ਨਵੀਂ ਦਿੱਲੀ (ਵਿਸ਼ੇਸ਼) - ਭਾਜਪਾ ਪ੍ਰਧਾਨ ਅਮਿਤ ਸ਼ਾਹ ਵਲੋਂ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ 'ਚੋਂ ਬਾਹਰ ਕੀਤੇ ਜਾਣ ਮਗਰੋਂ ਉੱਚੀ ਉਡਾਣ ਭਰਨ ਵਾਲੀ ਮਨੁੱਖੀ ਸਰੋਤ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਦੀਆਂ ਮਸੀਬਤਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਜਾਪਦਾ ਹੈ ਕਿ ਹੁਣ ਸਮ੍ਰਿਤੀ ਦਾ ਮੰਤਰਾਲਾ ਵੀ ਬਦਲਿਆ ਜਾ ਸਕਦਾ ਹੈ। ਬੇਂਗਲੁਰੂ 'ਚ ਜਦੋਂ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਚਲ ਰਹੀ ਸੀ ਤਾਂ ਜਿਸ ਢੰਗ ਨਾਲ ਸਮ੍ਰਿਤੀ ਨੇ ਗੋਆ 'ਚ ਫੈਬ ਇੰਡੀਆ ਦੇ ਸ਼ੋਅ ਰੂਮ 'ਚ ਹੰਗਾਮਾ ਕੀਤਾ ਸੀ, ਉਹ ਨਾ ਤਾਂ ਪਾਰਟੀ 'ਚ ਠੰਡਾ ਪੈ ਰਿਹਾ ਹੈ ਅਤੇ ਨਾ ਹੀ ਸਰਕਾਰ 'ਚ।
ਮਨੁੱਖੀ ਸਰੋਤ ਮੰਤਰਾਲਾ ਦੇ 7 ਸੰਯੁਕਤ ਸਕੱਤਰ ਬਾਹਰ ਜਾ ਚੁੱਕੇ ਹਨ, ਇਥੋਂ ਤਕ ਕਿ ਮੰਤਰਾਲੇ ਦਾ ਸਕੱਤਰ ਵੀ ਸਮ੍ਰਿਤੀ ਨਾਲ ਕੰਮ ਕਰਨ ਦਾ ਚਾਹਵਾਨ ਨਹੀਂ। ਸਮ੍ਰਿਤੀ ਗੰਭੀਰ ਮੁਸ਼ਕਲ 'ਚ ਫਸੀ ਹੋਈ ਹੈ। ਬੇਸ਼ੱਕ ਆਰ. ਐੱਸ. ਐੱਸ. ਦੇ ਕੁਝ ਪੁਰਾਣੇ ਆਗੂ ਸਮ੍ਰਿਤੀ ਨਾਲ ਖੁਸ਼ ਹਨ ਕਿਉਂਕਿ ਮੰਤਰੀ ਨੇ ਉਨ੍ਹਾਂ ਦੇ ਹੁਕਮਾਂ ਦਾ ਪਾਲਣ ਕੀਤਾ ਸੀ ਪਰ ਅਮਿਤ ਸ਼ਾਹ ਮੰਤਰੀ ਨਾਲ ਨਫਰਤ ਕਰਦੇ ਹਨ। ਇਥੋਂ ਤਕ ਕਿ ਵਿੱਤ ਮੰਤਰੀ ਅਰੁਣ ਜੇਤਲੀ ਵੀ ਉਨ੍ਹਾਂ ਦੇ ਕੰਮਕਾਜ ਤੋਂ ਨਾਰਾਜ਼ ਹਨ। ਉਹ ਵਿੱਤ ਮੰਤਰੀ ਜੇਤਲੀ ਨੂੰ ਭਰਮਾਉਣ ਦੀ ਬੇਲੋੜੀ ਕੋਸ਼ਿਸ਼ ਕਰ ਰਹੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਸਮ੍ਰਿਤੀ ਨੂੰ ਸਰਕਾਰ ਵਿਚੋਂ ਹਟਾ ਕੇ ਉਤਰ ਪ੍ਰਦੇਸ਼ ਵਿਚ ਪਾਰਟੀ ਦੇ ਕੰਮਕਾਜ ਲਈ ਭੇਜਣ ਦੀ ਚਰਚਾ ਚੱਲ ਰਹੀ ਹੈ ਜਿਥੇ 2017 ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਨਾਲ ਸਮ੍ਰਿਤੀ ਦੇ ਬੁਰੇ ਦਿਨਾਂ ਦੀ ਸ਼ੁਰੂਆਤ ਹੋਵੇਗੀ। ਬਹੁਤ ਸਾਰੇ ਅਜਿਹੇ ਆਗੂ ਵੀ ਹਨ ਜੋ ਮਹਿਸੂਸ ਕਰਦੇ ਹਨ ਕਿ ਸਮ੍ਰਿਤੀ ਨੂੰ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਤੋਂ ਬਦਲਿਆ ਜਾਵੇਗਾ ਅਤੇ ਫੂਡ ਪ੍ਰੋਸੈਸਿੰਗ ਵਿਭਾਗ 'ਚ ਭੇਜਿਆ ਜਾ ਸਕਦਾ ਹੈ । ਹਰਸਿਮਰਤ ਕੌਰ ਬਾਦਲ, ਜੋ ਵਧੀਆ ਮੰਤਰਾਲਾ ਚਾਹੁੰਦੀ ਹੈ, ਨੂੰ ਪੁਰਸਕਾਰ ਮਿਲ ਸਕਦਾ ਹੈ।
ਨਾ ਤਾਂ ਸ਼ਾਹ ਅਤੇ ਨਾ ਹੀ ਅਰੁਣ ਜੇਤਲੀ ਸਮ੍ਰਿਤੀ ਦੀ ਕਿਸਮਤ ਦਾ ਫੈਸਲਾ ਕਰਨਗੇ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 26 ਮਈ 2014 ਨੂੰ ਸਮ੍ਰਿਤੀ ਨੂੰ ਸਰਕਾਰ ਵਿਚ ਸ਼ਾਮਲ ਕੀਤਾ ਗਿਆ ਸੀ। ਦਫਤਰ ਵਿਚ ਲਗਭਗ ਇਕ ਸਾਲ ਪੂਰਾ ਕਰਨ ਵਾਲੀ ਸਮ੍ਰਿਤੀ ਦਾ ਰਿਕਾਰਡ ਚੰਗਾ ਨਹੀਂ ਹੈ। ਸਮ੍ਰਿਤੀ ਨੇ ਮੰਤਰਾਲਾ ਤੇ ਸਿੱਖਿਆ ਦੀ ਭਲਾਈ ਲਈ ਚੰਗੇ ਕੰਮ ਕਰਨ ਦੀ ਬਜਾਏ ਜ਼ਿਆਦਾ ਵਿਵਾਦਾਂ ਨੂੰ ਜਨਮ ਦਿੱਤਾ ਹੈ।
ਅਜਿਹੇ ਸੰਕੇਤ ਹਨ ਕਿ ਮੋਦੀ ਦੀ ਸਮ੍ਰਿਤੀ ਨਾਲ ਨਾਰਾਜ਼ਗੀ ਪਿਛਲੇ ਸਾਲ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਪੀ. ਐੱਮ. ਓ. ਨੇ ਸਮ੍ਰਿਤੀ ਨੂੰ ਆਪਣੀ ਮਨਪਸੰਦ ਦਾ ਓ. ਐੱਸ. ਡੀ. ਚੁਣਨ ਤੋਂ ਨਾਂਹ ਕਰ ਦਿੱਤੀ। ਸੰਜੇ ਕਚਾਰੂ, ਜੋ ਸਮ੍ਰਿਤੀ ਦੇ ਆਫੀਸਰ ਆਨ ਸਪੈਸ਼ਲ ਡਿਊਟੀ (ਓ. ਐੱਸ. ਡੀ.) ਵਜੋਂ ਆਪਣੀ ਪ੍ਰਸਤਾਵਿਤ ਨਿਯੁਕਤੀ ਦੀ ਮਨਜ਼ੂਰੀ ਲਈ ਪਿਛਲੇ 10 ਮਹੀਨਿਆਂ ਤੋਂ ਉਡੀਕ ਕਰ ਰਹੇ ਹਨ, ਨੂੰ ਜਵਾਬ ਮਿਲ ਗਿਆ ਹੈ।
ਕਚਾਰੂ ਮੰਤਰਾਲਾ ਵਿਚ ਰਸਮੀ ਹੁਕਮ ਦੇ ਬਗੈਰ ਹੀ 10 ਮਹੀਨਿਆਂ ਤੋਂ ਕੰਮ ਕਰ ਰਹੇ ਹਨ ਅਤੇ ਮੰਤਰੀ ਦੇ ਸ਼ਾਨਦਾਰ ਦਫਤਰ ਦੇ ਨੇੜੇ ਇਕ ਵੱਡੇ ਕਮਰੇ 'ਤੇ ਕਬਜ਼ਾ ਕਰੀ ਬੈਠੇ ਹਨ। ਇਥੋਂ ਤਕ ਕਿ ਮਨੁੱਖੀ ਵਿਕਾਸ ਰਾਜ ਮੰਤਰੀ ਕਠੇਰੀਆ ਨੂੰ ਬਾਥਰੂਮ ਦੇ ਨੇੜੇ ਇਕ ਛੋਟੇ ਜਿਹੇ ਕਮਰੇ ਵਿਚ ਬੈਠਣਾ ਪੈਂਦਾ ਹੈ ਕਿਉਂਕਿ ਉਥੇ ਕੋਈ ਹੋਰ ਜਗ੍ਹਾ ਨਹੀਂ ਹੈ। ਪਤਾ ਲੱਗਾ ਹੈ ਕਿ ਰਾਮ ਚੰਦਰ ਕਠੇਰੀਆ ਨੂੰ ਪਿਛਲੇ ਸਾਲ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਵਿਚ ਰਾਜ ਮੰਤਰੀ ਵਜੋਂ ਨਿਯੁਕਤ ਕਰਨਾ ਹੀ ਸਮ੍ਰਿਤੀ ਦੀਆਂ ਸਮੱਸਿਆਵਾਂ ਦਾ ਪਹਿਲਾ ਸੰਕੇਤ ਸੀ। ਕਚਾਰੂ ਨੇ ਹੁਣ ਕੰਮ ਕਰਨਾ ਬੰਦ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਕੋਈ ਰਸਮੀ ਹੁਕਮ ਨਹੀਂ ਮਿਲਿਆ। ਇਸ ਤਰ੍ਹਾਂ ਸਮ੍ਰਿਤੀ ਦੇ ਭਰੋਸੇਯੋਗ ਬਾਬੂ 'ਤੇ ਰੋਕ ਲੱਗ ਗਈ ਹੈ। ਕਚਾਰੂ ਪਹਿਲਾਂ ਪ੍ਰਾਈਵੇਟ ਕੰਪਨੀ ਦੇ ਕਾਰਪੋਰੇਟ ਸੰਚਾਰ ਵਿਭਾਗ ਵਿਚ ਤਾਇਨਾਤ ਸਨ। ਉਹ ਮੰਤਰਾਲਾ ਦੇ ਸਰਕਾਰੀ ਪ੍ਰੋਗਰਾਮਾਂ ਵਿਚ ਸਮ੍ਰਿਤੀ ਨਾਲ ਰਹਿੰਦੇ ਸਨ। ਪੀ. ਐੱਮ. ਓ. ਵਲੋਂ ਕਚਾਰੂ ਦੇ ਮਤੇ ਨੂੰ ਰੱਦ ਕੀਤੇ ਜਾਣ ਮਗਰੋਂ ਉਸ ਦੀ ਛੁੱਟੀ ਹੋ ਗਈ ਹੈ।
ਨਾਰਾਜ਼ ਸਮ੍ਰਿਤੀ ਹੁਣ ਟੀ. ਵੀ. ਅਤੇ ਅਖਬਾਰਾਂ ਵਿਚ ਇੰਟਰਵਿਊ ਦੇ ਕੇ ਉਨ੍ਹਾਂ ਲੋਕਾਂ 'ਤੇ ਵਰ੍ਹ ਰਹੀ ਹੈ ਜੋ ਕਿ ਉਸ ਦੇ ਪਿੱਛੇ ਹੱਥ ਧੋ ਕੇ ਪਏ ਹੋਏ ਹਨ। ਕਚਾਰੂ ਜੰਮੂ ਦੇ ਰਹਿਣ ਵਾਲੇ ਹਨ ਅਤੇ ਉਹ ਉਥੇ ਭਾਜਪਾ ਆਗੂਆਂ ਦੇ ਨਜ਼ਦੀਕੀ ਹਨ ਪਰ ਉਨ੍ਹਾਂ ਦੀ ਨਿਯੁਕਤੀ 'ਤੇ ਉਦੋਂ ਬਹੁਤ ਸਾਰੇ ਲੋਕ ਗੁੱਸੇ ਵਿਚ ਆਏ ਸਨ।
ਫੈਬ ਇੰਡੀਆ ਸੀ. ਸੀ. ਟੀ.ਵੀ. ਕੈਮਰਾ ਮਾਮਲਾ
ਦੋਸ਼-ਪੱਤਰ 'ਚ ਸਮ੍ਰਿਤੀ ਗਵਾਹ ਦੇ ਤੌਰ 'ਤੇ ਹੋ ਸਕਦੀ ਹੈ ਸ਼ਾਮਲ
ਪਣਜੀ - ਫੈਬ ਇੰਡੀਆ ਦੇ ਇਕ ਸਟੋਰ 'ਚ ਸੀ. ਸੀ. ਟੀ. ਵੀ. ਕੈਮਰੇ ਦੇ ਟ੍ਰਾਇਲ ਰੂਮ ਵਲ ਕੇਂਦਰਿਤ ਕਰਨ ਦੇ ਮਾਮਲੇ 'ਚ ਮਨੁੱਖੀ ਸ੍ਰੋਤ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੂੰ ਗਵਾਹ ਦੇ ਤੌਰ 'ਤੇ ਸ਼ਾਮਲ ਕੀਤਾ ਜਾ ਸਕਦਾ ਹੈ। ਸਮ੍ਰਿਤੀ ਤੋਂ ਇਲਾਵਾ ਪੁਲਸ ਇਸ ਮਾਮਲੇ 'ਚ ਭਾਜਪਾ ਦੇ ਦੋ ਵਿਧਾਇਕਾਂ ਅਤੇ ਇਕ ਸਰਕਾਰੀ ਅਧਿਕਾਰੀ ਦਾ ਵਰਣਨ ਗਵਾਹ ਦੇ ਤੌਰ 'ਤੇ ਕਰਨ 'ਤੇ ਵਿਚਾਰ ਕਰ ਰਹੀ ਹੈ। ਦੋਸ਼ ਪੱਤਰ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਫਾਰੈਂਸਿਕ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।
ਮੁਸਰਤ ਦੀ ਗ੍ਰਿਫਤਾਰੀ ਕਿਸੇ ਵੇਲੇ ਵੀ ਸੰਭਵ
NEXT STORY