ਜਲੰਧਰ, (ਖੁਰਾਣਾ)- ਪੰਜਾਬ ਸਰਕਾਰ ਨੇ ਕੁਝ ਮਹੀਨਿਆਂ ਬਾਅਦ ਹੋਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਲਈ ਜੋ ਨਵੀਂ ਵਾਰਡਬੰਦੀ ਨੋਟੀਫਾਈ ਕੀਤੀ ਹੈ, ਉਸ ਨਾਲ ਸ਼ਹਿਰ ਦੀ ਰਾਜਨੀਤੀ ਭਖੀ ਹੋਈ ਹੈ ਕਿਉਂਕਿ ਨਵੀਂ ਵਾਰਡਬੰਦੀ ਨਾਲ ਜਿਥੇ ਅਕਾਲੀ-ਭਾਜਪਾ ਦੇ ਕੌਂਸਲਰ ਪ੍ਰਭਾਵਿਤ ਹੋ ਰਹੇ ਹਨ, ਉਥੇ ਕਾਂਗਰਸੀ ਟਿਕਟਾਂ ਦੇ ਦਾਅਵੇਦਾਰਾਂ ਵਿਚ ਵੀ ਵਾਰਡਬੰਦੀ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ।
ਨਗਰ ਨਿਗਮ ਨੇ ਅੱਜ ਤੋਂ ਨਵੀਂ ਵਾਰਡਬੰਦੀ 'ਤੇ ਇਤਰਾਜ਼ ਮੰਗਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜੋ 2 ਨਵੰਬਰ ਤਕ ਚੱਲੇਗੀ। ਇਸਦੇ ਤਹਿਤ ਅੱਜ ਪਹਿਲੇ ਦਿਨ ਪ੍ਰਸ਼ਾਸਨ ਨੂੰ 10 ਇਤਰਾਜ਼ ਪ੍ਰਾਪਤ ਹੋਏ। ਭਾਰੀ ਗਿਣਤੀ ਵਿਚ ਲੋਕਾਂ ਨੇ ਨਗਰ ਨਿਗਮ ਆ ਕੇ ਵਾਰਡਬੰਦੀ ਦਾ ਨਕਸ਼ਾ ਵੇਖਿਆ ਤੇ ਆਪਣੇ-ਆਪਣੇ ਵਾਰਡ ਦੀ ਸਥਿਤੀ ਤੇ ਹੱਦਾਂ ਦੀ ਪੜਚੋਲ ਕੀਤੀ। ਜ਼ਿਆਦਾਤਰ ਲੋਕ ਵਾਰਡਾਂ ਦੀ ਬਨਾਵਟ ਤੋਂ ਨਾਖੁਸ਼ ਦਿਸੇ। ਇਸ ਦੌਰਾਨ ਨਗਰ ਨਿਗਮ ਕਮਿਸ਼ਨਰ ਡਾ. ਬਸੰਤ ਗਰਗ ਨੇ ਦੱਸਿਆ ਕਿ ਜੁਆਇੰਟ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਨੂੰ ਇਸ ਇਤਰਾਜ਼ ਪ੍ਰਕਿਰਿਆ ਲਈ ਨੋਡਲ ਅਫਸਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ 10 ਦਿਨਾਂ ਦੇ ਅੰਦਰ ਜੋ ਵੀ ਲਿਖਤੀ ਇਤਰਾਜ਼ ਪ੍ਰਾਪਤ ਹੋਣਗੇ, ਉਨ੍ਹਾਂ ਸਾਰਿਆਂ ਨੂੰ ਚੰਡੀਗੜ੍ਹ ਭੇਜ ਦਿੱਤਾ ਜਾਵੇਗਾ, ਜਿਥੇ ਉਨ੍ਹਾਂ ਇਤਰਾਜ਼ਾਂ ਬਾਰੇ ਫੈਸਲਾ ਲਿਆ ਜਾਣਾ ਹੈ।
30 ਨਵੰਬਰ ਤਕ ਸਾਰੀਆਂ ਸੜਕਾਂ ਐੱਲ. ਈ. ਡੀ. ਲਾਈਟਾਂ ਨਾਲ ਜਗਮਗਾਉਣਗੀਆਂ
ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ ਸਾਲ ਜਲੰਧਰ ਵਿਚ ਸਾਰੀਆਂ ਸਟ੍ਰੀਟ ਲਾਈਟਾਂ ਨੂੰ ਬਦਲ ਕੇ ਐੱਲ. ਈ. ਡੀ. ਲਾਈਟਾਂ ਲਾਉਣ ਦਾ ਜੋ ਪ੍ਰਾਜੈਕਟ ਸ਼ੁਰੂ ਕੀਤਾ ਸੀ, ਉਸ ਨੇ ਹੁਣ ਤੇਜ਼ੀ ਫੜ ਲਈ ਹੈ ਤੇ ਪੀ. ਏ. ਪੀ. ਚੌਕ ਤੋਂ ਲੈ ਕੇ ਵਰਕਸ਼ਾਪ ਚੌਕ ਤੇ ਨਕੋਦਰ ਰੋਡ ਆਦਿ 'ਤੇ ਕਰੀਬ 5 ਹਜ਼ਾਰ ਐੱਲ. ਈ. ਡੀ. ਸਟ੍ਰੀਟ ਲਾਈਟਾਂ ਲਾਈਆਂ ਜਾ ਚੁੱਕੀਆਂ ਹਨ।
ਜ਼ਿਕਰਯੋਗ ਹੈ ਕਿ ਇਸ ਸਮੇਂ ਸ਼ਹਿਰ ਵਿਚ ਸਟ੍ਰੀਟ ਲਾਈਟਾਂ ਦੀ ਗਿਣਤੀ 65 ਹਜ਼ਾਰ ਦੇ ਕਰੀਬ ਹੈ ਤੇ ਸਾਰੀਆਂ ਲਾਈਟਾਂ ਐੱਲ. ਈ. ਡੀ. ਲਾਈਟਾਂ ਵਿਚ ਬਦਲੀਆਂ ਜਾਣੀਆਂ ਹਨ। ਪੁਰਾਣੀਆਂ ਸਟ੍ਰੀਟ ਲਾਈਟਾਂ ਨੂੰ ਉਤਾਰਿਆ ਜਾ ਰਿਹਾ ਹੈ। ਨਗਰ ਨਿਗਮ ਨੇ ਪੁਰਾਣੀਆਂ ਸਟ੍ਰੀਟ ਲਾਈਟਾਂ ਨੂੰ ਵੀ ਟੈਂਡਰ ਰਾਹੀਂ ਵੇਚ ਦਿੱਤਾ ਹੈ, ਜਿਸ ਤੋਂ ਕਰੀਬ 85 ਲੱਖ ਰੁਪਏ ਮਿਲਣ ਦੀ ਉਮੀਦ ਹੈ।
ਨਗਰ ਨਿਗਮ ਕਮਿਸ਼ਨਰ ਡਾ. ਬਸੰਤ ਗਰਗ ਨੇ ਕੰਪਨੀ ਨੂੰ 30 ਨਵੰਬਰ ਤੱਕ ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ 'ਤੇ ਐੱਲ. ਈ. ਡੀ. ਸਟ੍ਰੀਟ ਲਾਈਟਾਂ ਲਾਉਣ ਨੂੰ ਕਿਹਾ ਹੈ ਤੇ ਕੰਪਨੀ ਨੂੰ ਪਲਾਨ ਜਾਰੀ ਕਰ ਦਿੱਤਾ ਗਿਆ ਹੈ। ਨਵੰਬਰ ਦੇ ਅੰਤ ਤੱਕ ਸ਼ਹਿਰ ਵਿਚ 20 ਹਜ਼ਾਰ ਦੇ ਕਰੀਬ ਐੱਲ. ਈ. ਡੀ. ਲਾਈਟਾਂ ਲੱਗ ਜਾਣਗੀਆਂ। ਉਸ ਤੋਂ ਬਾਅਦ ਸਾਰੇ ਵਾਰਡਾਂ ਵਿਚ ਪੁਰਾਣੀਆਂ ਸਟ੍ਰੀਟ ਲਾਈਟਾਂ ਨੂੰ ਬਦਲ ਕੇ ਨਵੀਆਂ ਲਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ। ਪੂਰਾ ਪ੍ਰਾਜੈਕਟ ਕਰੀਬ 9 ਮਹੀਨਿਆਂ ਵਿਚ ਖਤਮ ਹੋਣ ਦੀ ਉਮੀਦ ਹੈ।
ਦਵਾਈਆਂ ਦੇ ਗੋਰਖਧੰਦੇ 'ਚ ਡਾਕਟਰ ਵੀ ਸ਼ਾਮਲ 4 ਬੋਰਡ ਮੈਂਬਰ 7 ਦਿਨਾਂ 'ਚ ਸੌਂਪਣਗੇ ਰਿਪੋਰਟ
NEXT STORY