ਲੁਧਿਆਣਾ(ਵਿੱਕੀ)- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੈਕੋਗਨਾਈਜ਼ਡ ਐਂਡ ਐਫੀਲਿਏਟਿਡ ਸਕੂਲਜ਼ ਐਸੋਸੀਏਸ਼ਨ (ਰਾਸਾ) ਵਲੋਂ ਉਠਾਈਆਂ ਗਈਆਂ ਮੰਗਾਂ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਹੁਕਮ ਸਿੱਖਿਆ ਵਿਭਾਗ ਤੇ ਬੋਰਡ ਦੇ ਅਧਿਕਾਰੀਆਂ ਨੂੰ ਦੇਣ ਦੇ ਬਾਅਦ ਰਾਸਾ ਦੇ ਅਹੁਦੇਦਾਰਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੁਝ ਦਿਨਾਂ 'ਚ ਨਾ ਹੋਇਆ ਤਾਂ ਉਹ ਫਿਰ ਉਨ੍ਹਾਂ ਕੋਲ ਕਦੀ ਵੀ ਆ ਸਕਦੇ ਹਨ ਅਤੇ ਉਨ੍ਹਾਂ ਦੀ ਅੱਜ ਦੀ ਬੈਠਕ ਦੌਰਾਨ ਹੋਈ ਚਰਚਾ ਦਾ ਰੀਵਿਊ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਰਾਸਾ ਵਲੋਂ ਉਠਾਏ ਗਏ ਜੋ ਮਾਮਲੇ ਬਿਲਕੁਲ ਜਾਇਜ਼ ਹਨ, ਨੂੰ ਤੁਰੰਤ ਵਿਚਾਰ ਕਰਕੇ ਲਾਗੂ ਕੀਤਾ ਜਾਵੇ। ਰਾਸਾ ਦੇ ਇਕ ਵਫਦ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਸੀ, ਜਿਸ ਦੌਰਾਨ ਹੋਈ ਮੀਟਿੰਗ 'ਚ ਸਿੱਖਿਆ ਤੇ ਬੋਰਡ ਦੇ ਅਧਿਕਾਰੀ ਵੀ ਸ਼ਾਮਲ ਸਨ। ਮੁੱਖ ਮੰਤਰੀ ਨੂੰ ਮਿਲਣ ਵਾਲੇ ਰਾਸਾ ਦੇ ਵਫਦ 'ਚ ਰਵਿੰਦਰ ਸਿੰਘ ਮਾਨ, ਕੁਲਵੰਤ ਰਾਏ ਸ਼ਰਮਾ, ਸੁਰਜੀਤ ਕੌਸ਼ਲ, ਗੁਰਦੀਪ ਸਿੰਘ ਰੰਧਾਵਾ, ਰਣਜੀਤ ਸਿੰਘ ਸੈਣੀ, ਡੀ.ਐੱਸ. ਪਠਾਨੀਆ ਸ਼ਾਮਲ ਸਨ।
ਮੀਟਿੰਗ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਾਸਾ ਦੇ ਕੁਲਵੰਤ ਰਾਏ ਸ਼ਰਮਾ ਤੇ ਸੰਯੁਕਤ ਸਕੱਤਰ ਸੁਰਜੀਤ ਕੌਸ਼ਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਿੱਖਿਆ ਵਿਭਾਗ ਤੇ ਬੋਰਡ ਵਲੋਂ ਸਕੂਲਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦਾ ਮਾਮਲਾ ਵਿਸ਼ੇਸ਼ ਰੂਪ ਨਾਲ ਉਠਾਇਆ ਗਿਆ।
ਉਨ੍ਹਾਂ ਦੱਸਿਆ ਕਿ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਕੁਝ ਸਕੂਲ ਅੱਪਗ੍ਰੇਡ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਅੱਜ ਦੀ ਮੀਟਿੰਗ ਵਿਚ ਇਹ ਮਾਮਲਾ ਉਠਾਏ ਜਾਣ ਦੇ ਬਾਅਦ ਮੁੱਖ ਮੰਤਰੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਨੂੰ ਨਿਯਮਾਂ ਮੁਤਾਬਕ ਸਕੂਲਾਂ ਦੀ ਅੱਪਗ੍ਰੇਡੇਸ਼ਨ ਪ੍ਰਕਿਰਿਆ ਨੂੰ ਅਮਲੀ ਜਾਮਾ ਪਹਿਨਾਉਣ ਦੇ ਹੁਕਮ ਜਾਰੀ ਕੀਤੇ ਹਨ।
ਕੌਸ਼ਲ ਨੇ ਦੱਸਿਆ ਕਿ ਮੀਟਿੰਗ 'ਚ ਸਕੂਲਾਂ 'ਤੇ ਸਰਕਾਰ ਵਲੋਂ ਲਗਾਏ ਗਏ ਵੱਖ-ਵੱਖ ਟੈਕਸਾਂ ਜਿਨ੍ਹਾਂ 'ਚ ਰੋਡ ਟੈਕਸ, ਵਾਟਰ ਸੀਵਰੇਜ ਟੈਕਸ, ਪ੍ਰਾਪਰਟੀ ਟੈਕਸ, ਕਮਰਸ਼ੀਅਲ ਰੇਟਾਂ 'ਤੇ ਬਿਜਲੀ ਦੇ ਬਿੱਲ ਆਉਣ ਦੀ ਮੁੱਦਾ ਵੀ ਉਠਾਇਆ ਗਿਆ, ਜਿਸ 'ਤੇ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਸ 'ਤੇ ਵਿਚਾਰ ਕਰਨ ਨੂੰ ਕਿਹਾ ਪਰ ਨਾਲ ਹੀ ਉਨ੍ਹਾਂ ਨੇ ਰੋਡ ਟੈਕਸ 'ਚ ਕੁਝ ਰਾਹਤ ਦੇਣ ਦੇ ਸੰਕੇਤ ਵੀ ਦਿੱਤੇ।
ਕੁਲਵੰਤ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਰਾਸਾ ਨੂੰ ਭਰੋਸਾ ਦਿੱਤਾ ਕਿ ਸਕੂਲਾਂ ਲਈ ਸਰਕਾਰ ਦੇ ਸਿੱਖਿਆ ਵਿਭਾਗ ਤੇ ਬੋਰਡ ਵਲੋਂ ਬਣਾਏ ਜਾਣ ਵਾਲੇ ਨਿਯਮਾਂ ਲਈ ਗਠਿਤ ਕੀਤੀਆਂ ਜਾਣ ਵਾਲੀਆਂ ਕਮੇਟੀਆਂ 'ਚ ਰਾਸਾ ਦੇ ਅਹੁਦੇਦਾਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਸਦੇ ਇਲਾਵਾ ਪ੍ਰਤੀਨਿਧੀ ਮੰਡਲ ਨੇ ਮੈਰੀਟੋਰੀਅਸ ਸਕੂਲਾਂ ਵਿਚ ਉਨ੍ਹਾਂ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਦਾਖਲਾ ਦੇਣ ਦਾ ਪ੍ਰਸਤਾਵ ਰੱਖਣ ਦੇ ਇਲਾਵਾ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਸਰਵਸਿੱਖਿਆ ਅਭਿਆਨ ਤਹਿਤ ਦਿੱਤੀਆਂ ਜਾਣ ਵਾਲੀਆਂ ਕਿਤਾਬਾਂ ਦੀ ਸਪਲਾਈ ਦੀ ਤਰਜ਼ 'ਤੇ ਐਫੀਲਿਏਟਿਡ ਸਕੂਲਾਂ ਨੂੰ ਵੀ ਕਿਤਾਬਾਂ ਉਪਲਬਧ ਕਰਵਾਉਣ ਦੀ ਮੰਗ ਕੀਤੀ ਗਈ।
ਸ਼ਰੇ ਬਾਜ਼ਾਰ ਪਤਨੀ, ਸਾਲੀ ਤੇ ਸੱਸ ਨਾਲ ਕੀਤੀ ਅਜਿਹੀ ਹਰਕਤ ਕਿ...!
NEXT STORY