ਇਕ ਰਾਜਾ ਆਪਣੀ ਪਰਜਾ ਦੇ ਸੁੱਖ-ਦੁੱਖ ਦਾ ਬੜਾ ਧਿਆਨ ਰੱਖਦਾ ਸੀ। ਉਹ ਇੰਨਾ ਮਿਹਨਤੀ ਸੀ ਕਿ ਆਪਣਾ ਸੁੱਖ, ਐਸ਼ੋ-ਆਰਾਮ ਸਭ ਛੱਡ ਕੇ ਸਾਰਾ ਸਮਾਂ ਪਰਜਾ ਦੀ ਭਲਾਈ ਦੇ ਕਾਰਜਾਂ ਵਿਚ ਲਗਾ ਦਿੰਦਾ ਸੀ। ਇਥੋਂ ਤਕ ਕਿ ਜੋ ਮੋਕਸ਼ ਦਾ ਸਾਧਨ ਹੈ, ਭਾਵ ਰੱਬ ਦੀ ਬੰਦਗੀ, ਉਸ ਦੇ ਲਈ ਵੀ ਉਸ ਕੋਲੋਂ ਸਮਾਂ ਨਹੀਂ ਨਿਕਲਦਾ ਸੀ।
ਇਕ ਸਵੇਰੇ ਰਾਜਾ ਜੰਗਲ ਵੱਲ ਸੈਰ ਕਰਨ ਲਈ ਜਾ ਰਿਹਾ ਸੀ ਕਿ ਉਸ ਨੂੰ ਇਕ ਦੇਵ ਦੇ ਦਰਸ਼ਨ ਹੋਏ। ਰਾਜੇ ਨੇ ਦੇਵ ਨੂੰ ਪ੍ਰਣਾਮ ਕੀਤਾ ਅਤੇ ਉਸ ਦੇ ਹੱਥਾਂ ਵਿਚ ਇਕ ਵੱਡੀ ਕਿਤਾਬ ਦੇਖ ਕੇ ਪੁੱਛਿਆ,''ਮਹਾਰਾਜ! ਤੁਹਾਡੇ ਹੱਥਾਂ ਵਿਚ ਇਹ ਕੀ ਹੈ?''
ਦੇਵ ਬੋਲਿਆ,''ਰਾਜਨ, ਇਹ ਸਾਡਾ ਵਹੀਖਾਤਾ ਹੈ, ਜਿਸ ਵਿਚ ਸਾਰੇ ਭਜਨ ਕਰਨ ਵਾਲਿਆਂ ਦੇ ਨਾਂ ਹਨ।''
ਰਾਜੇ ਨੇ ਨਿਰਾਸ਼ਾ ਵਿਚ ਕਿਹਾ,''ਕਿਰਪਾ ਕਰ ਕੇ ਦੇਖੋ ਤਾਂ ਇਸ ਕਿਤਾਬ ਵਿਚ ਮੇਰਾ ਨਾਂ ਵੀ ਹੈ ਜਾਂ ਨਹੀਂ?''
ਦੇਵ ਕਿਤਾਬ ਦਾ ਇਕ-ਇਕ ਸਫਾ ਉਲਟਣ ਲੱਗਾ ਪਰ ਰਾਜੇ ਦਾ ਨਾਂ ਕਿਤੇ ਵੀ ਨਜ਼ਰ ਨਾ ਆਇਆ।
ਰਾਜੇ ਨੇ ਦੇਵ ਨੂੰ ਫਿਕਰਮੰਦ ਦੇਖ ਕੇ ਕਿਹਾ,''ਮਹਾਰਾਜ! ਤੁਸੀਂ ਫਿਕਰ ਨਾ ਕਰੋ, ਤੁਹਾਡੇ ਲੱਭਣ ਵਿਚ ਵੀ ਕੋਈ ਕਮੀ ਨਹੀਂ। ਅਸਲ ਵਿਚ ਇਹ ਮੇਰੀ ਬਦਕਿਸਮਤੀ ਹੈ ਕਿ ਮੈਂ ਭਜਨ-ਕੀਰਤਨ ਲਈ ਸਮਾਂ ਨਹੀਂ ਕੱਢਦਾ ਅਤੇ ਇਸੇ ਲਈ ਮੇਰਾ ਨਾਂ ਇਥੇ ਨਹੀਂ ਹੈ।''
ਉਸ ਦਿਨ ਰਾਜੇ ਦੇ ਮਨ ਵਿਚ ਪਛਤਾਵਾ ਪੈਦਾ ਹੋਇਆ ਪਰ ਇਸ ਦੇ ਬਾਵਜੂਦ ਉਸ ਨੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਮੁੜ ਪਰਉਪਕਾਰ ਦੀ ਭਾਵਨਾ ਨਾਲ ਦੂਜਿਆਂ ਦੀ ਸੇਵਾ ਕਰਨ ਵਿਚ ਲੱਗ ਗਿਆ।
ਕੁਝ ਦਿਨਾਂ ਬਾਅਦ ਰਾਜਾ ਫਿਰ ਸਵੇਰੇ ਜੰਗਲ ਵੱਲ ਟਹਿਲਣ ਲਈ ਨਿਕਲਿਆ ਤਾਂ ਉਸ ਨੂੰ ਉਸੇ ਦੇਵ ਦੇ ਦਰਸ਼ਨ ਹੋਏ। ਇਸ ਵਾਰ ਵੀ ਉਸ ਦੇ ਹੱਥਾਂ ਵਿਚ ਇਕ ਕਿਤਾਬ ਸੀ। ਇਸ ਕਿਤਾਬ ਦੇ ਰੰਗ ਤੇ ਆਕਾਰ ਵਿਚ ਬਹੁਤ ਫਰਕ ਸੀ ਅਤੇ ਇਹ ਪਹਿਲੀ ਵਾਲੀ ਨਾਲੋਂ ਕਾਫੀ ਛੋਟੀ ਵੀ ਸੀ।
ਰਾਜੇ ਨੇ ਮੁੜ ਉਸ ਨੂੰ ਪ੍ਰਣਾਮ ਕੀਤਾ ਅਤੇ ਪੁੱਛਿਆ,''ਮਹਾਰਾਜ! ਅੱਜ ਕਿਹੜਾ ਵਹੀਖਾਤਾ ਤੁਹਾਡੇ ਹੱਥਾਂ ਵਿਚ ਹੈ?''
ਦੇਵ ਨੇ ਕਿਹਾ,''ਰਾਜਨ! ਅੱਜ ਦੇ ਵਹੀਖਾਤੇ ਵਿਚ ਉਨ੍ਹਾਂ ਲੋਕਾਂ ਦੇ ਨਾਂ ਲਿਖੇ ਹਨ ਜੋ ਰੱਬ ਨੂੰ ਸਭ ਤੋਂ ਜ਼ਿਆਦਾ ਪਿਆਰੇ ਹਨ।''
ਰਾਜਾ ਬੋਲਿਆ,''ਕਿੰਨੇ ਕਿਸਮਤ ਵਾਲੇ ਹੋਣਗੇ ਉਹ ਲੋਕ? ਯਕੀਨੀ ਤੌਰ 'ਤੇ ਉਹ ਦਿਨ-ਰਾਤ ਭਗਤੀ ਵਿਚ ਲੱਗੇ ਰਹਿੰਦੇ ਹੋਣਗੇ। ਕੀ ਇਸ ਕਿਤਾਬ ਵਿਚ ਕੋਈ ਮੇਰੇ ਰਾਜ ਦਾ ਵੀ ਨਾਗਰਿਕ ਹੈ?''
ਦੇਵ ਨੇ ਵਹੀਖਾਤਾ ਖੋਲ੍ਹਿਆ ਅਤੇ ਇਹ ਕੀ, ਪਹਿਲੇ ਹੀ ਸਫੇ 'ਤੇ ਪਹਿਲਾ ਨਾਂ ਰਾਜੇ ਦਾ ਸੀ।
ਰਾਜੇ ਨੇ ਹੈਰਾਨ ਹੋ ਕੇ ਪੁੱਛਿਆ,''ਮਹਾਰਾਜ! ਮੇਰਾ ਨਾਂ ਇਸ ਵਿਚ ਕਿਵੇਂ ਆ ਗਿਆ? ਮੈਂ ਤਾਂ ਮੰਦਰ ਵੀ ਕਦੇ-ਕਦੇ ਹੀ ਜਾਂਦਾ ਹਾਂ।''
ਦੇਵ ਬੋਲਿਆ,''ਰਾਜਨ! ਇਸ ਵਿਚ ਹੈਰਾਨੀ ਵਾਲੀ ਕਿਹੜੀ ਗੱਲ ਹੈ? ਜੋ ਲੋਕ ਨਿਰਸਵਾਰਥ ਭਾਵਨਾ ਨਾਲ ਲੋਕਾਂ ਦੀ ਸੇਵਾ ਕਰਦੇ ਹਨ, ਜੋ ਦੁਨੀਆ ਦੇ ਉਪਕਾਰ ਵਿਚ ਆਪਣਾ ਜੀਵਨ ਅਰਪਣ ਕਰਦੇ ਹਨ, ਜੋ ਲੋਕ ਮੁਕਤੀ ਦਾ ਲਾਲਚ ਵੀ ਤਿਆਗ ਕੇ ਰੱਬ ਦੀਆਂ ਕਮਜ਼ੋਰ ਸੰਤਾਨਾਂ ਦੀ ਸੇਵਾ ਤੇ ਸਹਾਇਤਾ ਵਿਚ ਯੋਗਦਾਨ ਦਿੰਦੇ ਹਨ, ਉਨ੍ਹਾਂ ਤਿਆਗੀ ਮਹਾਪੁਰਸ਼ਾਂ ਦਾ ਭਜਨ ਖੁਦ ਰੱਬ ਕਰਦਾ ਹੈ। ਹੇ ਰਾਜਨ! ਤੂੰ ਨਾ ਪੁੱਛ ਕਿ ਤੂੰ ਪੂਜਾ-ਪਾਠ ਨਹੀਂ ਕਰਦਾ, ਲੋਕਾਂ ਦੀ ਸੇਵਾ ਕਰ ਕੇ ਤੂੰ ਅਸਲ ਵਿਚ ਰੱਬ ਦੀ ਹੀ ਪੂਜਾ ਕਰਦਾ ਏਂ। ਪਰਉਪਕਾਰ ਤੇ ਨਿਰਸਵਾਰਥ ਲੋਕ ਸੇਵਾ ਕਿਸੇ ਵੀ ਪੂਜਾ ਤੋਂ ਵਧ ਕੇ ਹੈ।''
ਰਾਜੇ ਨੂੰ ਅੱਜ ਦੇਵ ਰਾਹੀਂ ਬਹੁਤ ਵੱਡਾ ਗਿਆਨ ਮਿਲ ਚੁੱਕਾ ਸੀ ਅਤੇ ਹੁਣ ਉਹ ਸਮਝ ਗਿਆ ਸੀ ਕਿ ਪਰਉਪਕਾਰ ਤੋਂ ਵਧ ਕੇ ਕੁਝ ਵੀ ਨਹੀਂ। ਜੋ ਪਰਉਪਕਾਰ ਕਰਦੇ ਹਨ, ਉਹੀ ਰੱਬ ਨੂੰ ਸਭ ਤੋਂ ਜ਼ਿਆਦਾ ਪਿਆਰੇ ਹੁੰਦੇ ਹਨ।
ਇਨਸਾਨ ਦਾ ਦਿਮਾਗ ਹਰ ਕੰਮ ਕਰਨ ਲਈ ਸ਼ਕਤੀ ਦਿੰਦਾ ਹੈ
NEXT STORY