ਕਈ ਜੁਗ ਆਏ ਤੇ ਗਏ ਪਰ ਉਹ ਸਾਰੇ ਜੁਗਾਂ ਵਿਚ ਇਕ ਰੂਪ ਹੀ ਰਿਹਾ। ਉਸ ਅਕਾਲ ਪੁਰਖ ਵਿਚ ਪੂਰਨ ਸਮਰਪਣ ਤੇ ਇਕਮਿਕ ਹੋਣਾ ਹੀ ਉਸ ਦਾ ਆਦੇਸ਼ ਹੈ। ਇਸ ਵਾਸਤੇ ਸਾਰੀ ਸ੍ਰਿਸ਼ਟੀ ਹੈ।
ਭੁਗਤਿ ਗਿਆਨ, ਦਇਆ ਭੰਡਾਰਣਿ, ਘਟ ਘਟ ਵਾਜਹਿ ਨਾਦ।।
ਆਪਿ ਨਾਥ, ਨਾਥੀ ਸਭ ਜਾ ਕੀ, ਰਿਧਿ ਸਿਧਿ ਅਵਰਾ ਸਾਦ।।
ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ, ਲੇਖੈ ਆਵਹਿ ਭਾਗ।।
ਆਦੇਸੁ, ਤਿਸੈ ਆਦੇਸੁ।।
ਆਦਿ ਅਨੀਲ ਅਨਾਦਿ ਅਨਾਹਿਤ, ਜੁਗੁ ਜੁਗੁ ਏਕੋ ਵੇਸੁ ।।29।।
ਪਦ ਅਰਥ : ਭੁਗਤਿ ਗਿਆਨ=ਗਿਆਨ ਦਾ ਭੋਜਨ (ਖਾਣਾ-ਪੀਣਾ), ਦਇਆ ਭੰਡਾਰਣਿ=ਦਇਆ ਹੀ ਭੰਡਾਰਣਿ (ਭੋਜਨ ਵਰਤਾਉਣ ਵਾਲੀ) ਤੇ ਘਟ-ਘਟ=ਹਰ ਇਕ ਕਾਇਆ ਅੰਦਰ, ਵਾਜਹਿ ਨਾਦ=ਵੱਜ ਰਹੇ ਨਾਦ। ਆਪਿ ਨਾਥੁ=ਅਕਾਲ ਪੁਰਖ ਖੁਦ ਹੀ ਨਾਥ (ਸੁਆਮੀ) ਹੈ, ਨਾਥੀ ਸਭ ਜਾ ਕੀ=ਸਾਰੀ ਸ੍ਰਿਸ਼ਟੀ ਨੂੰ ਉਸੇ ਨੇ ਨੱਥਿਆ ਹੋਇਆ ਹੈ। ਰਿਧਿ ਸਿਧਿ=ਅਲੌਕਿਕ ਕਰਾਮਾਤਾਂ, ਅਵਰਾ ਸਾਦ=ਦੂਜੇ ਹੇਠਲੇ ਦਰਜੇ ਦੇ ਸੁਆਦ ਹਨ। ਸੰਜੋਗੁ ਵਿਜੋਗੁ=ਇਕਮਿਕਤਾ ਤੇ ਦੂਈਪੁਣਾ, ਦੁਇਕਾਰ ਚਲਾਵਹਿ=ਦੋਵੇਂ ਸੰਸਾਰ ਰੂਪੀ ਗੱਡੀ ਚਲਾਉਣ ਵਾਲੇ ਹਨ ਅਤੇ ਲੇਖੈ ਆਵਹਿ ਭਾਗ=ਲਿਖੇ ਕਰਮਾਂ ਅਨੁਸਾਰ ਹੀ ਹਿੱਸਾ ਮਿਲਦਾ ਹੈ। ਆਦੇਸੁ ਤਿਸੈ ਆਦੇਸੁ=ਉਸ ਦੇ ਹੁਕਮ (ਆਦੇਸ਼) ਰਾਹੀਂ, ਸਮਰਪਣ ਤੇ ਇਕਮਿਕਤਾ ਹੁਕਮੀ ਪਰਮ ਪੁਰਖ ਵਿਚ ਹੁੰਦੀ ਹੈ, ਜਿਹੜਾ ਆਦਿ=ਸ੍ਰਿਸ਼ਟੀ ਦਾ ਆਦਿ ਹੈ, ਅਨੀਲ=ਨਿਰੰਜਨ ਹੈ, ਅਨਾਦਿ=ਜਿਸਦਾ ਆਪਣਾ ਕੋਈ ਆਦਿ ਨਹੀਂ, ਉਹ ਸੈਭੰ ਹੈ, ਜੁਗੁ-ਜੁਗੁ=ਹਰ ਇਕ ਜੁਗ ਵਿਚ, ਏਕੋ ਵੇਸੁ=ਇਕ ਰਸ ਸਤ ਸਰੂਪ ਹੈ।
ਸਾਧਨਾ ਭਾਸ਼ਿਅ=ਇਸ ਪਉੜੀ ਵਿਚ ਬ੍ਰਹਮਗਿਆਨੀ ਦੀ ਪੂਰਨ ਸਥਿਤੀ ਦਾ ਵਰਣਨ ਕਰਦੇ ਹੋਏ ਅਕਾਲ ਪੁਰਖ ਤੇ ਉਸ ਤੋਂ ਚੱਲ ਰਹੇ ਸ੍ਰਿਸ਼ਟੀ ਚੱਕਰ ਦੇ ਰਹੱਸ ਤੇ ਪ੍ਰਕਿਰਿਆ ਦਾ ਵੀ ਵਰਣਨ ਕੀਤਾ ਗਿਆ ਹੈ।
'ਭੁਗਤਿ ਗਿਆਨ, ਦਇਆ ਭੰਡਾਰਣਿ' ਇਨ੍ਹਾਂ ਚਾਰ ਅੱਖਰਾਂ ਵਾਲੇ ਸੂਤਰ ਵਿਚ ਬ੍ਰਹਮਗਿਆਨੀ ਦੀ ਅਲੌਕਿਕ ਸਥਿਤੀ ਦਾ ਵਰਣਨ ਹੈ। ਬ੍ਰਹਮਗਿਆਨੀ ਦਾ ਭੋਜਨ ਗਿਆਨ ਹੈ ਤੇ ਇਸ ਭੋਜਨ ਨੂੰ ਹੋਰ ਜਿਗਿਆਸੂ ਸਿੱਖਾਂ ਤਕ ਵੀ ਵਰਤਾਉਣ ਵਾਲੀ ਭੰਡਾਰਣਿ 'ਦਇਆ' ਹੈ ਅਤੇ ਇਹ ਭੰਡਾਰਾ ਅਤੁੱਟ ਹੈ। ਇਸ ਗਿਆਨ ਰੂਪੀ ਭੋਜਨ ਨੂੰ ਖਾ ਕੇ ਬ੍ਰਹਮਗਿਆਨੀ ਆਪ ਤਾਂ ਪੂਰਨ ਤ੍ਰਿਪਤ ਹੋਇਆ ਹੀ ਹੈ ਪਰ ਉਸ ਦੇ ਇਸ ਗਿਆਨ ਰੂਪੀ ਭੰਡਾਰ ਵਿਚ ਕਦੇ ਕੋਈ ਤੋਟ ਨਹੀਂ ਆਉਂਦੀ ਤੇ ਉਸ ਦਾ ਭੰਡਾਰਾ ਅਤੁੱਟ ਚੱਲਦਾ ਹੈ, ਭਾਵੇਂ ਜਿੰਨੇ ਮਰਜ਼ੀ ਜਿਗਿਆਸੂ ਉਸ ਤੋਂ ਗਿਆਨ ਦੀ, ਨਾਮ ਦੀ ਭਿਖਿਆ ਪ੍ਰਾਪਤ ਕਰ ਲੈਣ।