ਪਾਇਲ (ਵਿਨਾਇਕ): ਪਾਇਲ ਦੇ ਵਾਰਡ ਨੰਬਰ 7 ਵਿਖੇ ਇੱਕ 40 ਸਾਲਾ ਵਿਅਕਤੀ ਨੂੰ ਗੋਲੀ ਮਾਰ ਕੇ ਜਖ਼ਮੀ ਕਰਨ ਦੇ ਮਾਮਲੇ ਵਿੱਚ ਪਾਇਲ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਵਾਰਦਾਤ ਤੋਂ ਕੁਝ ਹੀ ਘੰਟਿਆਂ ਅੰਦਰ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇੱਕ ਲਾਇਸੰਸੀ ਰਿਵਾਲਵਰ ਸਮੇਤ ਮੈਗਜ਼ੀਨ, .32 ਬੋਰ ਦੇ 5 ਜਿੰਦਾ ਰੌਂਦ, 5 ਖਾਲੀ ਖੋਲ ਅਤੇ ਇੱਕ ਵਰਨਾ ਕਾਰ ਬਰਾਮਦ ਕੀਤੀ ਹੈ।
ਬਾਅਦ ਵਿਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਨਾਜਰ ਸਿੰਘ ਪੁੱਤਰ ਰੁਲਦੂ ਰਾਮ ਅਤੇ ਉਸ ਦੇ ਪੁੱਤਰ ਸੁਖਵੀਰ ਸਿੰਘ ਉਰਫ਼ ਬੱਬੂ ਵਾਸੀ ਵਾਰਡ ਨੰਬਰ 7, ਪਾਇਲ, ਅਤੇ ਗੁਰਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਤੇ ਮਨਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਮਾਜਰੀ, ਥਾਣਾ ਡੇਹਲੋਂ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਪਤਾਨ ਪੁਲਸ (ਡੀ) ਖੰਨਾ ਸ੍ਰੀ ਪਵਨਜੀਤ ਚੋਧਰੀ ਨੇ ਦੱਸਿਆ ਕਿ 7 ਮਾਰਚ 2026 ਨੂੰ ਸ਼ਾਮ ਕਰੀਬ 6:30 ਵਜੇ ਪਾਇਲ ਵਿਖੇ ਗੋਲੀਬਾਰੀ ਦੀ ਵਾਰਦਾਤ ਵਾਪਰੀ ਸੀ, ਜਿਸ ਵਿੱਚ ਸਤਨਾਮ ਸਿੰਘ ਪੁੱਤਰ ਬੀਰ ਸਿੰਘ ਵਾਸੀ ਪਾਇਲ ਗੋਲੀ ਲੱਗਣ ਕਾਰਨ ਜਖ਼ਮੀ ਹੋ ਗਿਆ। ਬਾਅਦ ਵਿੱਚ ਜਖ਼ਮੀ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।
ਇਸ ਘਟਨਾ ਤੋਂ ਬਾਅਦ ਥਾਣਾ ਪਾਇਲ ਦੇ ਮੁੱਖ ਅਫਸਰ ਸਬ ਇੰਸਪੈਕਟਰ ਤਰਵਿੰਦਰ ਕੁਮਾਰ ਬੇਦੀ ਨੇ ਤੁਰੰਤ ਕਾਰਵਾਈ ਕਰਦਿਆਂ ਜਖ਼ਮੀ ਸਤਨਾਮ ਸਿੰਘ ਦੀ ਪਤਨੀ ਸਰਬਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਮੁਕੱਦਮਾ ਨੰਬਰ 52 ਮਿਤੀ 8 ਮਾਰਚ 2026 ਅਧੀਨ ਧਾਰਾ 109, 351(2), 3(5) ਭਾਰਤੀ ਨਿਆਂ ਸੰਹਿਤਾ (ਬੀਐਨਐਸ) ਅਤੇ 25, 54, 59 ਆਰਮਜ਼ ਐਕਟ ਤਹਿਤ ਥਾਣਾ ਪਾਇਲ ਵਿੱਚ ਕੇਸ ਦਰਜ ਕੀਤਾ। ਪੁਲਸ ਜਾਂਚ ਦੌਰਾਨ ਮਾਮਲੇ ਵਿਚ ਵਾਧਾ ਜੁਰਮ ਵਜੋਂ ਧਾਰਾ 253 ਬੀਐਨਐਸ ਅਤੇ 27,54,59 ਆਰਮਜ਼ ਐਕਟ ਵੀ ਸ਼ਾਮਲ ਕੀਤੇ ਗਏ ਹਨ, ਜਦਕਿ ਜਾਂਚ ਮਗਰੋਂ ਘਾਟਾ ਜੁਰਮ ਵਜੋਂ 25,54,59 ਆਰਮਜ਼ ਐਕਟ ਲਾਗੂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਪੁਲਸ ਦੇ ਡੀਜੀਪੀ ਗੌਰਵ ਯਾਦਵ ਅਤੇ ਲੁਧਿਆਣਾ ਰੇਂਜ ਦੇ ਡੀ.ਆਈ.ਜੀ. ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਖੰਨਾ ਦੇ ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਮਾੜੇ ਅਨਸਰਾਂ ਖ਼ਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇਸ ਮਾਮਲੇ ਦੀ ਤਫਤੀਸ਼ ਲਈ ਕਪਤਾਨ ਪੁਲਸ (ਡੀ) ਖੰਨਾ ਸ੍ਰੀ ਪਵਨਜੀਤ ਚੋਧਰੀ ਦੀ ਨਿਗਰਾਨੀ ਹੇਠ ਵੱਖ-ਵੱਖ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ। ਇਨ੍ਹਾਂ ਟੀਮਾਂ ਦੀ ਅਗਵਾਈ ਮੋਹਿਤ ਕੁਮਾਰ ਸਿੰਗਲਾ ਡੀਐਸਪੀ (ਡੀ), ਜਸਬਿੰਦਰ ਸਿੰਘ ਡੀਐਸਪੀ (ਪਾਇਲ) ਅਤੇ ਪ੍ਰਿਤਪਾਲ ਸਿੰਘ ਡੀਐਸਪੀ (ਸ) ਵੱਲੋਂ ਕੀਤੀ ਗਈ। ਟੀਮਾਂ ਵਿੱਚ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਖੰਨਾ, ਇੰਸਪੈਕਟਰ ਅਕਾਸ਼ ਦੱਤ ਐਸਐਚਓ ਦੋਰਾਹਾ ਅਤੇ ਸਬ ਇੰਸਪੈਕਟਰ ਤਰਵਿੰਦਰ ਕੁਮਾਰ ਬੇਦੀ ਐਸਐਚਓ ਪਾਇਲ ਸਮੇਤ ਪੁਲਸ ਪਾਰਟੀਆਂ ਸ਼ਾਮਲ ਸਨ।
ਪਵਨਜੀਤ ਚੌਧਰੀ ਨੇ ਦੱਸਿਆ ਕਿ ਪੁਲਸ ਟੀਮਾਂ ਨੇ ਹਿਊਮਨ ਸੋਰਸ, ਟੈਕਨੀਕਲ ਸੋਰਸ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਮਦਦ ਨਾਲ ਤੇਜ਼ੀ ਨਾਲ ਜਾਂਚ ਕਰਦਿਆਂ ਨਾਜਰ ਸਿੰਘ ਅਤੇ ਉਸ ਦੇ ਪੁੱਤਰ ਸੁਖਵੀਰ ਸਿੰਘ ਉਰਫ਼ ਬੱਬੂ ਨੂੰ ਕੁਝ ਹੀ ਘੰਟਿਆਂ ਵਿੱਚ ਕਾਬੂ ਕਰ ਲਿਆ। ਜਿਨ੍ਹਾਂ ਦੀ ਨਿਸ਼ਾਨਦੇਹੀ ’ਤੇ ਵਾਰਦਾਤ ਵਿਚ ਵਰਤਿਆ ਗਿਆ .32 ਬੋਰ ਦਾ ਰਿਵਾਲਵਰ ਵੀ ਬਰਾਮਦ ਕਰ ਲਿਆ ਗਿਆ। ਪੁਲਸ ਅਧਿਕਾਰੀ ਅਨੁਸਾਰ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਵਾਰਦਾਤ ਤੋਂ ਬਾਅਦ ਮੁਲਜ਼ਮ ਸੁਖਵੀਰ ਸਿੰਘ ਉਰਫ਼ ਬੱਬੂ ਆਪਣੇ ਬਚਾਅ ਲਈ ਪਿੰਡ ਮਾਜਰੀ, ਥਾਣਾ ਡੇਹਲੋਂ, ਜ਼ਿਲ੍ਹਾ ਲੁਧਿਆਣਾ ਵਿਖੇ ਆਪਣੇ ਸਹੁਰੇ ਘਰ ਛਿਪਣ ਲਈ ਚਲਾ ਗਿਆ ਸੀ। ਜਿੱਥੇ ਉਸ ਦੇ ਸਾਲੇ ਗੁਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਉਸ ਨੂੰ ਲੁਕਾਉਣ ਲਈ ਪਨਾਹ ਦਿੱਤੀ। ਇਸ ਸਬੰਧੀ ਪੁਲਸ ਨੇ ਦੋਵਾਂ ਨੂੰ ਵੀ ਉਕਤ ਮੁਕੱਦਮੇ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਹੈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਨਾਜਰ ਸਿੰਘ ਪੰਜਾਬ ਹੋਮਗਾਰਡ ਦੇ ਜਵਾਨ ਵਜੋਂ ਸਾਹਨੇਵਾਲ ਵਿਖੇ ਤਾਇਨਾਤ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਵਾਰਦਾਤ ਦੇ ਪਿੱਛੇ ਦੇ ਅਸਲ ਕਾਰਣਾਂ ਅਤੇ ਹੋਰ ਸੰਭਾਵਿਤ ਸਾਥੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ।
ਪੰਜਾਬ 'ਚ ਕੱਲ੍ਹ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ ਪਾਵਰ ਕੱਟ, ਘੰਟਿਆਂ ਤੱਕ ਕਰਨਾ ਪਵੇਗਾ ਇੰਤਜ਼ਾਰ
NEXT STORY