ਰੂਪਨਗਰ, (ਵਿਜੇ)- ਸਿਰਫ ਪ੍ਰਵਾਨਿਤ ਖੱਡਾਂ ਤੋਂ ਹੀ ਕੱਚਾ ਮਾਲ ਲਿਆ ਜਾਵੇ ਅਤੇ ਸਮੇਂ ਸਿਰ ਆਪਣੀਆਂ ਰਿਟਰਨਾਂ ਜਮ੍ਹਾ ਕਰਵਾਈਆਂ ਜਾਣ। ਇਹ ਹਦਾਇਤ ਲਖਮੀਰ ਸਿੰਘ ਨੋਡਲ ਅਫਸਰ ਮਾਈਨਿੰਗ-ਕਮ-ਵਧੀਕ ਡਿਪਟੀ ਕਮਿਸ਼ਨਰ ਨੇ ਭਰਤਗੜ੍ਹ ਜ਼ੋਨ ਵਿਚ ਚੈਕਿੰਗ ਦੌਰਾਨ ਕ੍ਰਸ਼ਰਸ ਦੇ ਮਾਲਕਾਂ ਨੂੰ ਕੀਤੀ। ਉਨ੍ਹਾਂ ਕਿਹਾ ਕਿ 1 ਅਕਤੂਬਰ ਤੋਂ ਮਨਜ਼ੂਰਸ਼ੁਦਾ ਮਾਈਨਿੰਗ ਸ਼ੁਰੂ ਹੋ ਗਈ ਹੈ ਤੇ ਸਰਕਾਰ ਵੱਲੋਂ ਪ੍ਰਵਾਨਿਤ ਖੱਡਾਂ ਹੁਣ ਚੱਲ ਪਈਆਂ ਹਨ, ਇਸ ਲਈ ਸਿਰਫ ਇਨ੍ਹਾਂ ਖੱਡਾਂ ਤੋਂ ਹੀ ਮਾਲ ਲੈਣਾ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਅਜਿਹੀ ਚੈਕਿੰਗ ਜਾਰੀ ਰਹੇਗੀ ਤੇ ਚੈਕਿੰਗ ਦੌਰਾਨ ਜੇਕਰ ਕਿਸੇ ਕ੍ਰਸ਼ਰ ਦੇ ਕਾਗਜ਼ਾਤ ਵਿਚ ਤਰੁੱਟੀਆਂ ਪਾਈਆਂ ਗਈਆਂ ਤਾਂ ਉਸ ਨੂੰ ਸੀਲ ਕਰ ਦਿੱਤਾ ਜਾਵੇਗਾ। ਚੈਕਿੰਗ ਉਪਰੰਤ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਭਰਤਗੜ੍ਹ ਜ਼ੋਨ ਦੇ 19 ਕ੍ਰਸ਼ਰਸ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਭੱਲਾ ਸਟੋਨ ਕ੍ਰਸ਼ਰ ਤੇ ਪੰਜਾਬ ਸਟੋਨ ਕ੍ਰਸ਼ਰ ਨੂੰ ਰਜਿਸਟ੍ਰੇਸ਼ਨ ਨਾ ਕਰਵਾਉਣ ਕਾਰਨ ਸੀਲ ਕਰ ਦਿੱਤਾ ਗਿਆ। ਇਨ੍ਹਾਂ 'ਚੋਂ 14 ਸਟੋਨ ਕ੍ਰਸ਼ਰਸ ਦੇ ਮਾਲਕਾਂ ਵੱਲੋਂ ਅਜੇ ਤੱਕ ਰਿਟਰਨਾਂ ਜਮ੍ਹਾ ਨਹੀਂ ਕਰਵਾਈਆਂ ਗਈਆਂ ਸਨ, ਉਨ੍ਹਾਂ ਨੂੰ ਰਿਟਰਨਾਂ ਜਮ੍ਹਾ ਕਰਵਾਉਣ ਲਈ ਕਹਿ ਦਿੱਤਾ ਗਿਆ ਹੈ, ਜਦਕਿ ਤਿੰਨ ਸਟੋਨ ਕ੍ਰਸ਼ਰਸ ਦੇ ਕਾਗਜ਼ਾਤ ਠੀਕ ਪਾਏ ਗਏ। ਇਸ ਦੌਰਾਨ ਹਰਜੋਤ ਕੌਰ ਐੱਸ. ਡੀ. ਐੱਮ. ਰੂਪਨਗਰ, ਦੀਪ ਸਿੰਘ ਗਿੱਲ ਫੰਕਸ਼ਨਲ ਮੈਨੇਜਰ, ਹਰਜਿੰਦਰ ਸਿੰਘ ਕਲਸੀ ਕਾਰਜਕਾਰੀ ਇੰਜੀਨੀਅਰ ਡਰੇਨੇਜ, ਗੁਲਸ਼ਨ ਕੁਮਾਰ ਐੱਸ. ਡੀ. ਓ. ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਕਮਲਇੰਦਰ ਪਾਲ ਸਿੰਘ ਸਿਬੀਆ ਐੱਸ. ਆਈ. ਪੀ. ਓ. ਤੇ ਹੋਰ ਸੰਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।