। ਆਪਣੇ ਸਿਆਸੀ ਕਰੀਅਰ ਸਬੰਧੀ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸਰਗਰਮ ਰਾਜਨੀਤੀ ਲਈ ਪੂਰੀ ਤਰ੍ਹਾਂ ਫਿੱਟ ਹਨ ਅਤੇ ਉਨ੍ਹਾਂ ਦੀ ਸਿਆਸਤ ਤੋਂ ਰਿਟਾਇਰ ਹੋਣ ਦੀ ਕੋਈ ਤਿਆਰੀ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਉਨ੍ਹਾਂ 'ਤੇ ਜਬਰੀ ਰਿਟਾਇਰਮੈਂਟ ਲਈ ਦਬਾਅ ਬਣਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਵੀ ਕੋਈ ਵੱਖਰਾ ਰਸਤਾ ਲੱਭਣਾ ਪਵੇਗਾ।
ਤਾਰਾਂ 'ਚ ਫਸਿਆ ਨਿਸ਼ਾਨ ਸਾਹਿਬ, ਗ੍ਰੰਥੀ ਦੀ ਮੌਤ ; 4 ਝੁਲਸੇ
NEXT STORY