ਮੋਹਾਲੀ— ਪੰਜਾਬ ਵਿਚ ਅੱਜ ਵੀ ਜੇਕਰ ਪ੍ਰੇਮ ਵਿਆਹ ਦੀ ਗੱਲ ਹੁੰਦੀ ਹੈ ਤਾਂ ਕਈ ਪਰਿਵਾਰ ਆਪਣੇ ਹੀ ਬੱਚਿਆਂ ਦੀਆਂ ਖੁਸ਼ੀਆਂ ਵਿਚ ਰੁਕਾਵਟ ਬਣ ਜਾਂਦੇ ਹਨ। ਪਿਆਰ ਕਰਨ ਦੀ ਸਜ਼ਾ ਇਨ੍ਹਾਂ ਲੋਕਾਂ ਨੂੰ ਇਹ ਮਿਲਦੀ ਹੈ ਕਿ ਪੁਲਸ ਵੀ ਉਨ੍ਹਾਂ ਦਾ ਸਾਥ ਨਹੀਂ ਦਿੰਦੀ ਪਰ ਇੱਥੇ ਮਾਮਲਾ ਥੌੜ੍ਹਾ ਉਲਟਾ ਹੈ। ਇੱਥੇ ਪੰਜਾਬ ਪੁਲਸ ਨੇ ਦਿਲ ਵੱਡਾ ਕੀਤਾ ਹੈ ਅਤੇ ਮੁੰਡੇ-ਕੁੜੀ ਦੀਆਂ ਮੁਸ਼ਕਿਲਾਂ ਦੂਰ ਕਰਕੇ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ।
ਮਾਮਲਾ ਮੋਹਾਲੀ ਦੇ ਪਿੰਡ ਮਟੌਰ ਦਾ ਹੈ। ਜਿੱਥੇ ਪੰਜਾਬ ਪੁਲਸ ਨੇ ਬਾਲਗ ਪ੍ਰੇਮੀ ਜੋੜੇ ਦਾ ਵਿਆਹ ਕਰਵਾ ਦਿੱਤਾ। ਪਿੰਡ ਦਾ ਨੌਜਵਾਨ ਰਾਮ ਲਖਨ ਅਤੇ ਕੁੜੀ ਅੰਸ਼ੂ ਇਕ-ਦੂਜੇ ਨਾਲ ਪਿਆਰ ਕਰਦੇ ਸਨ। ਰਾਮ ਲਖਨ ਇਕ ਸਾਫਟਵੇਅਰ ਕੰਪਨੀ 'ਚ ਕੰਮ ਕਰਦਾ ਹੈ। ਛੇ ਮਹੀਨੇ ਪਹਿਲਾਂ ਦੋਹਾਂ ਦਾ ਪਿਆਰ ਪਰਵਾਨ ਚੜ੍ਹਿਆ ਤੇ ਹੁਣ ਉਹ ਦੋਵੇਂ ਵਿਆਹ ਕਰਨ ਦੀ ਤਿਆਰੀ ਕਰ ਰਹੇ ਸਨ। ਇਸ ਦਾ ਪਤਾ ਜਦੋਂ ਅੰਸ਼ੂ ਦੇ ਘਰ ਵਾਲਿਆਂ ਨੂੰ ਲੱਗਾ ਤਾਂ ਉਹ ਹੀ ਹੋਇਆ, ਜਿਸ ਦਾ ਉਸ ਨੂੰ ਡਰ ਸੀ। ਅੰਸ਼ੂ ਦੇ ਘਰ ਦਿਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਪੁਲਸ ਨੂੰ ਇਹ ਕਹਿ ਕੇ ਲੜਕੇ ਦੀ ਸ਼ਿਕਾਇਤ ਕਰ ਦਿੱਤੀ ਕਿ ਉਨ੍ਹਾਂ ਦੀ ਲੜਕੀ ਨਾਬਾਲਗ ਹੈ। ਮਾਮਲਾ ਜਦੋਂ ਪੰਜਾਬ ਪੁਲਸ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਪਾਇਆ ਕਿ ਲੜਕੀ ਤੇ ਲੜਕਾ ਦੋਵੇਂ ਬਾਲਗ ਹਨ। ਫਿਰ ਕੀ ਸੀ ਉਨ੍ਹਾਂ ਨੇ ਦੋਹਾਂ ਨੂੰ ਆਸ਼ਿਰਵਾਦ ਦੇ ਕੇ ਛੱਡ ਦਿੱਤਾ ਤੇ ਪਰਿਵਾਰ ਨੂੰ ਸਮਝਾ ਦਿੱਤਾ ਕਿ ਲੜਕਾ-ਲੜਕੀ ਦੋਵੇਂ ਬਾਲਗ ਹਨ। ਇਸ ਲਈ ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਬਣਦੀ।
ਲੜਕੀ ਦੇ ਪਰਿਵਾਰ ਵਾਲੇ ਗੁੱਸੇ ਵਿਚ ਆ ਕੇ ਉਸ ਨੂੰ ਲੜਕੇ ਦੇ ਪਰਿਵਾਰ ਕੋਲ ਹੀ ਛੱਡ ਗਏ। ਇਸ ਤੋਂ ਬਾਅਦ ਰਾਮ ਲਖਨ ਤੇ ਅੰਸ਼ੂ ਨੇ ਮੰਦਰ ਵਿਚ ਵਿਆਹ ਕਰ ਲਿਆ। ਮਟੌਰ ਥਾਣੇ ਦੇ ਐੱਸ. ਐੱਚ. ਓ. ਮਹੇਸ਼ ਸੈਨੀ ਨੇ ਕਿਹਾ ਕਿ ਦੋਵੇਂ ਬਾਲਗ ਸਨ ਅਤੇ ਉਨ੍ਹਾਂ ਨੂੰ ਆਪਣਾ ਜੀਵਨ ਸਾਥੀ ਚੁਣਨ ਦਾ ਪੂਰਾ ਹੱਕ ਹੈ। ਇਸ ਲਈ ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਤੂਫਾਨ ਨਾਲ 'ਮੋਦੀ ਦਰਬਾਰ' ਤਹਿਸ-ਨਹਿਸ
NEXT STORY