ਜਲੰਧਰ (ਵਰੁਣ)– ਇਲਾਕਾ ਵੰਡਣ ਨੂੰ ਲੈ ਕੇ ਮਹੰਤਾਂ ਦੀਆਂ ਦੋ ਧਿਰਾਂ ਵਿਚਾਲੇ ਚੱਲ ਰਿਹਾ ਵਿਵਾਦ ਮੁੜ ਤੋਂ ਭੜਕ ਗਿਆ। ਇਕ ਧਿਰ ਦਾ ਦੋਸ਼ ਹੈ ਕਿ ਦੂਜੀ ਧਿਰ ਦੇ ਮਹੰਤ ਦੇ ਪੋਤਰਿਆਂ ਨੇ ਉਨ੍ਹਾਂ ਦੀ ਧਿਰ ਦੇ 2 ਮਹੰਤਾਂ ਨੂੰ ਜਬਰੀ ਅਗਵਾ ਕਰ ਲਿਆ ਤੇ ਬਾਅਦ ’ਚ ਉਨ੍ਹਾਂ ਦੀ ਕੁੱਟਮਾਰ ਕੀਤੀ। ਉਨ੍ਹਾਂ ਇਹ ਵੀ ਦੋਸ਼ ਲਾਏ ਕਿ ਉਨ੍ਹਾਂ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਉਨ੍ਹਾਂ ਦੇ ਗੁਰੂ ਨੂੰ ਗਾਲ੍ਹਾਂ ਕੱਢਣ ਦੀ ਜ਼ਬਰਦਸਤੀ ਵੀਡੀਓ ਵੀ ਬਣਾਈ।
ਮਹੰਤ ਕਿਸੇ ਤਰ੍ਹਾਂ ਉਥੋਂ ਛੁੱਟ ਕੇ ਨਿਕਲੇ ਤੇ ਜਦੋਂ ਆਪਣੇ ਗੁਰੂ ਮਹੰਤ ਨਾਲ ਗੱਲ ਕੀਤੀ ਤਾਂ ਇਸ ਸਬੰਧੀ ਥਾਣਾ ਨੰਬਰ 8 ’ਚ ਸ਼ਿਕਾਇਤ ਦਰਜ ਕਰਵਾਈ ਗਈ। ਦੋਸ਼ ਹੈ ਕਿ ਪੁਲਸ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ, ਜਿਸ ਕਾਰਨ ਉਨ੍ਹਾਂ ਨੇ ਆਪਣੇ ਕੱਪੜੇ ਲਾਹ ਕੇ ਥਾਣਾ ਨੰਬਰ 8 ਦੇ ਬਾਹਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਜਾਣਕਾਰੀ ਦਿੰਦਿਆਂ ਮਹੰਤ ਸਿੰਮੀ ਨੇ ਦੱਸਿਆ ਕਿ ਉਸ ਨੇ ਪਹਿਲਾਂ ਉਸੇ ਮਹੰਤ ਨੂੰ ਗੁਰੂ ਧਾਰਨ ਕੀਤਾ ਸੀ। ਉਨ੍ਹਾਂ ਦੇ ਕਹਿਣ ’ਤੇ ਉਹ ਵਧਾਈ ਆਦਿ ਮੰਗਣ ਜਾਂਦੇ ਸਨ। ਹੁਣ ਜਦੋਂ ਸਿੰਮੀ ਨੇ ਆਪਣੇ ਚੇਲੇ ਮਹੰਤਾਂ ’ਚ ਇਲਾਕਾ ਵੰਡਣ ਦੀ ਗੱਲ ਕੀਤੀ ਤਾਂ ਉਹ ਉਨ੍ਹਾਂ ਨੂੰ ਨਕਲੀ ਮਹੰਤ ਕਹਿਣ ਲੱਗ ਗਏ ਤੇ ਉਨ੍ਹਾਂ ਦੇ 2 ਚੇਲੇ ਮਹੰਤਾਂ ਨੂੰ ਸਾਬਕਾ ਗੁਰੂ ਦੇ ਪੋਤਰਿਆਂ ਨੇ ਜਬਰੀ ਕਾਰ ’ਚ ਬਿਠਾ ਕੇ ਆਪਣੇ ਟਿਕਾਣੇ ’ਤੇ ਲਿਜਾ ਕੇ ਪਹਿਲਾਂ ਤਾਂ ਦੋਵਾਂ ਨਾਲ ਕੁੱਟਮਾਰ ਕੀਤੀ ਤੇ ਬਾਅਦ ’ਚ ਉਹ ਆਪਣੇ ਗੁਰੂ ਸਿੰਮੀ ਮਹੰਤ ਨੂੰ ਗਾਲ੍ਹਾਂ ਕੱਢਣ ਲਈ ਕਹਿਣ ਲੱਗੇ।
ਇਹ ਖ਼ਬਰ ਵੀ ਪੜ੍ਹੋ : ਅੰਬਾਨੀਆਂ ਦੇ ਵਿਆਹ ’ਚ ਛਾ ਗਿਆ ਦੋਸਾਂਝਾ ਵਾਲਾ, ਲਾੜੇ ਨੇ ਖ਼ੁਦ ਕੀਤੀ ਦਿਲਜੀਤ ਨੂੰ ਖ਼ਾਸ ਫ਼ਰਮਾਇਸ਼, ਦੇਖੋ ਵੀਡੀਓ
ਦੋਸ਼ ਹੈ ਕਿ ਮਨ੍ਹਾ ਕਰਨ ’ਤੇ ਉਨ੍ਹਾਂ ਲੋਕਾਂ ਨੇ ਤੇਜ਼ਧਾਰ ਹਥਿਆਰ ਦਿਖਾਏ, ਜਿਸ ਕਾਰਨ ਉਹ ਡਰ ਗਏ ਤੇ ਜੋ-ਜੋ ਉਹ ਕਹਿੰਦੇ ਗਏ, ਉਨ੍ਹਾਂ ਨੂੰ ਸਭ ਕੁਝ ਬੋਲਣਾ ਪਿਆ। ਕਿਸੇ ਤਰ੍ਹਾਂ ਦੋਵੇਂ ਮਹੰਤ ਉਥੋਂ ਭੱਜ ਕੇ ਆਪਣੇ ਗੁਰੂ ਸਿੰਮੀ ਮਹੰਤ ਕੋਲ ਪੁੱਜੇ। ਸਿੰਮੀ ਮਹੰਤ ਦਾ ਕਹਿਣਾ ਹੈ ਕਿ ਜਦੋਂ ਉਹ ਸ਼ਿਕਾਇਤ ਦੇਣ ਗਏ ਤਾਂ ਥਾਣੇ ’ਚ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ, ਜਿਸ ਕਾਰਨ ਉਨ੍ਹਾਂ ਨੂੰ ਥਾਣੇ ਦੇ ਬਾਹਰ ਪ੍ਰਦਰਸ਼ਨ ਕਰਨਾ ਪਿਆ।
ਇਸ ਸਬੰਧੀ ਥਾਣਾ ਨੰਬਰ 8 ਦੇ ਇੰਚਾਰਜ ਸੰਜੀਵ ਸੂਰੀ ਨੇ ਕਿਹਾ ਕਿ ਮਹੰਤਾਂ ਦਾ ਪਹਿਲਾਂ ਪੰਚਾਇਤੀ ਰਾਜ਼ੀਨਾਮਾ ਹੋਣਾ ਸੀ ਪਰ ਉਹ ਸਿਰੇ ਨਹੀਂ ਚੜ੍ਹਿਆ। ਉਨ੍ਹਾਂ ਕਿਹਾ ਕਿ ਧਰਨਾ ਲਾਉਣ ਵਾਲਾ ਮਹੰਤ ਦੂਜੀ ਧਿਰ ਨੂੰ ੳੁਸੇ ਸਮੇਂ ਥਾਣੇ ’ਚ ਤਲਬ ਕਰਨ ਲਈ ਕਹਿ ਰਿਹਾ ਸੀ ਪਰ ਉਨ੍ਹਾਂ ਵਲੋਂ ਉਨ੍ਹਾਂ ਨੂੰ 2 ਦਿਨ ਬਾਅਦ ਦਾ ਸਮਾਂ ਦਿੱਤਾ ਗਿਆ ਸੀ, ਜਿਸ ਤੋਂ ਨਾਰਾਜ਼ ਹੋ ਕੇ ਉਹ ਥਾਣੇ ਅੰਦਰੋਂ ਨਿਕਲ ਕੇ ਧਰਨੇ ’ਤੇ ਬੈਠ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
8 ਕਰੋੜ ਦੀ ਲਾਗਤ ਨਾਲ ਬਣ ਰਹੀ ਐਪ ਜ਼ਰੀਏ ਪੰਜਾਬ ਸਰਕਾਰ ਫੜੇਗੀ ਬੋਗਸ ਬਿਲਿੰਗ ਮਾਫ਼ੀਆ
NEXT STORY