ਫ਼ਤਿਹਗੜ੍ਹ ਸਾਹਿਬ, (ਜਗਦੇਵ, ਬਖਸ਼ੀ, ਟਿਵਾਣਾ)- ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਰਾਹੀਂ ਦਿੱਤੀਆਂ ਜਾ ਰਹੀਆਂ ਸੇਵਾਵਾਂ 'ਚ ਗਮਾਡਾ ਨਾਲ ਜੁੜੀਆਂ ਸੇਵਾਵਾਂ ਵੀ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲੇ ਦੇ 49 ਸੇਵਾ ਕੇਂਦਰਾਂ ਤੋਂ ਪਹਿਲਾਂ ਦਿੱਤੀਆਂ ਜਾ ਰਹੀਆਂ 146 ਸੇਵਾਵਾਂ 'ਚ ਗਮਾਡਾ ਨਾਲ ਸਬੰਧਤ 5 ਸੇਵਾਵਾਂ ਹੋਰ ਹਾਸਲ ਕੀਤੀਆਂ ਜਾ ਸਕਣਗੀਆਂ। ਇਸ ਤਰ੍ਹਾਂ ਜ਼ਿਲੇ ਦੇ ਸੇਵਾ ਕੇਂਦਰਾਂ ਰਾਹੀਂ 151 ਸੇਵਾਵਾਂ ਆਮ ਲੋਕਾਂ ਨੂੰ ਮੁਹੱਈਆ ਹੋ ਸਕਣਗੀਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੇਵਾ ਕੇਂਦਰਾਂ ਰਾਹੀਂ ਗਮਾਡਾ ਨਾਲ ਜੁੜੀਆਂ ਘਰੇਲੂ ਵਰਤੋਂ ਲਈ ਬਿਲਡਿੰਗ ਪਲਾਨ ਦੀ ਪ੍ਰਵਾਨਗੀ, ਵਪਾਰਕ ਵਰਤੋਂ ਵਾਸਤੇ ਬਿਲਡਿੰਗ ਪਲਾਨ ਦੀ ਪ੍ਰਵਾਨਗੀ, ਇਮਾਰਤ ਮੁਕੰਮਲ ਹੋਣ ਅਤੇ ਇਮਾਰਤ ਦਾ ਕਬਜ਼ਾ ਲੈਣ ਦਾ ਸਰਟੀਫਿਕੇਟ, ਐੱਨ. ਓ. ਸੀ. ਲੈਣ, ਡੁਪਲੀਕੇਟ ਅਲਾਟਮੈਂਟ ਜਾਂ ਰੀ-ਅਲਾਟਮੈਂਟ ਪੱਤਰ ਅਤੇ ਜਲ ਸਪਲਾਈ ਤੇ ਸੀਵਰੇਜ ਦਾ ਕੁਨੈਕਸ਼ਨ ਲੈਣ ਸਬੰਧੀ ਸੇਵਾਵਾਂ ਸੇਵਾ ਕੇਂਦਰਾਂ ਰਾਹੀਂ ਮੁਹੱਈਆ ਹੋ ਸਕਣਗੀਆਂ।
'ਆਰਸੇਟੀ ਨੇ ਹੁਣ ਤੱਕ 2882 ਸਿਖਿਆਰਥੀਆਂ ਨੂੰ
ਦਿੱਤੀ ਵੱਖ-ਵੱਖ ਕਿੱਤਿਆਂ ਦੀ ਸਿਖਲਾਈ'
ਫ਼ਤਿਹਗੜ੍ਹ ਸਾਹਿਬ, (ਜਗਦੇਵ)-ਆਰਸੇਟੀ ਤੋਂ ਟ੍ਰੇਨਿੰਗ ਹਾਸਲ ਕਰਨ ਵਾਲੇ ਸਿਖਿਆਰਥੀਆਂ ਨੂੰ ਆਪਣੇ ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ ਪਹਿਲ ਦੇ ਆਧਾਰ 'ਤੇ ਕਰਜ਼ੇ ਮੁਹੱਈਆ ਕਰਵਾਏ ਜਾਣ ਤਾਂ ਜੋ ਵੱਧ ਤੋਂ ਵੱਧ ਲੋੜਵੰਦਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਇਹ ਹਦਾਇਤ ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਆਰਸੇਟੀ ਦੀ ਜ਼ਿਲਾ ਪੱਧਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵੱਖ-ਵੱਖ ਬੈਂਕਾਂ ਦੀਆਂ ਬ੍ਰਾਂਚਾਂ ਦੇ ਅਧਿਕਾਰੀਆਂ ਨੂੰ ਦਿੱਤੀ।
ਉਨ੍ਹਾਂ ਕਿਹਾ ਕਿ ਸਟੇਟ ਬੈਂਕ ਆਫ ਇੰਡੀਆ ਦੀ ਦਿਹਾਤੀ ਸਵੈ-ਰੋਜ਼ਗਾਰ ਸਿਖਲਾਈ ਸੰਸਥਾ ਵੱਲੋਂ ਪਿੰਡਾਂ ਦੇ ਪੜ੍ਹੇ-ਲਿਖੇ ਬੇਰੋਜ਼ਗਾਰ ਲੜਕੇ ਤੇ ਲੜਕੀਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਾਸਤੇ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਇਹ ਸਿਖਿਆਰਥੀ ਆਪਣਾ ਸਵੈ-ਰੋਜ਼ਗਾਰ ਸ਼ੁਰੂ ਕਰ ਕੇ ਸਵੈ-ਨਿਰਭਰ ਹੋ ਸਕਣ। ਇਸ ਲਈ ਇਨ੍ਹਾਂ ਸਿੱਖਿਆਰਥੀਆਂ ਦੇ ਕਰਜ਼ੇ ਦੇ ਕੇਸ ਜਲਦੀ ਤੋਂ ਜਲਦੀ ਨਿਪਟਾਏ ਜਾਣਾ ਯਕੀਨੀ ਬਣਾਇਆ ਜਾਵੇ।
ਸ਼੍ਰੀਮਤੀ ਬਰਾੜ ਨੇ ਦੱਸਿਆ ਕਿ ਆਰਸੇਟੀ ਵੱਲੋਂ ਹੁਣ ਤੱਕ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਲਈ 120 ਟ੍ਰੇਨਿੰਗ ਪ੍ਰੋਗਰਾਮ ਲਗਾ ਕੇ 2882 ਨੌਜਵਾਨ ਲੜਕੇ ਤੇ ਲੜਕੀਆਂ ਨੂੰ ਸਿਖਲਾਈ ਦਿੱਤੀ ਗਈ, ਜਿਨ੍ਹਾਂ 'ਚੋਂ 1762 ਸਿਖਿਆਰਥੀ ਰੋਜ਼ਗਾਰ ਹਾਸਲ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਰਸੇਟੀ ਤੋਂ ਸਿਖਲਾਈ ਹਾਸਲ ਕਰ ਚੁੱਕੇ ਲੋੜਵੰਦ ਸਿਖਿਆਰਥੀਆਂ ਨੂੰ ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ ਵੱਖ-ਵੱਖ ਬੈਂਕਾਂ ਤੋਂ ਕਰਜ਼ੇ ਵੀ ਮੁਹੱਈਆ ਕਰਵਾਏ ਜਾਂਦੇ ਹਨ ਅਤੇ ਹੁਣ ਤੱਕ 580 ਸਿਖਿਆਰਥੀਆਂ ਨੂੰ ਵੱਖ-ਵੱਖ ਬੈਂਕਾਂ ਤੋਂ 12 ਕਰੋੜ 44 ਲੱਖ 89 ਹਜ਼ਾਰ ਰੁਪਏ ਦੇ ਕਰਜ਼ੇ ਮੁਹੱਈਆ ਕਰਵਾਏ ਗਏ ਹਨ, ਜਦੋਂਕਿ 1108 ਸਿਖਿਆਰਥੀਆਂ ਨੇ ਸਵੈ-ਰੋਜ਼ਗਾਰ ਸਕੀਮ ਅਧੀਨ 1 ਕਰੋੜ 36 ਲੱਖ 66 ਹਜ਼ਾਰ ਦੀ ਲਾਗਤ ਨਾਲ ਆਪਣੇ ਸਵੈ-ਰੋਜ਼ਗਾਰ ਸ਼ੁਰੂ ਕੀਤੇ। ਉਨ੍ਹਾਂ ਇਹ ਵੀ ਦੱਸਿਆ ਕਿ ਆਰਸੇਟੀ ਪਾਸੋਂ ਸਿਖਲਾਈ ਪ੍ਰਾਪਤ 74 ਸਿਖਿਆਰਥੀਆਂ ਨੇ ਵੱਖ-ਵੱਖ ਇਲਾਕਿਆਂ 'ਚ ਨੌਕਰੀਆਂ ਵੀ ਹਾਸਲ ਕੀਤੀਆਂ ਹਨ। ਇਸ ਮੀਟਿੰਗ 'ਚ ਆਰਸੇਟੀ ਦੇ ਜੁਆਇੰਟ ਡਾਇਰੈਕਟਰ ਵਰਿੰਦਰ ਤਕਿਆਰ, ਜ਼ਿਲਾ ਰੋਜ਼ਗਾਰ ਜਨਰੇਸ਼ਨ ਅਫਸਰ ਅਰਵਿੰਦਰ ਕੌਰ, ਜ਼ਿਲਾ ਲੀਡ ਬੈਂਕ ਮੈਨੇਜਰ ਤਰਲੋਚਨ ਸਿੰਘ, ਜ਼ਿਲਾ ਉਦਯੋਗ ਕੇਂਦਰ ਤੋਂ ਸੁਰਜੀਤ ਸਿੰਘ, ਐੱਸ. ਸੀ. ਕਾਰਪੋਰੇਸ਼ਨ ਦੇ ਏ. ਡੀ. ਐੱਮ. ਬੱਚੂ ਸਿੰਘ, ਬੈਂਕਫਿੰਕੋ ਦੇ ਫੀਲਡ ਅਫਸਰ ਗੀਤਾ ਰਾਣੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਨਿਗਮ ਕਾਮਿਆਂ ਨੇ ਘੇਰਿਆ ਜੁਆਇੰਟ ਕਮਿਸ਼ਨਰ ਦਾ ਦਫ਼ਤਰ
NEXT STORY