ਲੁਧਿਆਣਾ, (ਜ. ਬ.)— ਐੱਸ. ਟੀ. ਐੱਫ. ਦੀ ਲੁਧਿਆਣਾ ਟੀਮ ਨੇ ਨਸ਼ਾ ਸਮੱਗਲਰਾਂ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ 2 ਨਸ਼ਾ ਸਮੱਗਲਰਾਂ ਨੂੰ ਪੌਣੇ 2 ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਚੀਮਾ ਚੌਕ ਵੱਲੋਂ ਸੂਫੀਆ ਬਾਗ ਨੂੰ ਜਾਣ ਵਾਲੇ ਰਸਤੇ 'ਤੇ 2 ਨਸ਼ਾ ਸਮੱਗਲਰ ਮੋਟਰਸਾਈਕਲ 'ਤੇ ਹੈਰੋਇਨ ਦੀ ਖੇਪ ਲੈ ਕੇ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਜਾ ਰਹੇ ਹਨ, ਜਿਸ 'ਤੇ ਪੁਲਸ ਨੇ ਲੇਬਰ ਕਾਲੋਨੀ ਦੇ ਕੋਲ ਸਪੈਸ਼ਨ ਨਾਕਾਬੰਦੀ ਦੌਰਾਨ ਸਾਹਮਣਿਓਂ ਆ ਰਹੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਮੋਟਰਸਾਈਕਲ ਦੇ ਦਸਤਾਵੇਜ਼ ਰੱਖਣ ਵਾਲੇ ਹਿੱਸੇ 'ਚੋਂ 350 ਗ੍ਰਾਮ ਹੈਰੋਇਨ ਬਰਾਮਦ ਕੀਤੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕਰੀਬ ਪੌਣੇ 2 ਕਰੋੜ ਕੀਮਤ ਦੱਸੀ ਜਾ ਰਹੀ ਹੈ। ਪੁਲਸ ਨੇ ਤੁਰੰਤ ਦੋਵੇਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੀ ਜਾਂਚ ਕਪਿਲ ਸ਼ੈਲੀ (35) ਪੁੱਤਰ ਵਿਨੋਦ ਸ਼ੈਲੀ, ਵਾਸੀ ਬੈਂਕ ਕਾਲੋਨੀ ਜਮਾਲਪੁਰ ਲੁਧਿਆਣਾ ਅਤੇ ਰਾਜਾ (30) ਪੁੱਤਰ ਜਿੰਦਰ ਕੁਮਾਰ ਵਾਸੀ ਪੁਰਾਣੀ ਚੁੰਗੀ ਗੁਰਥਲੀ ਗੇਟ ਅੰਮ੍ਰਿਤਸਰ ਵਜੋਂ ਕੀਤੀ ਗਈ, ਜਿਨ੍ਹਾਂ ਖਿਲਾਫ ਮੋਹਾਲੀ ਐੱਸ. ਟੀ. ਐੱਫ. ਥਾਣੇ 'ਚ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਅੰਮ੍ਰਿਤਸਰ ਤੋਂ ਸਸਤੇ ਰੇਟ 'ਚ ਖਰੀਦ ਕੇ ਲਿਆਏ ਹੈਰੋਇਨ
ਇੰਚਾਰਜ ਹਰਬੰਸ ਸਿੰਘ ਰਹਿਲ ਨੇ ਦੱਸਿਆ ਕਿ ਦੋਵੇਂ ਨਸ਼ਾ ਸਮੱਗਲਰ ਕਰੀਬ ਇਕ ਸਾਲ ਤੋਂ ਮਿਲ ਕੇ ਹੈਰੋਇਨ ਵੇਚਣ ਦਾ ਕੰਮ ਕਰ ਰਹੇ ਹਨ, ਜਦੋਂਕਿ ਦੋਸ਼ੀ ਕਪਿਲ ਸ਼ੈਲੀ ਖੁਦ ਵੀ ਨਸ਼ਾ ਕਰਨ ਦਾ ਆਦੀ ਹੈ ਅਤੇ ਇਹ ਹੈਰੋਇਨ ਦੀ ਖੇਪ ਅੰਮ੍ਰਿਤਸਰ ਤੋਂ ਕਿਸੇ ਨਸ਼ਾ ਸਮੱਗਲਰ ਤੋਂ ਥੋਕ ਦੇ ਭਾਅ ਸਸਤੇ ਰੇਟ 'ਚ ਖਰੀਦ ਕੇ ਲਿਆਏ ਹਨ ਅਤੇ ਲੁਧਿਆਣਾ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਆਪਣੇ ਗਾਹਕਾਂ ਨੂੰ ਪਰਚੂਨ ਵਿਚ ਮਹਿੰਗੇ ਮੁੱਲ ਵੇਚਣ ਜਾ ਰਹੇ ਸਨ। ਦੋਸ਼ੀ ਹੈਰੋਇਨ ਵੇਚ ਕੇ ਕਮਾਇਆ ਮੁਨਾਫਾ ਆਪਸ ਵਿਚ ਵੰਡ ਲੈਂਦੇ ਸਨ। ਦੋਸ਼ੀਆਂ ਨੂੰ ਅੱਜ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਲੈ ਕੇ ਉਨ੍ਹਾਂ ਦੇ ਬਾਕੀ ਸਾਥੀਆਂ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ।
ਆਰਮੀ ਹੈੱਡ-ਕੁਆਰਟਰ 'ਚ ਗੋਲੀ ਲੱਗਣ ਨਾਲ ਜਵਾਨ ਦੀ ਮੌਤ
NEXT STORY