ਨਾਮ ਹੈ, ਪ੍ਰਮਾਤਮਾ ਦਾ ਅਤੇ ਜਪਣ ਵਾਲੀ ਹੈ ਆਤਮਾ, ਇਹ ਸਹੀ ਕਮੈਸਟਰੀ ਹੈ, ਸਹੀ ਯੁਗਲਬੰਦੀ ਹੈ। ਜੀਅ ਦੀ ਆਤਮਾ ਨਿਹੰਸਗਿ ਹੈ, ਨਿਰਲਿਪਤ ਹੈ, ਨਿਰਲੋਭ ਅਤੇ ਨਿਹਕਲੰਕ ਹੈ, ਸਰੀਰ ਸੰਸਾਰ ਦਾ ਤੱਤ ਹੈ, ਮਨ, ਬੁੱਧੀ ਸੰਸਾਰ ਦੇ ਸੰਗ 'ਚ ਹਨ ਅਤੇ ਵਾਸਨਾ ਦੇ ਪ੍ਰਭਾਵ ਤੋਂ ਉਪਜੇ-ਪੰਜ ਵਿਕਾਰ ਤੋਂ ਗ੍ਰਸਤ ਹਨ। ਇਹ ਪ੍ਰਭੂ ਭਗਤੀ ਦੇ ਯੋਗ ਨਹੀਂ। ਜੇ ਕਿਸੇ ਵੇਲੇ, ਵੇਖਾ-ਵੇਖੀ ਜਾਂ ਮਨ ਦੀ ਇਸ ਮੰਤ੍ਰਣਾ ਹੇਠ, ਕਿ ਰਾਮ-ਨਾਮ ਜਪਿਆਂ, ਸੰਸਾਰ ਦੇ ਸਾਰੇ ਸੁਖ ਸਾਧਨ ਪ੍ਰਾਪਤ ਹੋ ਜਾਂਦੇ ਹਨ, ਪ੍ਰਾਣੀ ਸਿਮਰਨ, ਪਾਠ ਅਤੇ ਸੇਵਾ 'ਚ ਸੰਲਿਪਤ ਹੁੰਦਾ ਵੀ ਹੈ, ਤਾਂ ਨਾਲ ਹੀ ਅਰਦਾਸਾਂ ਦੀ ਲਿਸਟ ਵੀ ਪੇਸ਼ ਕਰ ਦਿੰਦੈ। ਇਹ ਸਿਮਰਨ ਪ੍ਰਭੂ ਦਰ 'ਤੇ ਪਰਵਾਨ ਨਹੀਂ। ਭਗਤ ਕਬੀਰ ਜੀ ਕਹਿੰਦੇ ਹਨ :
ਮਾਲਾ ਤੋ ਕਰ ਮਹਿ ਫਿਰੈ, ਜਿਹਵਾ ਫਿਰੈ ਮੁਖਿ ਮਾਹਿ।
ਮਨੁਆ ਤੋ ਦਹਿਦਿਸ ਫਿਰੈ, ਇਹ ਤੋ ਸਿਮਰਨ ਨਾਹਿ।।
ਹੱਥ 'ਚ ਮਾਲਾ ਫਿਰ ਰਹੀ ਹੈ, ਮੂੰਹ 'ਚ ਰਸਨਾ ਹਿਲ ਰਹੀ ਹੈ ਅਤੇ ਮਨ ਆਪਣੇ ਸੁਭਾਅ ਅਨੁਸਾਰ ਦਸਾਂ ਦਿਸ਼ਾਵਾਂ 'ਚ ਦੌੜ ਰਿਹੈ। ਕਬੀਰ ਜੀ ਕਹਿੰਦੇ ਹਨ ਇਹ ਸਿਮਰਨ ਨਹੀਂ। ਦੁਕਾਨ ਤੇ ਦਫਤਰ 'ਚ ਸਫਲਤਾ ਨਹੀਂ ਮਿਲ ਰਹੀ। ਨਾਮ ਜਪੋ, ਕੁਝ ਪਾਠ ਕਰਕੇ ਪ੍ਰਾਰਥਨਾ ਕਰੋ-ਫਲ ਮਿਲੇਗਾ। ਇਹ ਤਾਂ ਵਪਾਰ ਹੋ ਗਿਆ। ਇਕ ਹੱਥ ਕੁਝ ਦੇ, ਦੂਜੇ ਹੱਥ ਮੰਗ ਲੈ। ਤਾਂ ਭਗਤ ਕਬੀਰ ਜੀ ਕਹਿੰਦੇ ਹਨ :
ਰਾਮ ਜਪਉ ਜੀਅ ਐਸੇ ਐਸੇ।
ਧਰੂ ਪ੍ਰਹਿਲਾਦ ਜਪਿਓ ਹਰਿ ਜੈਸੇ।।
ਭਗਤ ਧ੍ਰੂ ਅਤੇ ਪ੍ਰਹਿਲਾਦ ਨੇ ਆਪਣੀ ਉਮਰ ਵਿਚ ਭਗਤੀ ਦੇ ਕੀਰਤੀਮਾਨ ਸਥਾਪਿਤ ਕੀਤੇ।
ਧਰੁਵ ਰਾਜਾ ਓਤਾਨਪਾਦ ਦਾ ਪੁੱਤਰ ਸੀ। ਪੰਜ ਸਾਲ ਦਾ ਬਾਲਕ ਇਕ ਦਿਨ ਆਪਣੇ ਰਾਜਾ ਪਿਤਾ ਦੀ ਗੋਦ ਬੈਠਿਆ ਵੇਖ ਮਤਰੇਈ ਮਾਂ ਨੇ ਬਾਹੋਂ ਫੜ ਉਤਾਰ ਦਿੱਤਾ। ਕਿਹਾ ਜੇ ਰਾਜੇ ਦੀ ਗੋਦ ਬੈਠਣਾ ਸੀ, ਤਾਂ ਮੇਰੀ ਕੁੱਖ 'ਚੋਂ ਜਨਮ ਲੈਣਾ ਸੀ। ਮਾਂ ਸੁਨੀਤਿ ਨੇ ਰੋਂਦੇ ਪੁੱਤਰ ਨੂੰ ਕਿਹਾ, ''ਹਾਂ ਪੁੱਤਰ ਮੈਂ ਪ੍ਰਮੇਸ਼ਰ-ਭਗਤੀ ਨਹੀਂ ਕੀਤੀ ਜਿਸ ਕਰਕੇ ਰਾਣੀ ਹੁੰਦਿਆਂ ਵੀ ਦਾਸੀ ਦਾ ਦਰਜਾ ਭੋਗ ਰਹੀ ਹਾਂ। ਤੈਨੂੰ ਇਕ ਰਾਜਕੁਮਾਰ ਦਾ ਹੱਕ ਨਹੀਂ ਦਿਵਾ ਸਕਦੀ। ਤੂੰ ਬੰਦਗੀ ਕਰਕੇ ਇਹ ਦਰਜਾ ਹਾਸਿਲ ਕਰ।''
ਦ੍ਰਿੜ੍ਹ ਨਿਸ਼ਚਾ ਕਰ ਛੋਟਾ ਜਿਹਾ ਬਾਲਕ ਜੰਗਲ ਦੀ ਰਾਹ ਤੁਰ ਪਿਆ। ਕਰੁਣਾਵੱਸ ਨਾਰਦ ਜੀ ਨੇ ''ਓਮ ਨਮੋ-ਭਗਵਤੇ ਵਾਸੁਦੇਵਾਯ'' ਦਾ ਗੁਰੂਮੰਤਰ ਦਿੱਤਾ। ਯੋਗ ਗੁਰੂ ਮਿਲਿਆ ਤਾਂ ਇੱਛਾ ਸ਼ਕਤੀ ਹੋਰ ਪ੍ਰਬਲ ਹੋ ਗਈ। ਰਾਜੇ ਨੂੰ ਪਤਾ ਲੱਗਾ ਤਾਂ ਵਜ਼ੀਰ ਭੇਜ ਕੇ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ... ਰਾਜਪਾਟ ਦਾ ਵੀ ਪ੍ਰਲੋਭਨ ਦਿੱਤਾ। ਪਰ ਸ਼੍ਰੀਮਦ ਭਾਗਵਤ ਵਿਚ ਅਤੇ ਵਿਸ਼ਨੂੰ ਪੁਰਾਣ ਦੇ ਪ੍ਰਸੰਗ ਅਨੁਸਾਰ, ਬਾਲਕ ਨੇ ਰਾਜਪਾਟ, ਘਰ, ਪਰਿਵਾਰ ਦੀ ਸੁਰੱਖਿਆ ਸਾਰੇ ਸੁਖਾਂ ਨੂੰ ਤਿਆਗ, ਪ੍ਰਭੂ ਭਗਤੀ ਦਾ ਮਾਰਗ ਚੁਣਿਆ। ਪ੍ਰਭੂ-ਪ੍ਰੀਤ ਤੋਂ ਬਗੈਰ, ਦੂਸਰੀ ਕੋਈ ਚਾਹਤ ਨਹੀਂ, ਕੋਈ ਵਿਕਲਪ ਨਹੀਂ। ਮਨ, ਬੁੱਧੀ, ਸਰੀਰ ਦੀ ਕੋਈ ਪ੍ਰਵਾਹ ਨਹੀਂ-ਸੁਧ ਨਹੀਂ।... ਇਹ ਕੈਵਲਯ ਹੈ। ਕੇਵਲ ਆਤਮਾ... ਕੇਵਲ ਪ੍ਰਮਾਤਮਾ!
ਪ੍ਰਹਿਲਾਦ ਦਾ ਪਿਤਾ ਹਰਨਾਕਸ਼ ਸਮੇਂ ਦਾ ਅਜੇਯ ਯੋਧਾ ਸੀ। ਧਰਤੀ ਤੋਂ ਲੈ ਕੇ ਦੇਵਪੁਰੀ ਤਕ ਅੱਛਤ ਰਾਜ ਕਾਇਮ ਕਰ ਲਿਆ। ਪ੍ਰਮੇਸ਼ਰ ਤੋਂ ਵਰ ਪ੍ਰਾਪਤ ਹਰਨਾਕਸ਼ ਆਪ ਸੈਭੰ ਬਣ ਬੈਠਾ। ਭੌਤਿਕਵਾਦੀ-ਦ੍ਰਿਸ਼ਟੀਕੋਣ ਨਾਲ ਇਕੋ-ਇਕ ਲੜਕੇ ਲਈ ਵਾਰਿਸ ਰੂਪ ਵਿਚ ਇਤਨੀ ਵੱਡੀ ਵਿਰਾਸਤ, ਭਾਗਾਂ 'ਤੇ ਨਾਜ਼ ਕਰਨ ਯੋਗ ਹੈ। ਪਰ ਪ੍ਰਹਿਲਾਦ ਨੇ ਉਸ ਪ੍ਰਭੂ-ਰਾਮ ਦੀ ਪ੍ਰਭੂਸੱਤਾ ਨੂੰ ਸਵੀਕਾਰ ਕੀਤਾ ਸੀ, ਜੋ ਕਣ-ਕਣ ਵਿਚ ਰਮਿਆ ਹੋਇਐ। ਆਤੰਕੀ, ਅਹੰਕਾਰੀ ਪਿਤਾ ਦਾ ਭੈਅ, ਰਾਜ ਦਰਬਾਰੀਆਂ ਦਾ ਸਮਝਾਉਣਾ, ਸਾਰਾ ਵਿਅਰਥ ਰਿਹਾ। ਨਿੱਕੇ ਜਿਹੇ ਪ੍ਰਾਣ ਪਿਆਰੇ ਪੁੱਤਰ 'ਤੇ ਤਰ੍ਹਾਂ-ਤਰ੍ਹਾਂ ਦੇ ਹੋ ਰਹੇ ਅੱਤਿਆਚਾਰ ਤੋਂ ਘਬਰਾਈ ਮਾਂ ਨੇ ਹੱਠ ਛੱਡ ਕੇ ਪਿਤਾ ਦੀ ਸੱਤਾ ਸਵੀਕਾਰ ਕਰ ਲੈਣ ਦੀ ਸਲਾਹ ਦਿੱਤੀ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬੜਾ ਖੂਬਸੂਰਤ ਵਰਣਨ ਕੀਤਾ ਹੈ—
ਮਾਤਾ ਉਪਦੇਸੈ, ਪ੍ਰਹਿਲਾਦ ਪਿਆਰੇ, ਪ੍ਰਭੂ ਰਾਮ ਨਾਮੁ ਛੋਡਉ ਜੀਉ ਲੇਹੁ ਉਬਾਰੇ
ਪ੍ਰਹਿਲਾਦ ਕਹੈ, ਸੁਨਹੁ ਮੇਰੀ ਮਾਇ, ਰਾਮ ਨਾਮ ਨ ਛੋਡਾਂ ਗੁਰ ਦੀਆ ਬੁਝਾਇ।।
ਨਾ ਕੁਝ ਪ੍ਰਾਪਤ ਕਰਨ ਦਾ ਲੋਭ ਹੈ... ਨਾ ਮੌਤ ਦਾ ਭੈਅ। ਭਗਤ ਪ੍ਰਹਿਲਾਦ ਕਹਿੰਦੈ— ਰਾਮ-ਨਾਮ ਨਹੀਂ ਛੱਡਣਾ, ਭਾਵੇਂ ਜੋ ਹੋ ਜਾਏ।
ਅੰਤ, ਜਦੋਂ ਅੱਗ ਨਾਲ ਲਾਲ ਹੋਏ ਲੋਹ-ਸਤੰਭ 'ਚੋਂ ਨਰਸਿੰਘ ਰੂਪ ਪ੍ਰਮੇਸ਼ਰ ਨੇ ਪ੍ਰਗਟ ਹੋ ਕੇ ਹਰਨਾਕਸ਼ ਮਾਰ ਕੇ, ਪ੍ਰਹਿਲਾਦ ਗੋਦ ਵਿਚ ਚੁੱਕਿਆ ਤੇ ਕਿਹਾ, ''ਪੁੱਤਰ! ਮੰਗ ਕੀ ਚਾਹੁੰਦੈ।'' ਪ੍ਰਹਿਲਾਦ ਕਹਿੰਦੈ-ਸਭਿ ਕੁਝ ਤਾਂ ਮੇਰੇ ਪਿਤਾ ਨੇ ਤੁਹਾਥੋਂ ਮੰਗ ਲਿਆ ਸੀ, ਬਾਹੂ ਬਲ, ਸੈਨਯ ਬਲ.. ਅਜੇਯ ਹੋਣ ਦਾ ਵਰ। ... ਨਾ ਦਿਨੇ ਨਾ ਰਾਤ, ਨਾ ਜ਼ਮੀਨ 'ਤੇ, ਨਾ ਅਕਾਸ਼ 'ਤੇ, ਨਾ ਅਸਤ੍ਰ ਨਾਲ, ਨਾ ਸ਼ਸਤ੍ਰ ਨਾਲ ਮਰਨ ਦਾ ਵਰ। ... ਅਮਰ ਹੋਣ ਦਾ ਯੋਗ! ਪਰ ਕੀ ਹਸ਼ਰ ਹੋਇਆ?
ਹੇ ਪ੍ਰਭੂ, ਪ੍ਰਾਣੀ ਸਰੀਰ ਦੀ ਵਾਸਨਾ ਅਤੇ ਭੌਤਿਕ ਸਮੱਗਰੀ ਪ੍ਰਤੀ ਇਤਨਾ ਆਸਕਤ ਹੈ ਕਿ ਮੌਤੋਂ ਬਾਅਦ ਦਾ ਜੀਵਨ ਭੁੱਲ ਗਿਆ। ਤਾਂ ਹੇ ਪ੍ਰਭੂ! ਜੇ ਤੁਸੀਂ ਦੇਣਾ ਹੈ ਤਾਂ ਉਹ ਪ੍ਰੀਤ ਦਿਓ ਜਿਵੇਂ ਸੰਸਾਰੀ ਮਨੁੱਖ ਵਾਸਨਾਵਾਂ ਪ੍ਰਤੀ ਰੱਖਦੈ। ਰਿਸ਼ਤੇ, ਨਾਤੇ, ਭੈਣ-ਭਰਾ, ਕੁਟੰਬ, ਮਿੱਤਰ ਕੁਝ ਨਹੀਂ ਵੇਖਦਾ—
ਯਾ ਪ੍ਰੀਤਿ ਅਵਿਵੇਕਾਨਾਂ ਵਿਸੈਇਸ਼ਵ ਨਾ ਪਾਇਨੀ
ਤਵਮ ਅਨੁਅਸਮਰਤ: ਸਾ ਮੇ ਹਿਰਦੈਯਾਨਮੁ ਅਪਿ ਸਰਪਤੂ।।
(ਵਿਸ਼ਨੂ ਪੁਰਾਣ) 1:20:19
ਇਹੀ ਮੰਗ ਭਗਤ ਨਾਮਦੇਵ ਪ੍ਰਮੇਸ਼ਰ ਤੋਂ ਮੰਗਦੇ ਹਨ—
''ਜੈਸੀ ਪ੍ਰੀਤਿ ਮੂੜਿ ਪਰਾਇਣ। ਤੈਸੀ ਨਾਮੇ ਪ੍ਰੀਤਿ ਨਰਾਇਣ।।''
ਤਾਂ ਭਗਤ ਕਬੀਰ ਜੀ ਕਹਿੰਦੇ ਹਨ— ਭਗਵਤ ਪ੍ਰੀਤ ਕਰੋ ਤਾਂ ਉਸ ਵਿਚ ਕੋਈ ਮਿਲਾਵਟ ਨਾ ਹੋਵੇ.. ਕੋਈ ਮੰਗ ਨਾ ਹੋਵੇ... ਸੌਦੇਬਾਜ਼ੀ ਨਾ ਹੋਵੇ—ਨਾਮ ਜਪੋ, ਤਾਂ ਧ੍ਰੂ ਪ੍ਰਹਿਲਾਦ ਵਾਂਗ, ਨਿਰਵਾਸਨਾ... ਨਿਰਵਿਕਲਪ ਭਗਤੀ!
- ਗੁਰੂਬਚਨ ਸਿੰਘ ਨਾਮਧਾਰੀ
ਮਈ ਮਹੀਨੇ ਦੇ ਵਰਤ-ਤਿਉਹਾਰ ਆਦਿ
NEXT STORY