ਜਲੰਧਰ (ਪ੍ਰੀਤ, ਸ਼ੋਰੀ)-ਬਸਤੀ ਪੀਰਦਾਦ ਵਿਚ ਬੁੱਧਵਾਰ ਦੀ ਸ਼ਾਮ ਨੂੰ ਜ਼ਮੀਨੀ ਵਿਵਾਦ ਕਾਰਨ ਭਰਾਵਾਂ 'ਚ ਝਗੜਾ ਹੋ ਗਿਆ, ਜਿਸ ਤੋਂ ਬਾਅਦ ਕੁੱਟਮਾਰ ਸ਼ੁਰੂ ਹੋ ਗਈ ਅਤੇ ਬੇਸਬੈਟ ਤੱਕ ਚੱਲੇ। ਇਸ ਝਗੜੇ 'ਚ ਵਾਰਡ ਨੰਬਰ-42 ਦੇ ਕਾਂਗਰਸੀ ਕੌਂਸਲਰ ਬਲਦੇਵ ਸਿੰਘ ਦੇਵ 'ਤੇ ਇਕ ਧਿਰ ਨੇ ਕੁੱਟਮਾਰ ਅਤੇ ਗੁੰਡਾਗਰਦੀ ਕਰਨ ਦਾ ਦੋਸ਼ ਲਾਇਆ ਹੈ ਤਾਂ ਕੌਂਸਲਰ ਨੇ ਦੋਸ਼ ਲਾਇਆ ਹੈ ਕਿ ਉਸ ਦੇ ਨਾਲ ਕੁੱਟਮਾਰ ਤੋਂ ਬਾਅਦ ਉਸ ਦੀ ਪਗੜੀ ਉਤਾਰੀ ਗਈ।
ਦੋਵਾਂ ਧਿਰਾਂ ਨੇ ਸਿਵਲ ਹਸਪਤਾਲ ਵਿਚ ਆਪਣੀ ਐੱਮ. ਐੱਲ. ਆਰ. ਕਟਵਾਉਣ ਦੇ ਨਾਲ ਹੀ ਇਸ ਬਾਰੇ ਬਸਤੀ ਬਾਵਾ ਖੇਲ ਦੀ ਪੁਲਸ ਨੂੰ ਸੂਚਿਤ ਕੀਤਾ ਹੈ। ਪਹਿਲੀ ਧਿਰ ਵਿਚ ਤਿੰਨ ਜ਼ਖ਼ਮੀ ਭਰਾਵਾਂ ਦੀ ਪਛਾਣ ਮਨਦੀਪ ਸਿੰਘ, ਜਤਿੰਦਰ ਸਿੰਘ ਤੇ ਬਲਦੇਵ ਸਿੰਘ ਸਾਰੇ ਪੁੱਤਰ ਨਗੀਨਾ ਸਿੰਘ ਦੇ ਤੌਰ 'ਤੇ ਹੋਈ।
ਜ਼ਖ਼ਮੀ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਕੁਲ 5 ਭਰਾ ਹਨ ਅਤੇ ਉਸਦੇ ਪਿਤਾ ਨਾਲ ਉਸ ਦਾ ਜ਼ਮੀਨੀ ਵਿਵਾਦ ਚਲ ਰਿਹਾ ਹੈ। ਦੋ ਭਰਾ ਉਸਦੇ ਪਿਤਾ ਦੇ ਪੱਖ ਵਿਚ ਹਨ, ਜਦਕਿ ਦੋ ਭਰਾ ਉਸਦਾ ਸਮਰਥਨ ਕਰਦੇ ਹਨ। ਮਨਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਉਸ ਨੂੰ ਘਰੋਂ ਬਾਹਰ ਕੱਢਣਾ ਚਾਹੁੰਦਾ ਹੈ, ਜਿਸ ਦੀ ਸ਼ਿਕਾਇਤ ਉਸਨੇ ਪੁਲਸ ਵਿਚ ਵੀ ਦਿੱਤੀ ਸੀ।
ਥਾਣਾ ਬਸਤੀ ਬਾਵਾ ਖੇਲ ਵਿਚ ਉਨ੍ਹਾਂ ਦਾ ਆਪਣੇ ਪਿਤਾ ਨਾਲ ਰਾਜ਼ੀਨਾਮਾ ਹੋਇਆ ਅਤੇ ਜਿਵੇਂ ਹੀ ਉਹ ਘਰ ਪਹੁੰਚਿਆ ਤਾਂ ਇਲਾਕੇ ਦੇ ਕੌਂਸਲਰ ਬਲਦੇਵ ਸਿੰਘ ਦੇਵ, ਉਸਦੇ ਬੇਟੇ ਮੰਗੂ ਨੇ ਹੋਰਨਾਂ ਹਥਿਆਰਬੰਦ ਸਾਥੀਆਂ ਨੂੰ ਪਹਿਲਾਂ ਹੀ ਬੁਲਾਇਆ ਹੋਇਆ ਸੀ। ਉਨ੍ਹਾਂ ਸਾਰਿਆਂ ਨੇ ਮਿਲ ਕੇ ਉਸ 'ਤੇ ਬੇਸਬੈਟਾਂ ਅਤੇ ਡੰਡਿਆਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਦੂਜੇ ਪਾਸੇ ਕੌਂਸਲਰ ਬਲਦੇਵ ਸਿੰਘ ਨੇ ਖੁਦ 'ਤੇ ਲੱਗੇ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਹੈ ਕਿ ਨਗੀਨਾ ਸਿੰਘ ਉਸਦਾ ਦੋਸਤ ਹੈ। ਨਗੀਨਾ ਸਿੰਘ ਦੇ ਤਿੰਨ ਬੇਟੇ ਉਸਦੇ ਨਾਲ ਜ਼ਮੀਨੀ ਵਿਵਾਦ ਨੂੰ ਲੈ ਕੇ ਕੁਟਮਾਰ ਕਰਦੇ ਰਹਿੰਦੇ ਹਨ, ਜਿਸ ਦੇ ਕਾਰਨ ਨਗੀਨਾ ਸਿੰਘ ਨੇ ਪੁਲਸ ਨੂੰ ਵੀ ਸ਼ਿਕਾਇਤ ਦਿੱਤੀ ਸੀ।
ਕੌਂਸਲਰ ਨੇ ਦੱਸਿਆ ਕਿ ਨਗੀਨਾ ਸਿੰਘ ਨਾਲ ਉਸਦੇ ਤਿੰਨੇ ਬੇਟੇ ਕੁੱਟਮਾਰ ਕਰ ਰਹੇ ਹਨ। ਇਸ ਬਾਰੇ ਪਤਾ ਲੱਗਣ 'ਤੇ ਤਿੰਨਾਂ ਭਰਾਵਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਉਸਦੇ ਨਾਲ ਕੁੱਟਮਾਰ ਕਰਨ ਦੇ ਨਾਲ-ਨਾਲ ਉਸ ਦੀ ਪਗੜੀ ਵੀ ਲਾਹ ਦਿੱਤੀ। ਤਿੰਨਾਂ ਭਰਾਵਾਂ ਨੇ ਆਪਣੇ ਭਰਾ ਤਰਸੇਮ ਸਿੰਘ 'ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਬਸਤੀ ਬਾਵਾ ਖੇਲ ਦੇ ਇੰਸਪੈਕਟਰ ਸੁਖਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਸ ਜ਼ਖ਼ਮੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਦੋਸ਼ੀ ਪੱਖ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰੇਗੀ।
ਪੰਜਾਬੀਆਂ ਦੇ ਬਾਬਾ ਬੋਹੜ ਬਾਪੂ ਨਾਜਰ ਸਿੰਘ ਦੀ ਚਿਤਾ 'ਤੇ ਚੜ੍ਹਾਈ ਗਈ ਵਿਸਕੀ, ਦਿੱਤੀ ਅੰਤਿਮ ਵਿਦਾਈ (ਤਸਵੀਰਾਂ)
NEXT STORY