ਨੂਰਪੁਰਬੇਦੀ (ਭੰਡਾਰੀ) - ਖੇਤਰ ਦੇ ਪਿੰਡ ਬਰਾਰੀ ਵਿਖੇ ਰਾਤ ਤੋਂ ਲਾਪਤਾ ਹੋਈ ਇਕ 28 ਸਾਲਾ ਪ੍ਰਵਾਸੀ ਔਰਤ ਦੀ ਸਵੇਰੇ ਪਿੰਡ ਦੇ ਹੀ ਸ਼ਿਵ ਮੰਦਰ ਲਾਗੇ ਸਥਿਤ ਇਕ ਪੁਰਾਣੇ ਖੂਹ 'ਚੋਂ ਲਾਸ਼ ਬਰਾਮਦ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ 'ਚ ਲੰਬੇ ਸਮੇਂ ਤੋਂ ਆਪਣੀ ਪਤਨੀ ਗੋਮਤੀ ਦੇਵੀ ਤੇ 2 ਬੱਚਿਆਂ ਨਾਲ ਰਹਿ ਰਿਹਾ ਪ੍ਰਵਾਸੀ ਮਜ਼ਦੂਰ ਪ੍ਰੇਮ ਸ਼ੰਕਰ ਰਾਤ ਕਰੀਬ 8 ਵਜੇ ਕਿਸੇ ਕਿਸਾਨ ਨਾਲ ਖੇਤਾਂ 'ਚ ਕਣਕ ਕੱਢਣ ਲਈ ਗਿਆ ਹੋਇਆ ਸੀ। ਜਦੋਂ ਉਹ ਰਾਤ ਕਰੀਬ 11 ਵਜੇ ਵਾਪਿਸ ਆਇਆ ਤਾਂ ਪਤਨੀ ਦੇ ਘਰ ਨਾ ਹੋਣ ਸੰਬੰਧੀ ਪੁੱਛਣ 'ਤੇ ਬੱਚਿਆਂ ਨੇ ਦੱਸਿਆ ਕਿ ਉਹ ਖੇਤਾਂ 'ਚ ਪਖਾਨੇ ਲਈ ਗਈ ਹੋਈ ਹੈ।
ਜਦੋਂ ਕਾਫ਼ੀ ਸਮੇਂ ਬਾਅਦ ਵੀ ਉਹ ਘਰ ਨਾ ਪਰਤੀ ਤਾਂ ਪ੍ਰੇਮ ਸ਼ੰਕਰ ਨੇ ਅਪਣੇ ਨੂਰਪੁਰਬੇਦੀ ਰਹਿੰਦੇ ਪਿਤਾ ਨੂੰ ਪਿੰਡ ਬੁਲਾਕੇ ਉਸਦੀ ਸਾਰੀ ਰਾਤ ਭਾਲ ਕੀਤੀ ਜਿਸ 'ਤੇ ਗੋਮਤੀ ਦੇਵੀ ਦਾ ਕੋਈ ਸੁਰਾਗ ਨਾ ਮਿਲਿਆ। ਸਵੇਰੇ 6 ਵਜੇ ਕਿਸੇ ਸ਼ਰਧਾਲੂ ਨੇ ਮੰਦਰ ਲਾਗੇ ਸਥਿਤ ਖੂਹ ਦੇ ਥੜੇ 'ਤੇ ਚੱਪਲਾਂ ਦਾ ਜੋੜਾ ਤੇ ਬੈਟਰੀ ਪਈ ਦੇਖਕੇ ਪਿੰਡ ਵਾਸੀਆਂ ਨੂੰ ਇਸ ਬਾਰੇ ਦੱਸਿਆ। ਜਦੋਂ ਸ਼ੱਕ ਪੈਣ 'ਤੇ ਪ੍ਰਵਾਸੀ ਪ੍ਰੇਮ ਸ਼ੰਕਰ ਤੇ ਪਿੰਡ ਵਾਸੀਆਂ ਨੇ ਮਿਲਕੇ ਖੂਹ ਦੀ ਤਾਲਾਸ਼ ਕੀਤੀ ਤਾਂ ਉੱਥੋਂ ਗੋਮਤੀ ਦੇਵੀ ਦੀ ਲਾਸ਼ ਬਰਾਮਦ ਹੋਈ। ਮੌਕੇ 'ਤੇ ਪਹੁੰਚੇ ਥਾਣਾ ਮੁੱਖੀ ਭਗਵੰਤ ਸਿੰਘ ਤੇ ਏ.ਐੱਸ.ਆਈ. ਵਿਜੇ ਕੁਮਾਰ ਨੇ ਘਟਨਾ ਦਾ ਜਾਇਜ਼ਾ ਲਿਆ ਤੇ ਇਸ ਕੇਸ ਦੀ ਛਾਣਬੀਣ ਆਰੰਭ ਦਿੱਤੀ ਹੈ। ਇਸ ਘਟਨਾ ਦੇ ਅਸਲ ਕਾਰਨਾਂ ਦਾ ਭਾਵੇਂ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪਤੀ ਪ੍ਰੇਮ ਸ਼ੰਕਰ ਦੇ ਬਿਆਨਾਂ 'ਤੇ ਪੁਲਸ ਨੇ 174 ਤਹਿਤ ਕਾਰਵਾਈ ਅਮਲ 'ਚ ਲਿਆਕੇ ਲਾਸ਼ ਨੂੰ ਪੋਸਟਮਾਰਟਮ ਲਈ ਸ੍ਰੀ ਆਨੰਦਪੁਰ ਸਾਹਿਬ ਵਿਖੇ ਭੇਜ ਦਿੱਤਾ ਗਿਆ ਹੈ।
'ਸਿੰਘਮ' ਦੀ ਲੋਕਾਂ ਨੂੰ ਸਲਾਹ, ਸੋਸ਼ਲ ਮੀਡੀਆ ਤੋਂ ਕਰੋ ਪਰਹੇਜ਼
NEXT STORY