ਲੁਧਿਆਣਾ (ਰਾਮ) - ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਮਹਾਨਗਰ ਦੀ ਟਰੈਫਿਕ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਹੈ। ਸ਼ਹਿਰ ਦੇ ਸਭ ਤੋਂ ਭੀੜ ਵਾਲੇ ਚੌਕਾਂ ਸਮਰਾਲਾ ਚੌਕ, ਭਾਰਤ ਨਗਰ ਚੌਕ, ਢੋਲੇਵਾਲ ਚੌਕ, ਬਸਤੀ ਜੋਧੇਵਾਲ 'ਤੇ ਹਰ ਸਮੇਂ ਜਾਮ ਲੱਗਾ ਮਿਲਦਾ ਹੈ। ਇਸ ਤੋਂ ਵੀ ਜ਼ਿਆਦਾ ਮਾੜਾ ਹਾਲ ਸ਼ਹਿਰ ਦੇ ਜ਼ਿਆਦਾ ਭੀੜ ਵਾਲੇ ਇਲਾਕਿਆਂ ਦਾ ਹੈ।
ਚੌੜਾ ਬਾਜ਼ਾਰ, ਲੱਕੜ ਬਾਜ਼ਾਰ, ਘੰਟਾਘਰ, ਡਵੀਜ਼ਨ ਨੰ. 3, ਫੀਲਡਗੰਜ ਤੇ ਹੋਰ ਇਲਾਕਿਆਂ ਵਿਚ ਟਰੈਫਿਕ ਦੀ ਸਮੱਸਿਆ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ। ਚੋਣਾਂ ਦੇ ਦਿਨਾਂ ਵਿਚ ਚੋਣ ਲੜਨ ਵਾਲੇ ਉਮੀਦਵਾਰ ਟਰੈਫਿਕ ਸਮੱਸਿਆ ਦਾ ਹੱਲ ਕਰਵਾਉਣ ਦੇ ਵੱਡੇ-ਵੱਡੇ ਵਾਅਦੇ ਕਰਦੇ ਹਨ, ਜੋ ਚੋਣ ਖਤਮ ਹੁੰਦਿਆਂ ਹੀ ਹਵਾ ਹੋ ਜਾਂਦੇ ਹਨ ਅਤੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ।
ਬੱਸ ਅਤੇ ਆਟੋ ਚਾਲਕਾਂ ਦੀਆਂ ਮਨਮਰਜ਼ੀਆਂ ਬਣਦੀਆਂ ਨੇ ਕਾਰਨ : ਟਰੈਫਿਕ ਸਮੱਸਿਆ ਦੇ ਮੁੱਖ ਕਾਰਨਾਂ ਬੱਸਾਂ ਤੇ ਆਟੋ ਚਾਲਕਾਂ ਦੀਆਂ ਕਥਿਤ ਮਨਮਰਜ਼ੀਆਂ ਵੱਡਾ ਕਾਰਨ ਬਣਦੀਆਂ ਹਨ, ਜਿਨ੍ਹਾਂ ਨੂੰ ਵੇਖ ਕੇ ਲੱਗਦਾ ਹੈ ਕਿ ਅਜਿਹੇ ਬੱਸ ਅਤੇ ਆਟੋ ਚਾਲਕਾਂ ਲਈ ਕੋਈ ਵੀ ਟ੍ਰੈਫਿਕ ਨਿਯਮ ਲਾਗੂ ਨਹੀਂ ਹੁੰਦਾ, ਕਿਉਂਕਿ ਸਵਾਰੀ ਬਿਠਾਉਣ ਲਈ ਬੱਸਾਂ ਤੇ ਆਟੋ ਚਾਲਕ ਸੜਕਾਂ ਦੇ ਵਿਚਾਲੇ ਹੀ ਵਾਹਨ ਰੋਕ ਕੇ ਖੜ੍ਹੇ ਹੋ ਜਾਂਦੇ ਹਨ, ਜਿਸ ਕਾਰਨ ਵੱਡੇ-ਵੱਡੇ ਜਾਮ ਲੱਗ ਜਾਂਦੇ ਹਨ ਪਰ ਕਈ ਚੌਕਾਂ 'ਚ ਟ੍ਰੈਫਿਕ ਮੁਲਾਜ਼ਮ ਸਭ ਕੁਝ ਦੇਖ ਕੇ ਵੀ ਅਣਦੇਖਿਆ ਕਰ ਦਿੰਦੇ ਹਨ।
ਟ੍ਰੈਫਿਕ ਮੁਲਾਜ਼ਮ ਕਰਦੇ ਨੇ ਅਣਗਹਿਲੀ : ਜਿਥੇ ਇਕ ਪਾਸੇ ਮਹਾਨਗਰ ਦੀ ਟ੍ਰੈਫਿਕ ਵਿਵਸਥਾ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ, ਉਥੇ ਹੀ ਭੀੜ ਵਾਲੇ ਚੌਕਾਂ 'ਚ ਡਿਊਟੀ ਦੇਣ ਵਾਲੇ ਟ੍ਰੈਫਿਕ ਮੁਲਾਜ਼ਮ ਵੀ ਆਪਣੀ ਡਿਊਟੀ ਕਰਨ 'ਚ ਕਥਿਤ ਕੋਤਾਹੀ ਵਰਤਦੇ ਹਨ। ਬੱਸ ਅਤੇ ਆਟੋ ਚਾਲਕਾਂ ਨੂੰ ਰਾਹਤ ਦੇਣ ਦੇ ਨਾਲ ਹੀ ਜ਼ਿਆਦਾਤਰ ਟ੍ਰੈਫਿਕ ਮੁਲਾਜ਼ਮ ਡਿਊਟੀ ਦਾ ਜ਼ਿਆਦਾ ਸਮਾਂ ਚੌਕ 'ਚ ਬਣੀ ਪੁਲਸ ਪੋਸਟ 'ਚ ਆਰਾਮ ਕਰਨ ਨੂੰ ਜ਼ਿਆਦਾ ਤਰਜ਼ੀਹ ਦਿੰਦੇ ਹਨ।
ਚਲਾਨ ਟਾਰਗੇਟ ਪੂਰਾ ਕਰਨ 'ਚ ਲੱਗੀ ਟ੍ਰੈਫਿਕ ਪੁਲਸ : ਟ੍ਰੈਫਿਕ ਪੁਲਸ ਮੁਲਾਜ਼ਮਾਂ ਦੀ ਕਾਰਜਸ਼ੈਲੀ 'ਤੇ ਵੀ ਵਾਰ-ਵਾਰ ਸਵਾਲ ਉੱਠਦੇ ਰਹਿੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪੁਲਸ ਦੀ ਕਾਰਵਾਈ ਸਿਰਫ ਚਲਾਨ ਬੁੱਕ ਭਰਨ ਅਤੇ ਆਪਣਾ ਟਾਰਗੇਟ ਪੂਰਾ ਕਰਨ ਤੱਕ ਹੀ ਰਹਿੰਦੀ ਹੈ। ਸਵੇਰੇ ਤੇ ਸ਼ਾਮ ਕੁਝ ਸਮੇਂ ਲਈ ਟਰੈਫਿਕ ਪੁਲਸ ਦੇ ਮੁਲਾਜ਼ਮ ਹਰ ਚੌਕ 'ਤੇ ਦਿਖਾਈ ਦਿੰਦੇ ਹਨ ਪਰ ਜਦੋਂ ਕਿਤੇ ਕਿਸੇ ਚੌਕ 'ਤੇ ਟਰੈਫਿਕ ਜਾਮ ਲਗਦਾ ਹੈ ਤਾਂ ਲੱਭਣ 'ਤੇ ਵੀ ਕੋਈ ਮੁਲਾਜ਼ਮ ਨਹੀਂ ਮਿਲਦਾ।
ਕੀ ਕਹਿੰਦੇ ਨੇ ਏ. ਡੀ. ਸੀ. ਪੀ. ਟ੍ਰੈਫਿਕ : ਇਨ੍ਹਾਂ ਸਮੱਸਿਆਵਾਂ ਦੇ ਬਾਰੇ ਏ. ਡੀ. ਸੀ. ਪੀ. ਟਰੈਫਿਕ ਹਰੰਦਰਜੀਤ ਸਿੰਘ ਨੇ ਕਿਹਾ ਕਿ ਇਸ ਬਾਰੇ ਕੰਮ ਕੀਤਾ ਜਾ ਰਿਹਾ ਹੈ। ਜਲਦ ਹੀ ਟਰੈਫਿਕ ਸਹਿਤ ਹੋਰ ਵੀ ਕਈ ਸਮੱਸਿਆਵਾਂ ਦਾ ਹੱਲ ਕੱਢ ਲਿਆ ਜਾਵੇਗਾ। ਉਨ੍ਹਾਂ ਤੋਂ ਬੱਸਾਂ ਤੇ ਆਟੋ ਚਾਲਕਾਂ ਦੀਆਂ ਮਨਮਰਜ਼ੀਆਂ ਰੋਕਣ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਚੌਕਾਂ 'ਚ ਜ਼ਿਆਦਾ ਤੋਂ ਜ਼ਿਆਦਾ ਟਰੈਫਿਕ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਕਿਸੇ ਨੂੰ ਵੀ ਟਰੈਫਿਕ 'ਚ ਰੁਕਾਵਟ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਕਣਕ ਨਾ ਖਰੀਦੀ ਗਈ ਤਾਂ ਕਿਸਾਨ ਸੜਕਾਂ 'ਤੇ ਉਤਰਨਗੇ : ਅਮਰਿੰਦਰ
NEXT STORY