ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)—ਰਾਜੌਰੀ ਜ਼ਿਲੇ ਦੇ ਬਹੁਤੇ ਇਲਾਕਿਆਂ ਦੀ ਸਥਿਤੀ ਅਜਿਹੀ ਹੈ ਕਿ ਉਨ੍ਹਾਂ ਨੂੰ ਤੀਹਰੀ ਮਾਰ ਪੈ ਰਹੀ ਹੈ। ਇਕ ਪਾਸੇ ਪਾਕਿਸਤਾਨ ਦੀ ਮਾਰ ਹੈ, ਦੂਜਾ ਮੌਸਮ ਪ੍ਰੇਸ਼ਾਨੀ ਦਾ ਸਬੱਬ ਬਣਦਾ ਰਹਿੰਦਾ ਹੈ ਅਤੇ ਤੀਜਾ ਰੋਜ਼ੀ-ਰੋਟੀ ਦੇ ਵਸੀਲਿਆਂ ਦੀ ਘਾਟ ਹੋਣ ਕਰ ਕੇ ਲੋਕ ਬਹੁਤ ਮੁਸ਼ਕਲਾਂ ਭਰਿਆ ਜੀਵਨ ਗੁਜ਼ਾਰ ਰਹੇ ਹਨ। ਇਲਾਕਾ ਭਾਵੇਂ ਭੀਂਬਰ ਗਲੀ ਦਾ ਹੋਵੇ ਜਾਂ ਮੇਂਢਰ ਦਾ ਅਤੇ ਜਾਂ ਫਿਰ ਅਖਨੂਰ, ਨੌਸ਼ਹਿਰਾ ਅਤੇ ਸੁੰਦਰਬਨੀ ਹੋਵੇ, ਸਭ ਥਾਈਂ ਮਿਲਦੇ-ਜੁਲਦੇ ਹਾਲਾਤ ਹੀ ਦੇਖਣ ਨੂੰ ਮਿਲਣਗੇ।
ਪਹਾੜੀ ਖੇਤਰ ਹੋਣ ਕਰ ਕੇ ਇਨ੍ਹਾਂ ਇਲਾਕਿਆਂ ਤਕ ਨਾ ਸਹੂਲਤਾਂ ਦਾ ਵਿਸਥਾਰ ਹੋ ਸਕਿਆ ਅਤੇ ਨਾ ਹੀ ਪ੍ਰਸ਼ਾਸਨ ਜਾਂ ਸਰਕਾਰ ਦੀ ਆਮ ਵਾਂਗ ਪਹੁੰਚ ਬਣ ਸਕੀ। ਲੋਕ ਅੱਜ ਵੀ ਮੱਧਯੁਗੀ ਜੀਵਨ ਗੁਜ਼ਾਰ ਰਹੇ ਹਨ। ਵੱਡੇ ਸ਼ਹਿਰਾਂ ਜਾਂ ਕਸਬਿਆਂ 'ਚ ਹਾਲਤ ਮਾੜੀ-ਮੋਟੀ ਠੀਕ ਹੈ, ਜਦੋਂ ਕਿ ਪਿੰਡਾਂ ਅਤੇ ਦੁਰਾਡੇ ਪਹਾੜੀ ਇਲਾਕਿਆਂ ਦੀ ਸਥਿਤੀ ਬੇਹੱਦ ਤਰਸਯੋਗ ਹੈ।
ਸੁੰਦਰਬਨੀ ਅਤੇ ਇਸ ਨਾਲ ਸਬੰਧਤ ਪਿੰਡਾਂ ਨੂੰ ਤਾਂ ਕਿਸਮਤ ਦੀ ਅਜਿਹੀ ਮਾਰ ਪਈ ਲੱਗਦੀ ਹੈ ਕਿ ਇਥੋਂ ਦੀਆਂ ਬਹੁਤੀਆਂ ਰੂਹਾਂ ਕਿਸੇ ਸਰਾਪ ਹੇਠ ਦੱਬੀਆਂ ਗ਼ਮਾਂ ਦੇ ਸਮੁੰਦਰ 'ਚ ਗੋਤੇ ਖਾ ਰਹੀਆਂ ਪ੍ਰਤੀਤ ਹੁੰਦੀਆਂ ਹਨ। ਪਾਕਿਸਤਾਨ ਅਤੇ ਕੁਦਰਤ ਦਾ ਕਹਿਰ ਹੀ ਕਿਹਾ ਜਾ ਸਕਦਾ ਹੈ ਕਿ ਇਸ ਖੇਤਰ ਦੀਆਂ ਜ਼ਿਆਦਾਤਰ ਔਰਤਾਂ ਉਮਰ ਦੇ ਵੱਖ-ਵੱਖ ਪੜਾਵਾਂ 'ਚ ਵਿਧਵਾ ਦੀ ਜੂਨ ਹੰਢਾਉਣ ਅਤੇ 'ਚਿੱਟੀਆਂ ਚੁੰਨੀਆਂ' ਹੇਠ ਸਿਸਕੀਆਂ ਭਰਨ ਲਈ ਮਜਬੂਰ ਹੋ ਗਈਆਂ ਹਨ।
ਵਿਧਵਾ ਔਰਤਾਂ ਅਤੇ ਪਿਤਾ ਦੇ ਸਾਏ ਤੋਂ ਵਾਂਝੇ ਬੱਚਿਆਂ ਲਈ ਜਿਹੜਾ ਸੁਆਲ ਸਭ ਤੋਂ ਮੁਸ਼ਕਲ ਹੁੰਦਾ ਹੈ, ਉਹ ਹੈ ਕਿ ਪੇਟ ਦੀ ਅੱਗ ਬੁਝਾਉਣ ਲਈ ਕਿਹੜੇ ਹੀਲੇ-ਵਸੀਲੇ ਕੀਤੇ ਜਾਣ। ਇਨ੍ਹਾਂ ਸਥਿਤੀਆਂ ਨੂੰ ਸਮਝਣ ਅਤੇ ਦੁਖੀ ਲੋਕਾਂ ਦੀਆਂ ਪੀੜਾਂ ਦੇ ਅਹਿਸਾਸ ਦਾ ਮੌਕਾ ਉਦੋਂ ਮਿਲਿਆ, ਜਦੋਂ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ ਵੰਡ ਟੀਮ ਸੁੰਦਰਬਨੀ ਖੇਤਰ ਦੇ ਪੀੜਤ ਅਤੇ ਲੋੜਵੰਦ ਪਰਿਵਾਰਾਂ ਲਈ 496ਵੇਂ ਟਰੱਕ ਦੀ ਸਮੱਗਰੀ ਲੈ ਕੇ ਪਹੁੰਚੀ ਸੀ। ਇਹ ਸਮੱਗਰੀ ਆਤਮ ਤਰੁਣੀ ਮੰਡਲ (ਭਾਵਨਾ ਗਰੁੱਪ) ਕਿਚਲੂ ਨਗਰ ਲੁਧਿਆਣਾ ਵਲੋਂ ਮੰਡਲ ਪ੍ਰਧਾਨ ਮੋਨਿਕਾ ਜੈਨ ਅਤੇ ਮੈਂਬਰਾਂ ਦੇ ਯਤਨਾਂ ਸਦਕਾ ਭਿਜਵਾਈ ਗਈ ਸੀ।
ਸੁੰਦਰਬਨੀ ਨੇੜਲੇ ਪਿੰਡ ਭਜਵਾਲ ਵਿਚ ਇਕੱਠੇ ਹੋਏ ਵੱਖ-ਵੱਖ ਪਿੰਡਾਂ ਦੇ ਪ੍ਰਭਾਵਿਤ ਪਰਿਵਾਰਾਂ ਨੂੰ 325 ਰਜਾਈਆਂ ਮੁਹੱਈਆ ਕਰਵਾਈਆਂ ਗਈਆਂ ਸਨ। ਇਨ੍ਹਾਂ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਰਾਹਤ ਟੀਮ ਦੇ ਆਗੂ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਕਿਸੇ ਲੋੜਵੰਦ ਦਾ ਸਹਾਰਾ ਬਣਨਾ ਸਭ ਤੋਂ ਉੱਤਮ ਕਾਰਜ ਹੁੰਦਾ ਹੈ। ਰੱਬ ਦੇ ਬਣਾਏ ਬੰਦਿਆਂ ਨੂੰ ਪਿਆਰ ਕਰਨ ਵਾਲਿਆਂ 'ਤੇ ਹੀ ਪ੍ਰਮਾਤਮਾ ਮਿਹਰਬਾਨ ਹੁੰਦਾ ਹੈ। ਸਾਨੂੰ ਆਪੋ-ਆਪਣੀ ਹੈਸੀਅਤ ਮੁਤਾਬਕ ਦੂਜਿਆਂ ਦੀ ਸੇਵਾ ਕਰਨੀ ਚਾਹੀਦੀ ਹੈ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਗਰੀਬੀ-ਅਮੀਰੀ ਦਾ ਚੱਕਰ ਚੱਲਦਾ ਰਹਿੰਦਾ ਹੈ ਅਤੇ ਇਨਸਾਨ ਨੂੰ ਆਪਣੇ ਜੀਵਨ ਵਿਚ ਵੱਖ-ਵੱਖ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿਚ ਲੋਕ ਅੱਤਵਾਦ ਦਾ ਸਾਹਮਣਾ ਵੀ ਕਰ ਰਹੇ ਹਨ ਅਤੇ ਆਰਥਿਕ ਤੰਗੀ ਦੇ ਨਾਲ-ਨਾਲ ਪਾਕਿਸਤਾਨੀ ਸੈਨਿਕਾਂ ਦੀ ਗੋਲੀਬਾਰੀ ਵੀ ਝੱਲ ਰਹੇ ਹਨ। ਅਜਿਹੇ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰਨਾ ਸਾਰੇ ਦੇਸ਼ ਵਾਸੀਆਂ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਇਨ੍ਹਾਂ ਪਰਿਵਾਰਾਂ ਨੂੰ ਖ਼ੁਦ ਵੀ ਇਕ-ਦੂਜੇ ਦਾ ਦਰਦ ਸਮਝਣਾ ਅਤੇ ਵੰਡਾਉਣਾ ਚਾਹੀਦਾ ਹੈ ਅਤੇ ਜਿੱਥੋਂ ਤਕ ਸੰਭਵ ਹੋਵੇ ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।
ਸਹੂਲਤਾਂ ਤੋਂ ਵਾਂਝਾ ਹੈ ਇਲਾਕਾ : ਅਰੁਣ ਸ਼ਰਮਾ
ਪਿੰਡ ਦੇ ਸਰਪੰਚ ਸ਼੍ਰੀ ਅਰੁਣ ਸ਼ਰਮਾ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਇਲਾਕਾ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੋਣ ਕਰ ਕੇ ਅਤਿ-ਪਿਛੜਿਆ ਹੈ। ਪਾਕਿਸਤਾਨ ਦੀਆਂ ਹਰਕਤਾਂ ਤੋਂ ਦੁਖੀ ਲੋਕ ਸਹੂਲਤਾਂ ਨਾ ਹੋਣ ਕਾਰਨ ਵੀ ਵਧੇਰੇ ਦੁੱਖ ਸਹਿਣ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਲੋੜਵੰਦ ਪਰਿਵਾਰਾਂ ਲਈ ਰਾਹਤ ਸਮੱਗਰੀ ਭਿਜਵਾ ਕੇ ਪੰਜਾਬ ਕੇਸਰੀ ਦੇ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਸੇਵਾ ਦਾ ਬਹੁਤ ਵੱਡਾ ਉਪਰਾਲਾ ਕੀਤਾ ਹੈ।
ਸਰਪੰਚ ਲੋਕ ਨਾਥ ਸ਼ਰਮਾ ਨੇ ਦੱਸਿਆ ਕਿ ਇਸ ਖੇਤਰ ਦੀ ਖੇਤੀਬਾੜੀ ਬਾਰਸ਼ 'ਤੇ ਹੀ ਨਿਰਭਰ ਕਰਦੀ ਹੈ ਕਿਉਂਕਿ ਇਥੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ। ਇਸ ਕਾਰਨ ਬਹੁਤੀ ਵਾਰ ਫਸਲਾਂ ਦੀ ਪੈਦਾਵਾਰ ਕਿਸਾਨਾਂ ਦਾ ਖਰਚਾ ਵੀ ਪੂਰਾ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਖੇਤਰ ਵਿਚ ਬਹੁਤ ਥੋੜ੍ਹੇ ਲੋਕ ਸਰਕਾਰੀ ਜਾਂ ਪ੍ਰਾਈਵੇਟ ਖੇਤਰ ਵਿਚ ਕੰਮ ਕਰਦੇ ਹਨ, ਜਦੋਂਕਿ ਬਾਕੀ ਸਭ ਦਿਹਾੜੀਦਾਰ ਮਜ਼ਦੂਰ ਹਨ।
ਸ਼੍ਰੀ ਸ਼ਰਮਾ ਨੇ ਦੱਸਿਆ ਕਿ ਇਲਾਕੇ ਦੀਆਂ 50 ਫੀਸਦੀ ਔਰਤਾਂ ਵਿਧਵਾ ਹਨ, ਜਿਨ੍ਹਾਂ ਲਈ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਚਲਾਉਣੀ ਬੇਹੱਦ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਧਵਾ ਔਰਤਾਂ ਲਈ ਹੋਰ ਮਦਦ ਭਿਜਵਾਈ ਜਾਣੀ ਚਾਹੀਦੀ ਹੈ।
ਸ਼੍ਰੀਮਤੀ ਹਰਮੀਤ ਕੌਰ ਨਾਇਬ ਸਰਪੰਚ ਨੇ ਦੱਸਿਆ ਕਿ ਔਰਤਾਂ ਸਭ ਤੋਂ ਜ਼ਿਆਦਾ ਦੁੱਖ ਸਹਿਣ ਕਰਦੀਆਂ ਹਨ। ਹਾਲਾਂਕਿ ਘਰ-ਪਰਿਵਾਰ ਅਤੇ ਸਮਾਜ ਨੂੰ ਚਲਾਉਣ ਵਿਚ ਮਾਂ ਦਾ ਰੋਲ ਸਭ ਤੋਂ ਵੱਡਾ ਹੁੰਦਾ ਹੈ, ਇਸ ਦੇ ਬਾਵਜੂਦ ਔਰਤਾਂ ਨੂੰ ਹਰ ਖੇਤਰ ਵਿਚ ਮਰਦਾਂ ਦੇ ਬਰਾਬਰ ਦਰਜਾ ਅਤੇ ਸਤਿਕਾਰ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਧੀਆਂ ਤਾਂ ਦੋ ਘਰਾਂ ਦਾ ਚਿਰਾਗ ਹੁੰਦੀਆਂ ਹਨ। ਇਸ ਲਈ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ।
ਸਮੱਗਰੀ ਵਿਚ ਸਾਡਾ ਕੁਝ ਨਹੀਂ : ਵਿਪਨ ਜੈਨ
ਸਮੱਗਰੀ ਦੀ ਵੰਡ ਲਈ ਲੁਧਿਆਣਾ ਤੋਂ ਆਏ ਰਾਜ ਜੈਨ ਫੈਬਰਿਕਸ ਦੇ ਸ਼੍ਰੀ ਵਿਪਨ ਜੈਨ ਨੇ ਕਿਹਾ ਕਿ ਸਮੱਗਰੀ ਵਿਚ ਸਾਡਾ ਕੁਝ ਨਹੀਂ ਹੈ। ਇਹ ਸਭ ਵੱਖ-ਵੱਖ ਜਨਮਾਂ ਦਾ ਲੈਣ-ਦੇਣ ਹੈ। ਉਨ੍ਹਾਂ ਪ੍ਰਭਾਵਿਤ ਪਰਿਵਾਰਾਂ ਨੂੰ ਕਿਹਾ ਕਿ ਹੋ ਸਕਦਾ ਹੈ ਪਿਛਲੇ ਜਨਮ 'ਚ ਤੁਸੀਂ ਸਾਡੀ ਸਹਾਇਤਾ ਕੀਤੀ ਹੋਵੇ, ਜਿਸ ਕਾਰਨ ਅੱਜ ਅਸੀਂ ਤੁਹਾਡੇ ਕੋਲ ਪੁੱਜੇ ਹਾਂ। ਇਹ ਸਭ ਤੁਹਾਡਾ ਹੀ ਹੈ ਅਤੇ ਹਰ ਵਿਅਕਤੀ ਉਹੀ ਕਰਦਾ ਹੈ, ਜੋ ਪ੍ਰਭੂ ਦੀ ਇੱਛਾ ਹੁੰਦੀ ਹੈ।
ਭਗਵਾਨ ਮਹਾਵੀਰ ਸੇਵਾ ਸੰਸਥਾ ਲੁਧਿਆਣਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਕਿਹਾ ਕਿ ਅਸੀਂ ਤੁਹਾਡਾ ਦੁੱਖ-ਸੁੱਖ ਸਮਝਣ ਅਤੇ ਮਿਲਣ ਲਈ ਆਏ ਹਾਂ। ਸਭ ਇਨਸਾਨ ਇਕ ਪ੍ਰਮਾਤਮਾ ਦੇ ਬਣਾਏ ਹੋਏ ਹਨ। ਸਾਡੇ 'ਚ ਕੋਈ ਉੱਚਾ-ਨੀਵਾਂ ਨਹੀਂ ਹੈ। ਸਾਨੂੰ ਹਰ ਵੇਲੇ ਇਕ-ਦੂਜੇ ਦੀ ਸੇਵਾ-ਸਹਾਇਤਾ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋੜਵੰਦਾਂ ਲਈ ਹੋਰ ਸਮੱਗਰੀ ਵੀ ਭਿਜਵਾਈ ਜਾਵੇਗੀ।
ਪਿੰਡ ਦੇ ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਕ੍ਰਿਸ਼ਨਾ ਦੇਵੀ ਨੇ ਕਿਹਾ ਕਿ ਜ਼ਿੰਦਗੀ ਦਾ ਮਤਲਬ ਹੀ ਦੁੱਖਾਂ ਨਾਲ ਟਕਰਾਉਣਾ ਹੈ, ਇਸ ਲਈ ਸਾਨੂੰ ਹਰ ਤਰ੍ਹਾਂ ਦੇ ਸੰਕਟ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਸਮੱਗਰੀ ਭਿਜਵਾਉਣ ਲਈ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ।
ਸਮੱਗਰੀ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੇ ਮੈਂਬਰ ਭਜਵਾਲ ਤੋਂ ਇਲਾਵਾ ਕਾਂਗੜੀ, ਬੇਰੀ ਪਤਨ, ਬਾਫਰ, ਸਨੇਰੀ ਅਤੇ ਠੰਗਰ ਆਦਿ ਪਿੰਡਾਂ ਨਾਲ ਸਬੰਧਤ ਸਨ। ਇਸ ਮੌਕੇ 'ਤੇ ਸ਼੍ਰੀਮਤੀ ਰੇਨੂੰ ਜੈਨ, ਰਮਾ ਜੈਨ, ਕੁਲਦੀਪ ਜੈਨ, ਬੌਬੀ ਜੈਨ, ਆਸ਼ੂ ਸਿੰਗਲਾ, ਰਾਜ ਕੁਮਾਰ, ਲੁਧਿਆਣਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਰਾਜਨ ਚੋਪੜਾ, ਜੰਮੂ ਤੋਂ ਪੰਜਾਬ ਕੇਸਰੀ ਦਫਤਰ ਦੇ ਇੰਚਾਰਜ ਬਲਰਾਮ ਸੈਣੀ, ਸੁੰਦਰਬਨੀ ਦੇ ਪ੍ਰਤੀਨਿਧੀ ਰਜਿੰਦਰ ਰੈਨਾ ਅਤੇ ਜਲੰਧਰ ਦੇ ਸ਼੍ਰੀ ਰਜਿੰਦਰ ਸ਼ਰਮਾ (ਭੋਲਾ) ਵੀ ਮੌਜੂਦ ਸਨ।
ਸ਼੍ਰੋਮਣੀ ਕਮੇਟੀ ਚਾਹੇ ਤਾਂ ਜਲਦ ਖੁੱਲ੍ਹ ਸਕਦੈ ਕਰਤਾਰਪੁਰ ਲਾਂਘਾ : ਜ਼ੀਰਾ (ਵੀਡੀਓ)
NEXT STORY