ਸੁਲਤਾਨਪੁਰ ਲੋਧੀ (ਧੀਰ, ਸੋਢੀ, ਅਸ਼ਵਨੀ)-ਜਦੋਂ ਸਾਲ 2025 ਦੇ ਬੀਤਣ ਲਈ ਦਿਨ ਉਂਗਲਾਂ ’ਤੇ ਗਿਣੇ ਜਾਣ ਲੱਗ ਪਏ ਹਨ, ਤਾਂ ਇਹ ਸਾਲ ਆਪਣੇ ਨਾਲ ਅਨੇਕਾਂ ਮਿੱਠੀਆਂ ਅਤੇ ਯਾਦਗਾਰ ਘੜੀਆਂ ਵੀ ਛੱਡ ਕੇ ਜਾ ਰਿਹਾ ਹੈ। ਇਨ੍ਹਾਂ ਯਾਦਾਂ ਨੂੰ ਯਾਦ ਕਰਦਿਆਂ ਮਨ ਖ਼ੁਸ਼ੀ ਨਾਲ ਭਰ ਉੱਠਦਾ ਹੈ। ਸੁਲਤਾਨਪੁਰ ਲੋਧੀ ਜਿਸ ਨੂੰ ਬਾਬੇ ਨਾਨਕ ਦੀ ਧਰਤੀ ਵਜੋਂ ਸਨਮਾਨ ਮਿਲਿਆ ਹੋਇਆ ਹੈ, ਉਹੀ ਧਰਤੀ ਹੈ, ਜਿੱਥੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਸਰਬਸਾਂਝੀਵਾਲਤਾ ਦਾ ਮਹਾਨ ਸੁਨੇਹਾ ਦਿੱਤਾ। ਪਵਿੱਤਰ ਵੇਈਂ ਜਿਸ ਨੂੰ ਬਾਣੀ ਦੇ ਆਗਮਨ ਦਾ ਅਸਥਾਨ ਮੰਨਿਆ ਜਾਂਦਾ ਹੈ, ਕਦੇ ਭਾਰੀ ਪ੍ਰਦੂਸ਼ਣ ਦਾ ਸ਼ਿਕਾਰ ਹੋ ਚੁੱਕੀ ਸੀ। ਇਸ ਦੀ ਕਾਰ ਸੇਵਾ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਜੁਲਾਈ 2000 ਵਿੱਚ ਆਰੰਭ ਕੀਤੀ ਗਈ, ਜੋ ਜੁਲਾਈ 2025 ਵਿਚ ਸਫ਼ਲਤਾਪੂਰਵਕ ਸੰਪੂਰਨ ਹੋਈ। ਅੱਜ ਵੇਈਂ ਦਾ ਪਾਣੀ ਇੰਨਾ ਨਿਰਮਲ ਹੈ ਕਿ ਉਸ ਨੂੰ ਸਿੱਧਾ ਪੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਦਿਨ-ਦਿਹਾੜੇ ਦੁਕਾਨ ਤੋਂ 50 ਹਜ਼ਾਰ ਦੀ ਨਕਦੀ ਚੋਰੀ, CCTV ਵੇਖ ਉੱਡਣਗੇ ਹੋਸ਼

ਪਵਿੱਤਰ ਵੇਈਂ ਦੀ 25ਵੀਂ ਵਰ੍ਹੇਗੰਢ ਸਾਲ 2025 ਦੌਰਾਨ ਚਰਚਾ ਦਾ ਕੇਂਦਰ ਬਣੀ ਰਹੀ। ਇਸੇ ਸਾਲ ਵੇਈਂ ਨੂੰ ਦੇਸ਼ ਦੀ ਪਹਿਲੀ ਅਜਿਹੀ ਨਦੀ ਹੋਣ ਦਾ ਮਾਣ ਮਿਲਿਆ, ਜੋ ਪਲੀਤ ਹੋਣ ਤੋਂ ਬਾਅਦ ਮੁੜ ਪੁਰਾਤਨ ਸਮਿਆਂ ਵਾਂਗ ਨਿਰਮਲ ਹੋ ਕੇ ਵਗਣ ਲੱਗੀ। ਇਹ ਪੰਜਾਬ ਲਈ ਵੱਡੀ ਮਾਣ ਦੀ ਗੱਲ ਹੈ ਕਿ ਬਾਬੇ ਨਾਨਕ ਦੀ ਵੇਈਂ ਨੇ ਸਾਲ-2025 ਵਿਚ ਦੇਸ਼ ਦੀਆਂ ਹੋਰ ਨਦੀਆਂ ਅਤੇ ਦਰਿਆਵਾਂ ਲਈ ਰੋਲ ਮਾਡਲ ਵਜੋਂ ਆਪਣੀ ਪਛਾਣ ਬਣਾਈ।

ਨਿਰਮਲ ਹੋਈ ਪਵਿੱਤਰ ਵੇਈਂ ਦੀ ਸਫ਼ਲਤਾ ਵਾਤਾਵਰਣਕ ਪੱਖੋਂ ਵਾਤਾਵਰਣ ਪ੍ਰੇਮੀਆਂ ਵਿਚ ਖ਼ਾਸ ਚਰਚਾ ਦਾ ਵਿਸ਼ਾ ਰਹੀ। ਇਸੇ ਕਾਰ ਸੇਵਾ ਮਾਡਲ ਨੂੰ ਅਪਣਾਉਂਦਿਆਂ ਹੁਣ ਪੰਜਾਬ ਦੇ ਸਭ ਤੋਂ ਵੱਧ ਪਲੀਤ ਬੁੱਢੇ ਦਰਿਆ ਨੂੰ ਸਾਫ਼ ਕਰਨ ਦੀ ਪ੍ਰਕਿਰਿਆ ਵੀ ਅਮਲ ਵਿਚ ਲਿਆਂਦੀ ਜਾ ਰਹੀ ਹੈ। 25ਵੀਂ ਵਰ੍ਹੇਗੰਢ ਮੌਕੇ ਲੋਧੀਆ ਦੇ ਅੰਸ਼-ਵੰਸ਼ ਨਾਲ ਸਬੰਧਤ ਐੱਨ. ਜੀ. ਟੀ. ਦੇ ਜੱਜ ਸਾਹਿਬ ਅਫਰੋਜ਼ ਅਹਿਮਦ ਵੀ ਵਾਤਾਵਰਣ ਕਾਨਫਰੰਸ ਵਿੱਚ ਸ਼ਿਰਕਤ ਕਰਨ ਪਹੁੰਚੇ। ਵਰ੍ਹੇਗੰਢ ਸਮਾਗਮਾਂ ਦੌਰਾਨ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਜ਼ਰੀ ਭਰੀ, ਉੱਥੇ ਹੀ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਵੀ ਸ਼ਮੂਲੀਅਤ ਕਰਦਿਆਂ ਬਾਬੇ ਨਾਨਕ ਦੀ ਸਾਂਝੀਵਾਲਤਾ ਦੇ ਸੁਨੇਹੇ ਨੂੰ ਦੁਹਰਾਇਆ ਅਤੇ ਪੰਜਾਬ ਵਾਸੀਆਂ ਨੂੰ ਏਕਤਾ ਅਤੇ ਇਕਮੁਠਤਾ ਨਾਲ ਰਹਿਣ ਦੀ ਅਪੀਲ ਕੀਤੀ। ਇਸੇ ਵਰ੍ਹੇਗੰਢ ਨੂੰ ਸਮਰਪਿਤ ਇਕ ਮੈਂਬਰ ਪਾਰਲੀਮੈਂਟ ਵੱਲੋਂ ਪਹਿਲੀ ਵਾਰ ਇੱਕੋ ਦਿਨ 25 ਪਾਣੀ ਵਾਲੀਆਂ ਟੈਂਕੀਆਂ ਵੱਖ-ਵੱਖ ਪਿੰਡਾਂ ਨੂੰ ਸਮਰਪਿਤ ਕੀਤੀਆਂ ਗਈਆਂ, ਜੋ ਲੋਕ-ਹਿਤ ਵਿਚ ਇਕ ਅਹਿਮ ਕਦਮ ਸਾਬਤ ਹੋਇਆ।
ਇਹ ਵੀ ਪੜ੍ਹੋ: ਪੰਜਾਬ 'ਚ ਭਗਵਾਨਪੁਰੀਆ ਗੈਂਗ ਦੇ ਗੈਂਗਸਟਰਾਂ ਦਾ ਵੱਡਾ ਐਨਕਾਊਂਟਰ! ਚੱਲੀਆਂ ਤਾੜ-ਤਾੜ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹਰਿਆਣਾ ਦੇ CM ਨਾਇਬ ਸੈਣੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਟੇਕਣਗੇ ਮੱਥਾ
NEXT STORY