ਚੰਡੀਗਡ਼੍ਹ (ਸ਼ਰਮਾ)- ਸਾਬਕਾ ਪ੍ਰਧਾਨ ਮੰਤਰੀ ਸਵ. ਇੰਦਰ ਕੁਮਾਰ ਗੁਜਰਾਲ ਦੇ ਬੇਟੇ ਅਤੇ ਰਾਜ ਸਭਾ ’ਚ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਨਰੇਸ਼ ਗੁਜਰਾਲ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਜਲੰਧਰ ਜ਼ਿਲਾ ਪ੍ਰਸ਼ਾਸਨ ਨੂੰ ਆਪਣੇ ਐੱਮ. ਪੀ. ਫੰਡ ’ਚੋਂ 2 ਕਰੋਡ਼ ਦੀ ਰਾਸ਼ੀ ਪ੍ਰਦਾਨ ਕਰਨਗੇ। ਜਗ ਬਾਣੀ ਨਾਲ ਗੱਲਬਾਤ ’ਚ ਗੁਜਰਾਲ ਨੇ ਕਿਹਾ ਕਿ ਉਨ੍ਹਾਂ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਸੂਚਿਤ ਕਰ ਦਿੱਤਾ ਹੈ ਕਿ ਉਹ ਜ਼ਿਲੇ ਦੇ ਸਰਕਾਰੀ ਹਸਪਤਾਲਾਂ ’ਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕਿਸੇ ਵੀ ਤਰ੍ਹਾਂ ਦੀ ਕਮੀ ਚਾਹੇ ਉਹ ਮੈਡੀਕਲ ਉਪਕਰਨ ਹੋਣ ਜਾਂ ਹੋਰ ਕੋਈ ਜ਼ਰੂਰਤ, ਨੂੰ ਪੂਰਾ ਕਰਨ ਲਈ 2 ਕਰੋਡ਼ ਦੀ ਰਾਸ਼ੀ ਪ੍ਰਦਾਨ ਕਰਨਗੇ।
ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਨੂੰ ਕਿਹਾ ਗਿਆ ਹੈ ਕਿ ਉਹ ਇਸ ਰਾਸ਼ੀ ਦੀ ਨਿਯਮਾਂ ਦੇ ਤਹਿਤ ਵਰਤੋਂ ਲਈ ਤੁਰੰਤ ਮਤਾ ਤਿਆਰ ਕਰਨ, ਜਿਨ੍ਹਾਂ ’ਤੇ ਉਨ੍ਹਾਂ ਵੱਲੋਂ ਤੁਰੰਤ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਜਾਵੇਗੀ। ਜ਼ਿਲਾ ਪ੍ਰਸ਼ਾਸਨ ਨੂੰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੈਸੇ ਦੀ ਕਮੀ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਗੁਜਰਾਲ ਨੇ ਕਿਹਾ ਕਿ ਜੇਕਰ ਇਸ ਕੰਮ ਲਈ ਜ਼ਿਲਾ ਪ੍ਰਸ਼ਾਸਨ ਨੂੰ ਹੋਰ ਰਾਸ਼ੀ ਦੀ ਜ਼ਰੂਰਤ ਹੋਵੇਗੀ ਤਾਂ ਉਹ ਆਪਣੇ ਸਾਲਾਨਾ ਫੰਡ ਦਾ ਪੂਰਾ 5 ਕਰੋਡ਼ ਜ਼ਿਲਾ ਪ੍ਰਸ਼ਾਸਨ ਨੂੰ ਉਪਲਬਧ ਕਰਵਾ ਦੇਣਗੇ।
ਜ਼ਿਕਰਯੋਗ ਹੈ ਕਿ ਪੰਜਾਬ ਨਾਲ ਸਬੰਧਤ ਲੋਕ ਸਭਾ ਅਤੇ ਰਾਜ ਸਭਾ ਦੇ ਸਾਰੇ ਮੈਂਬਰਾਂ ’ਚੋਂ ਗੁਜਰਾਲ ਅਜਿਹੇ ਪਹਿਲੇ ਸੰਸਦ ਮੈਂਬਰ ਹਨ, ਜਿਨ੍ਹਾਂ ਨੇ ਆਪਣੇ ਐੱਮ. ਪੀ. ਫੰਡ ’ਚੋਂ ਕੋਰੋਨਾ ਵਾਇਰਸ ਤੋਂ ਬਚਾਅ ਦੇ ਕੰਮ ਲਈ ਜ਼ਿਲਾ ਪ੍ਰਸ਼ਾਸਨ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ। ਸ਼ਹੀਦ ਭਗਤ ਸਿੰਘ ਨਗਰ ਅਤੇ ਮੋਹਾਲੀ ਜ਼ਿਲਿਆਂ ਤੋਂ ਬਾਅਦ ਸੂਬੇ ਦਾ ਜਲੰਧਰ ਜ਼ਿਲਾ ਹੀ ਇਕ ਅਜਿਹਾ ਜ਼ਿਲਾ ਹੈ, ਜਿਥੇ ਕੋਰੋਨਾ ਵਾਇਰਸ ਤੋਂ ਪੀਡ਼ਤਾਂ ਦੇ ਜ਼ਿਆਦਾਤਰ ਮਾਮਲੇ ਸਾਹਮਣੇ ਆਏ ਹਨ। ਉਮੀਦ ਜਤਾਈ ਜਾ ਰਹੀ ਹੈ ਕਿ ਗੁਜਰਾਲ ਦੀ ਇਸ ਪੇਸ਼ਕਸ਼ ਤੋਂ ਬਾਅਦ ਹੋਰ ਸੰਸਦ ਮੈਂਬਰ ਵੀ ਇਸ ਵੱਲ ਹਾਂ-ਪੱਖੀ ਕਦਮ ਉਠਾਉਣਗੇ।
ਪੰਜਾਬ 'ਚ ਕੋਰੋਨਾ ਦੇ 31 ਮਾਮਲੇ, ਇਸ ਇਕ NRI ਤੋਂ 70 ਫੀਸਦੀ ਹੋਏ ਇਨਫੈਕਟਡ
NEXT STORY