ਖਰੜ (ਰਣਬੀਰ) : ਮੰਗਲਵਾਰ ਅੱਧੀ ਰਾਤ ਦੇ ਕਰੀਬ ਖਰੜ-ਚੰਡੀਗੜ੍ਹ ਹਾਈਵੇ ਦੇਸੂ ਮਾਜਰਾ ਨੇੜੇ ਥਾਰ ’ਚ ਸਵਾਰ ਨੌਜਵਾਨਾਂ ਵੱਲੋਂ ਖੁੱਲ੍ਹੇਆਮ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਹਵਾਈ ਫਾਇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਾ ਪਤਾ ਲੱਗਦਿਆਂ ਹੀ ਪੁਲਸ ਨੇ ਮੁਲਜ਼ਮਾਂ ਦਾ ਪਤਾ ਲਾ ਕੇ ਉਨ੍ਹਾਂ ਖ਼ਿਲਾਫ਼ ਬੀ.ਐੱਨ.ਐੱਸ. ਦੀ ਧਾਰਾ 125, 3(5) ਤੇ ਆਰਮਜ਼ ਐਕਟ ਦੀ ਧਾਰਾ 25 ਤੇ 27 ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਦੋਵੇਂ ਮੁਲਜ਼ਮਾਂ ਦੀ ਪਛਾਣ ਰਣਜੀਤ ਸਿੰਘ ਨਗਰ ਖਰੜ ਵਾਸੀ ਮਨਪ੍ਰੀਤ ਸਿੰਘ ਉਰਫ਼ ਕਾਕਾ ਤੇ ਪਿੰਡ ਮਾਮੂਪੁਰ ਵਾਸੀ ਜਸਪ੍ਰੀਤ ਸਿੰਘ ਉਰਫ਼ ਜੱਸੂ ਵਜੋਂ ਹੋਈ ਹੈ।
ਥਾਣਾ ਸਦਰ ਪੁਲਸ ਤੋਂ ਜਾਂਚ ਅਧਿਕਾਰੀ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਪਿੰਡ ਦੇਸੂ ਮਾਜਰਾ ਸਥਿਤ ਹਾਈਵੇ ਕਿਨਾਰੇ ਸ਼ਰਾਬ ਦੇ ਠੇਕੇ ਨੇੜੇ ਮਕਾਨ ਨੰਬਰ 235 ’ਚ ਰਹਿਣ ਵਾਲੀ ਔਰਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਰਾਤ ਨੂੰ ਆਪਣੇ ਘਰ ਮੌਜੂਦ ਸੀ ਕਿ ਕਰੀਬ 11 :15 ਵਜੇ ਘਰ ਦੇ ਬਾਹਰ ਫਾਇਰ ਹੋਣ ਦੀ ਆਵਾਜ਼ ਸੁਣਾਈ ਦਿੱਤੀ। ਜਿਉਂ ਹੀ ਉਹ ਘਰੋਂ ਬਾਹਰ ਨਿਕਲੀ ਤਾਂ ਦੇਖਿਆ ਕਿ ਸ਼ਰਾਬ ਦੇ ਠੇਕੇ ਕੋਲ ਖ਼ਾਲੀ ਪਲਾਟ ’ਚ ਕਾਲੇ ਰੰਗ ਦੀ ਥਾਰ ਖੜ੍ਹੀ ਸੀ, ਜਿਸ ਕੋਲ ਦੋ ਨੌਜਵਾਨ ਖੜ੍ਹੇ ਸਨ।
ਇਹ ਵੀ ਪੜ੍ਹੋ- ਝਾਰਖੰਡ ਦੇ CM ਨੇ ਦਿੱਤਾ ਅਸਤੀਫ਼ਾ, ਹੇਮੰਤ ਸੋਰੇਨ ਮੁੜ ਸੰਭਾਲਣਗੇ ਸੂਬੇ ਦੀ ਕਮਾਨ
ਇਨ੍ਹਾਂ ’ਚੋਂ ਇਕ ਨੇ ਨੀਲੀ ਪੱਗ ਬੰਨ੍ਹੀ ਹੋਈ ਸੀ। ਇਕ ਨੌਜਵਾਨ ਦੇ ਹੱਥ ’ਚ ਰਿਵਾਲਵਰ ਸੀ, ਜਿਸ ਨੇ ਅਚਾਨਕ ਦੋ ਹਵਾਈ ਫਾਇਰ ਕੀਤੇ। ਇਸ ਤੋਂ ਬਾਅਦ ਉਸ ਦੇ ਨਾਲ ਵਾਲੇ ਮੁੰਡੇ ਨੇ ਰਿਵਾਲਵਰ ਫੜ ਲਿਆ ਤੇ ਉਸ ਨੇ ਵੀ ਹਵਾ ’ਚ ਤਿੰਨ ਹਵਾਈ ਫਾਇਰ ਕੀਤੇ। ਉਹ ਘਬਰਾ ਗਈ ਤੇ ਉਸ ਨੇ ਪੁਲਸ ਹੈਲਪਲਾਈਨ ਨੰਬਰ 112 ’ਤੇ ਘਟਨਾ ਦੀ ਸੂਚਨਾ ਦਿੱਤੀ। ਜਦੋਂ ਤੱਕ ਪੁਲਸ ਮੌਕੇ ’ਤੇ ਪਹੁੰਚੀ, ਮੁਲਜ਼ਮ ਫ਼ਰਾਰ ਹੋ ਚੁੱਕੇ ਸਨ।
ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਉਕਤ ਥਾਰ ਪਿੰਡ ਮਾਮੂਪੁਰ ਵਾਸੀ ਜਸਪ੍ਰੀਤ ਉਰਫ਼ ਜੱਸੂ ਦੇ ਨਾਮ ’ਤੇ ਰਜਿਸਟਰਡ ਹੈ। ਬਾਅਦ ’ਚ ਉਨ੍ਹਾਂ ਦੋਵਾਂ ਮੁਲਜ਼ਮਾਂ ਦਾ ਸੁਰਾਗ ਲਾਉਣ ਲਈ ਉਨ੍ਹਾਂ ਦੇ ਘਰ ਛਾਪੇਮਾਰੀ ਕੀਤੀ ਗਈ ਪਰ ਦੋਵੇਂ ਆਪਣੇ ਘਰ ਮੌਜੂਦ ਨਹੀਂ ਸਨ। ਇਸ ਤੋਂ ਕੁਝ ਸਮੇਂ ਬਾਅਦ ਜਦੋਂ ਪੁਲਸ ਨੇ ਮੁੜ ਛਾਪਾ ਮਾਰਿਆ ਤਾਂ ਦੋਵਾਂ ਮੁਲਜ਼ਮਾਂ ਨੂੰ ਉਨ੍ਹਾਂ ਦੇ ਘਰੋਂ ਕਾਬੂ ਕਰ ਲਿਆ।
ਪੁਲਸ ਅਨੁਸਾਰ ਮੁਲਜ਼ਮਾਂ ਕੋਲੋਂ ਬਰਾਮਦ ਹੋਇਆ ਰਿਵਾਲਵਰ ਜਸਪ੍ਰੀਤ ਦੇ ਨਾਂ ’ਤੇ ਰਜਿਸਟਰਡ ਹੈ, ਜਿਸ ’ਚੋਂ 6 ਗੋਲੀਆਂ ਚਲਾਈਆਂ ਗਈਆਂ ਹਨ। ਪੁਲਸ ਨੇ ਮੁਲਜ਼ਮ ਦਾ ਰਿਵਾਲਵਰ, ਲਾਇਸੈਂਸ ਤੇ ਥਾਰ ਨੂੰ ਕਬਜ਼ੇ ’ਚ ਲੈ ਲਿਆ ਹੈ। ਪੁਲਸ ਅਨੁਸਾਰ ਦੋਵੇਂ ਮੁਲਜ਼ਮ ਖੇਤੀਬਾੜੀ ਕਰਦੇ ਹਨ ਤੇ ਆਪਣੇ ਦੋਸਤ ਦਾ ਜਨਮ ਦਿਨ ਮਨਾ ਕੇ ਵਾਪਸ ਆ ਰਹੇ ਸਨ ਕਿ ਰਸਤੇ ’ਚ ਤੈਸ਼ ’ਚ ਆ ਕੇ ਉਨ੍ਹਾਂ ਵੱਲੋਂ ਹਵਾਈ ਫਾਇਰ ਕੀਤੇ ਗਏ। ਪੁਲਸ ਵੱਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਹੈਰਾਨੀਜਨਕ : ਔਰਤ ਦੇ ਪੇਟ 'ਚ ਹੋਇਆ ਦਰਦ, ਅਲਟ੍ਰਾਸਾਊਂਡ ਸਕੈਨਿੰਗ ਨੇ ਉਡਾਏ ਸਭ ਦੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗ਼ੈਰ-ਕਾਨੂੰਨੀ ਢੰਗ ਨਾਲ ਲੋਕਾਂ ਨੂੰ ਕੰਬੋਡੀਆ ਭੇਜਣ ਵਾਲੇ 2 ਟ੍ਰੈਵਲ ਏਜੰਟ ਗ੍ਰਿਫ਼ਤਾਰ
NEXT STORY