ਚੰਡੀਗੜ੍ਹ,(ਅਰਚਨਾ)- ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32 'ਚ ਦਵਾਈਆਂ ਦੇ ਨਾਜਾਇਜ਼ ਕਾਰੋਬਾਰ 'ਚ ਹੁਣ ਡਾਕਟਰਾਂ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ। ਸੂਤਰਾਂ ਅਨੁਸਾਰ ਤਾਂ ਲੱਖਾਂ ਰੁਪਏ ਦੇ ਕਾਰੋਬਾਰ 'ਚ ਨਰਸਾਂ ਦਾ ਸਾਥ ਕੁਝ ਡਾਕਟਰ ਵੀ ਦੇ ਰਹੇ ਸਨ।
ਮਰੀਜ਼ਾਂ ਦੀਆਂ ਕੁਝ ਅਜਿਹੀਆਂ ਪਰਚੀਆਂ ਸਾਹਮਣੇ ਆ ਰਹੀਆਂ ਹਨ, ਜਿਸ 'ਤੇ ਡਾਕਟਰ ਦਵਾਈ ਮਰੀਜ਼ਾਂ ਦਾ ਨਾਮ ਲਿਖ ਕੇ ਦਿੰਦੇ ਸਨ। ਡਾਕਟਰ ਮਰੀਜ਼ਾਂ ਨੂੰ ਹਦਾਇਤ ਦਿੰਦੇ ਸਨ ਕਿ ਉਨ੍ਹਾਂ ਨੂੰ ਦੂਜੇ ਕੈਮਿਸਟ ਸ਼ਾਪ ਦੇ ਮੁਕਾਬਲੇ ਦਵਾਈ 'ਤੇ ਜ਼ਿਆਦਾ ਛੋਟ ਮਿਲੇਗੀ, ਇਸ ਲਈ ਜੇ ਦਵਾਈ ਜਾਂ ਸਰਜਰੀ ਦਾ ਕੋਈ ਵੀ ਸਾਮਾਨ ਖਰੀਦਣਾ ਹੈ ਤਾਂ ਇਨ੍ਹਾਂ ਏਜੰਟਾਂ ਦੀ ਮਦਦ ਨਾਲ ਹੀ ਖਰੀਦ ਲਓ। ਡਾਕਟਰਾਂ ਦੇ ਹੁਕਮਾਂ ਨੂੰ ਧਿਆਨ 'ਚ ਰੱਖਦੇ ਹੋਏ ਮਰੀਜ਼ ਏਜੰਟਾਂ ਤੋਂ ਦਵਾਈ ਖਰੀਦ ਰਹੇ ਸਨ। ਪਿਛਲੇ ਦਿਨੀਂ ਨਰਸਾਂ ਦੀ ਦਵਾਈ ਦੇ ਚੱਕਰ 'ਚ ਇਕ ਕਿਡਨੀ ਮਰੀਜ਼ ਨੂੰ ਪਹਿਲਾਂ ਤੋਂ ਵਰਤਿਆ ਡੀ. ਜੇ. ਸਟੈਂਟ ਵੇਚ ਦਿੱਤਾ ਗਿਆ ਸੀ, ਜਿਸ ਕਾਰਨ ਹਸਪਤਾਲ ਦੇ ਮੇਨ ਆਪ੍ਰੇਸ਼ਨ ਥਿਏਟਰ 'ਚ ਖੂਬ ਸ਼ੋਰ-ਸ਼ਰਾਬਾ ਵੀ ਹੋਇਆ ਸੀ। ਹੰਗਾਮੇ ਤੋਂ ਬਾਅਦ ਹਸਪਤਾਲ ਦੀ ਸਕਿਓਰਿਟੀ ਨੇ ਇਕ ਦਵਾਈ ਏਜੰਟ ਨੂੰ ਕਾਬੂ ਕਰ ਲਿਆ ਸੀ ਤੇ ਦੋ ਦਿਨਾਂ ਬਾਅਦ ਹਸਪਤਾਲ ਦੇ ਹੀ ਇਕ ਨਰਸ ਨੂੰ ਆਪਣੀ ਕਾਰ 'ਚ ਕੈਮਿਸਟ ਸ਼ਾਪ ਖੋਲ੍ਹੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਸੀ। ਉਸ ਤੋਂ ਬਾਅਦ ਹਸਪਤਾਲ ਅਥਾਰਟੀ ਨੇ ਕਾਰਡੀਓਲੋਜੀ ਵਿਭਾਗ 'ਚ ਤਾਇਨਾਤ ਨਰਸ ਵਾਰਿਸ ਨੂੰ ਜਾਂਚ ਪੂਰੀ ਹੋਣ ਤਕ ਸਸਪੈਂਡ ਵੀ ਕਰ ਦਿੱਤਾ ਹੈ। ਸੂਤਰ ਕਹਿੰਦੇ ਹਨ ਕਿ ਅੱਜ ਹਸਪਤਾਲ ਅਥਾਰਟੀ ਨੇ ਦਵਾਈਆਂ ਦੇ ਨਾਜਾਇਜ਼ ਧੰਦੇ ਦਾ ਪਰਦਾਫਾਸ਼ ਕਰਨ ਲਈ ਚਾਰ ਮੈਂਬਰਾਂ ਦੇ ਇਕ ਜਾਂਚ ਬੋਰਡ ਦਾ ਗਠਨ ਕਰ ਦਿੱਤਾ ਹੈ।
ਨਰਸ ਵਾਰਿਸ ਨੂੰ ਸਸਪੈਂਡ ਕਰਨ ਤੋਂ ਬਾਅਦ ਜਾਂਚ ਦੀ ਜ਼ਿੰਮੇਵਾਰੀ ਫਾਰਮਾਕਾਲੋਜੀ ਮਾਹਿਰ ਡਾ. ਸੀ. ਐੱਸ. ਗੌਤਮ ਨੂੰ ਸੌਂਪੀ ਗਈ ਸੀ ਤੇ ਅੱਜ ਪੂਰੇ ਬੋਰਡ ਦਾ ਗਠਨ ਕਰ ਦਿੱਤਾ ਗਿਆ ਹੈ। ਫੋਰੈਂਸਿਕ ਵਿਭਾਗ ਦੇ ਐੱਚ. ਓ. ਡੀ. ਪ੍ਰੋ. ਹਰੀਸ਼ ਦਾਸਾਰੀ ਦੀ ਅਗਵਾਈ 'ਚ ਗਠਿਤ ਕਮੇਟੀ 7 ਦਿਨਾਂ 'ਚ ਜਾਂਚ ਰਿਪੋਰਟ ਅਥਾਰਟੀ ਨੂੰ ਸੌਂਪੇਗੀ। ਪ੍ਰੋ. ਦਾਸਾਰੀ ਦੀ ਅਗਵਾਈ 'ਚ ਗਠਿਤ ਕਮੇਟੀ 'ਚ ਫਾਰਮਾਕਾਲੋਜੀ ਵਿਭਾਗ ਦੇ ਪ੍ਰੋਫੈਸਰ ਡਾ. ਸੀ. ਐੱਸ. ਗੌਤਮ, ਸਰਜਰੀ ਵਿਭਾਗ ਦੇ ਪ੍ਰੋ. ਅਸ਼ਵਨੀ ਦਲਾਲ ਤੇ ਨਰਸਿੰਗ ਸੁਪਰਡੈਂਟ ਕਿਰਨ ਬਾਲਾ ਨੂੰ ਸ਼ਾਮਲ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਤਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਦਵਾਈਆਂ ਦੇ ਨਾਜਾਇਜ਼ ਕਾਰੋਬਾਰ ਦੀ ਜਾਂਚ ਲਈ ਹਸਪਤਾਲ ਅਥਾਰਟੀ ਨੂੰ ਹੁਕਮ ਜਾਰੀ ਕੀਤੇ ਹਨ, ਜਿਸ ਤੋਂ ਬਾਅਦ ਅਥਾਰਟੀ ਨੇ ਮਾਮਲੇ ਦੀ ਜਾਂਚ ਤਿੰਨ ਡਾਕਟਰਾਂ ਤੇ ਨਰਸਿੰਗ ਸੁਪਰਡੈਂਟ ਦੀ ਕਮੇਟੀ ਨੂੰ ਸੌਂਪੀ ਹੈ।
'ਐੱਸ. ਐੱਚ. ਓ. ਅਤੇ ਏ. ਐੱਸ. ਆਈ. 50 ਹਜ਼ਾਰ ਨਾ ਦੇਣ 'ਤੇ ਦੇ ਰਹੇ 'ਚਿੱਟੇ' ਦਾ ਕੇਸ ਪਾਉਣ ਦੀ ਧਮਕੀ'
NEXT STORY