ਲੁਧਿਆਣਾ (ਰਾਜ): ਮਹਾਨਗਰ ਦੇ ਸੰਘਣੀ ਅਬਾਦੀ ਵਾਲੇ ਬ੍ਰਹਮਪੁਰੀ ਇਲਾਕੇ ਵਿਚ ਅੱਜ ਉਸ ਵੇਲੇ ਸਨਸਨੀ ਫ਼ੈਲ ਗਈ ਜਦੋਂ ਬੇਖ਼ੌਫ਼ ਬਦਮਾਸ਼ਾਂ ਨੇ ਦਿਨ ਦਿਹਾੜੇ ਇਕ ਵਪਾਰੀ ਨੂੰ ਆਪਣਾ ਨਿਸ਼ਾਨਾ ਬਣਾਇਆ। ਬਦਮਾਸ਼ਾਂ ਨੇ ਰਾਹ ਵਿਚ ਵਪਾਰੀ ਨੂੰ ਰੋਕਿਆ ਤੇ ਉਸ 'ਤੇ ਹਮਲਾ ਬੋਲ ਦਿੱਤਾ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਹਮਲਾਵਰ ਵਪਾਰੀ ਤੋਂ ਨਕਦੀ ਲੁੱਟਣ ਦੀ ਫ਼ਿਰਾਕ ਵਿਚ ਸੀ, ਪਰ ਲੋਕਾਂ ਦੇ ਇਕੱਠੇ ਹੋਣ ਕਾਰਨ ਲੁਟੇਰੇ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋ ਸਕੇ ਤੇ ਮੌਕੇ ਤੋਂ ਫ਼ਰਾਰ ਹੋ ਗਏ।
ਇਸ ਵਾਰਦਾਤ ਮਗਰੋਂ ਸਥਾਨਕ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ ਹੈ। ਪੁਲਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਭੜਕੇ ਸੈਂਕੜੇ ਲੋਕਾਂ ਨੇ ਸੜਕ 'ਤੇ ਉਤਰ ਕੇ ਜ਼ੋਰਦਾਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਦੇਖਦੇ ਹੀ ਦੇਖਦੇ ਪੂਰਾ ਇਲਾਕਾ ਪੁਲਸ ਵਿਰੋਧੀ ਨਾਅਰਿਆਂ ਨਾਲ ਗੂੰਜ ਉੱਠਿਆ। ਪ੍ਰਦਰਸ਼ਨਕਾਰੀਆਂ ਦਾ ਸਾਫ਼ ਤੌਰ 'ਤੇ ਕਹਿਣਾ ਸੀ ਕਿ ਇਲਾਕੇ ਵਿਚ ਪੁਲਸ ਦਾ ਖ਼ੌਫ਼ ਖ਼ਤਮ ਹੋ ਚੁੱਕਿਆ ਹੈ ਤੇ ਅਪਰਾਧੀ ਸ਼ਰੇਆਮ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਹੰਗਾਮੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ 4 ਦੀ ਪੁਲਸ ਭਾਰੀ ਪੁਲਸ ਫ਼ੋਰਸ ਨਾਲ ਮੌਕੇ 'ਤੇ ਪਹੁੰਚੀ। ਪੁਲਸ ਅਫ਼ਸਰਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਵਾਉਣ ਲਈ ਕਾਫ਼ੀ ਮੁਸ਼ੱਕਤ ਕੀਤੀ। ਅਧਿਕਾਰੀਆਂ ਨੇ ਭੜਕੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਛੇਤੀ ਹੀ ਮੁਲਜ਼ਮਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ।
ਜ਼ੀਰਕਪੁਰ ਟ੍ਰੈਫਿਕ ਪੁਲਸ ਨੇ 22 ਦਿਨਾਂ ’ਚ 3139 ਚਲਾਨ ਕੱਟੇ
NEXT STORY