ਬੁਢਲਾਡਾ (ਬਾਂਸਲ) : ਸਥਾਨਕ ਮਾਨਸਾ ਪੁਲਸ ਵੱਲੋਂ ਪਿਸਤੌਲ ਦੀ ਨੋਕ 'ਤੇ ਕਰਿਆਨੇ ਦੀ ਦੁਕਾਨ 'ਚ ਲੁੱਟ ਦੀ ਕੋਸ਼ਿਸ਼ ਕਰਨ ਵਾਲੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕੋਲੋਂ 2 ਦੇਸੀ ਪਿਸਤੌਲ ਕੱਟਾ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਅੱਜ ਇਸ ਸਬੰਧੀ ਪੁਲਸ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਅਤੇ ਬਰਾਮਦ ਕੀਤੇ ਹਥਿਆਰਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਐੱਸ. ਐੱਸ. ਪੀ. ਮਾਨਸਾ ਭਾਗੀਰਥ ਮੀਨਾ ਦੀ ਅਗਵਾਈ ਹੇਠ ਮੌਜੂਦ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ 23 ਦਸੰਬਰ ਨੂੰ ਰੇਲਵੇ ਓਵਰਬ੍ਰਿਜ ਹੇਠਾਂ ਕਰਿਆਨੇ ਦੀ ਦੁਕਾਨ ਦੇ ਮਾਲਕ ਜੈਕੀ ਸਿੰਗਲਾ ਪੁੱਤਰ ਸੁਰੇਸ਼ ਕੁਮਾਰ ਵਾਸੀ ਬੁਢਲਾਡਾ ਨੇ ਬਿਆਨ ਲਿਖਵਾਇਆ ਕਿ 2 ਨੌਜਵਾਨਾਂ ਨੇ ਉਸਦੀ ਦੁਕਾਨ 'ਤੇ ਆ ਕੇ ਪਿਸਤੌਲ ਦੀ ਨੋਕ 'ਤੇ ਉਸ ਕੋਲੋਂ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ।
ਮੌਕੇ 'ਤੇ ਉਸ ਨੇ ਰੌਲਾ ਪਾ ਦਿੱਤਾ ਤਾਂ ਉਕਤ ਦੋਵੇਂ ਭੱਜ ਗਏ। ਇਸ ਸਬੰਧੀ ਮੁਕੱਦਮਾ ਦਰਜ ਕਰਦਿਆਂ ਪੁਲਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੀ. ਐੱਸ. ਪੀ. ਬੁਢਲਾਡਾ ਗਮਦੂਰ ਸਿੰਘ ਚਹਿਲ ਦੀ ਨਿਗਰਾਨੀ ਹੇਠ ਇੰਚਾਰਜ ਸੀ. ਆਈ. ਏ. ਸਟਾਫ਼ ਮਾਨਸਾ ਅਤੇ ਮੁੱਖ ਅਫ਼ਸਰ ਥਾਣਾ ਸਿਟੀ ਬੁਢਲਾਡਾ ਦੀ ਪੁਲਸ ਟੀਮ ਦਾ ਗਠਨ ਕੀਤਾ ਗਿਆ ਸੀ। ਇਸ ਟੀਮ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਵਿਗਿਆਨਕ ਢੰਗ ਨਾਲ ਤਫ਼ਤੀਸ਼ ਕਰਕੇ ਜਗਤਾਰ ਸਿੰਘ ਉਰਫ਼ ਕਾਕਾ ਪਟਵਾਰੀ ਪੁੱਤਰ ਹਰਬੰਸ ਸਿੰਘ ਵਾਸੀ ਟਾਹਲੀਆ, ਦਲਜੀਤ ਸਿੰਘ ਉਰਫ਼ ਦੱਲੀ ਪੁੱਤਰ ਗੁਰਦੀਪ ਸਿੰਘ ਵਾਸੀ ਆਲਮਪੁਰ ਮੰਦਰਾਂ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ।
ਇਨ੍ਹਾਂ ਪਾਸੋਂ ਦੌਰਾਨੇ ਤਫ਼ਤੀਸ਼ ਇੱਕ ਦੇਸੀ ਪਿਸਤੌਲ ਸਮੇਤ ਜ਼ਿੰਦਾ ਕਾਰਤੂਸ ਬਰਾਮਦ ਕੀਤਾ ਗਿਆ। ਉਨ੍ਹਾਂ ਨੇ ਦੌਰਾਨੇ ਤਫਤੀਸ਼ ਦੱਸਿਆ ਕਿ ਉਕਤ ਅਸਲਾ ਸੁਖਵਿੰਦਰ ਸਿੰਘ ਉਰਫ਼ ਕਾਲੂ ਪੁੱਤਰ ਜਗਦੀਸ਼ ਸਿੰਘ ਵਾਸੀ ਆਲਮਪੁਰ ਮੰਦਰਾਂ ਪਾਸੋਂ 15000 ਰੁਪਏ 'ਚ ਖ਼ਰੀਦਿਆ ਸੀ। ਇਸ 'ਤੇ ਸੁਖਵਿੰਦਰ ਸਿੰਘ ਉਰਫ਼ ਕਾਲੂ ਉਕਤ ਨੂੰ ਵੀ ਮੁਕੱਦਮੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਕੋਲੋਂ ਵੀ ਇੱਕ ਦੇਸੀ ਪਿਸਤੌਲ (ਕੱਟਾ) ਸਮੇਤ ਕਾਰਤੂਸ ਜ਼ਿੰਦਾ ਬਰਾਮਦ ਕੀਤਾ ਗਿਆ ਹੈ। ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।
70 ਸਾਲ ਤੋਂ ਉੱਪਰ ਦੇ ਬਜ਼ੁਰਗ ਮੁਫ਼ਤ ਕਰਵਾ ਸਕਣਗੇ ਇਲਾਜ
NEXT STORY