ਰਾਮ ਤੀਰਥ/ਅੰਮ੍ਰਿਤਸਰ (ਸੂਰੀ/ਟੋਡਰਮੱਲ/ਕਮਲ)- ਕੈਬਨਿਟ ਮੰਤਰੀ ਡਾਕਟਰ ਰਾਜ ਕੁਮਾਰ ਵੇਰਕਾ ਕੈਬਨਿਟ ਦਾ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਵਿਸ਼ੇਸ਼ ਤੌਰ ’ਤੇ ਭਗਵਾਨ ਵਾਲਮੀਕਿ ਜੀ ਦਾ ਸ਼ੁਕਰਾਨਾ ਕਰਨ ਲਈ ਰਾਮ ਤੀਰਥ ਪੁੱਜੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 100 ਕਰੋੜ ਰੁਪਏ ਦੀ ਲਾਗਤ ਨਾਲ ਇਸ ਪਵਿੱਤਰ ਅਸਥਾਨ ਦਾ ਵਿਕਾਸ ਕਰ ਰਹੀ ਹੈ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਯੂ. ਪੀ. ਐੱਸ. ਈ. ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਬੱਚਿਆਂ ਲਈ ਕੇਂਦਰ ਬਣਾਇਆ ਜਾਵੇਗਾ, ਜਿਸ ਵਿਚ ਹੋਸਟਲ ਦੀ ਸੁਵਿਧਾ ਵੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 200 ਬੈੱਡ ਦੀ ਸਰਾਂ ਅਤੇ ਪੈਨੋਰਮਾ ’ਤੇ 23 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ 20 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ, ਦੀ ਤਿਆਰੀ ਲਈ 25 ਲੱਖ ਰੁਪਏ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇੱਥੇ ਬਿਰਧ ਆਸ਼ਰਮ ਅਤੇ ਧਰਮਸ਼ਾਲਾ ਬਣਾਉਣ ਦਾ ਪ੍ਰੋਗਰਾਮ ਵੀ ਹੈ। ਇਸ ਮੌਕੇ ਰਾਜ ਕੁਮਾਰ ਵੇਰਕਾ ਨਾਲ ਬੱਬੀ ਭਲਵਾਨ, ਅੰਮ੍ਰਿਤਸਰ ਮੰਡੀ ਬੋਰਡ ਦੇ ਡਾਇਰੈਕਟਰ ਧਰਮਪਾਲ ਲਾਡੀ ਮਾਹਲ, ਡਿਪਟੀ ਮੇਅਰ ਰਮਨ ਬਖਸ਼ੀ, ਜੀਵਨ ਸਿੰਘ ਨਗਰ ਪੰਚਾਇਤ ਦੇ ਸਰਪੰਚ ਸੁਰਜੀਤ ਕੁਮਾਰ ਜੀਤੂ, ਸੰਤ ਮਲਕੀਤ ਨਾਥ, ਉਮ ਪ੍ਰਕਾਸ਼ ਗੱਬਰ, ਬਾਬਾ ਬਲਬੀਰ ਸਿੰਘ ਗੁੰਮਟਾਲਾ ਆਦਿ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ, ਮਾਂਗੇਵਾਲ ਪਰਿਵਾਰ ਕੇਜਰੀਵਾਲ ਦੀ ਅਗਵਾਈ ਹੇਠ ‘ਆਪ’ ’ਚ ਸ਼ਾਮਲ
NEXT STORY