ਫਗਵਾੜਾ (ਜਲੋਟਾ) - ਐੱਸ.ਐੱਸ.ਪੀ. ਕਪੂਰਥਲਾ ਗੌਰਵ ਤੂਰਾ ਦੀ ਅਗਵਾਈ ਹੇਠ ਫਗਵਾੜਾ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਗੈਂਗਸਟਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਸੀ.ਆਈ.ਏ. ਸਟਾਫ ਫਗਵਾੜਾ ਦੀ ਪੁਲਸ ਨੇ ਥਾਣਾ ਸਤਨਾਮਪੁਰਾ ਦੀ ਪੁਲਸ ਨਾਲ ਮਿਲ ਕੇ ਇਲਾਕੇ ਵਿੱਚ ਸਰਗਰਮ ਇੱਕ ਖਤਰਨਾਕ ਲੁਟੇਰਾ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
ਅੱਜ ਫਗਵਾੜਾ ਵਿੱਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸ.ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਗੈਂਗਸਟਰਾਂ ਦੀ ਪਛਾਣ ਮਧੁਰ ਮੱਗੂ ਉਰਫ ਨੰਨੂ ਪੁੱਤਰ ਰਾਕੇਸ਼ ਕੁਮਾਰ ਵਾਸੀ ਮੁਹੱਲਾ ਬੇਦਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ, ਗੁਰਪ੍ਰੀਤ ਸਿੰਘ ਉਰਫ ਗੌਰਵ ਪੁੱਤਰ ਸੁਰਿੰਦਰ ਸਿੰਘ ਵਾਸੀ ਬਲਾਚੌਰ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਆਫਤਾਬ ਉਰਫ ਸੌਰਭ ਪੁੱਤਰ ਆਲਮ ਵਾਸੀ ਲਾਲ ਪੈਲੇਸ ਸ਼ਮਸ਼ਾਨ ਘਾਟ ਰੋਡ, ਫਗਵਾੜਾ ਵਜੋਂ ਹੋਈ ਹੈ।
ਐੱਸ.ਪੀ. ਭੱਟੀ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਗੈਂਗਸਟਰਾਂ ਕੋਲੋਂ ਲੁੱਟੀ ਗਈ ਸੋਨੇ ਦੀ ਚੇਨ , ਬਿਨਾਂ ਨੰਬਰ ਵਾਲਾ ਇਕ ਮੋਟਰਸਾਈਕਲ, ਤੇਜ਼ਧਾਰ ਹਥਿਆਰ, ਇਕ ਅਸਲੀ ਪਿਸਤੌਲ (32 ਬੋਰ) ਅਤੇ ਦੋ ਨਕਲੀ ਖਿਡੌਣਾ ਪਿਸਤੌਲਾਂ ਆਦਿ ਬਰਾਮਦ ਕੀਤੀਆਂ ਹਨ। ਮੁਲਜ਼ਮ ਗੈਂਗਸਟਰ ਫਗਵਾੜਾ, ਹੁਸ਼ਿਆਰਪੁਰ ਤੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ’ਚ ਗੰਭੀਰ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਇਨ੍ਹਾਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ।
ਐੱਸ.ਪੀ. ਭੱਟੀ ਨੇ ਦੱਸਿਆ ਕਿ ਇਸੇ ਗਿਰੋਹ ਨੇ ਫਗਵਾੜਾ ਦੇ ਰਾਜਾ ਗਾਰਡਨ ਇਲਾਕੇ ਵਿਚ ਆਪਣੇ ਘਰ ਦੇ ਬਾਹਰ ਧੁੱਪ ਸੇਕ ਰਹੀਆਂ ਔਰਤਾਂ ਤੋਂ ਸੋਨੇ ਦੀ ਚੇਨ ਲੁੱਟੀ ਸੀ। ਇਹ ਵਾਰਦਾਤ ਅਤੇ ਸਾਰਾ ਮਾਮਲਾ ਲੋਕਾਂ ਵਿੱਚ ਭਾਰੀ ਚਰਚਾ ਅਤੇ ਦਹਿਸ਼ਤ ਦਾ ਵਿਸ਼ਾ ਬਣਿਆ ਹੋਇਆ ਸੀ ਪਰ ਹੁਣ ਪੁਲਸ ਵੱਲੋਂ ਉਕਤ ਗੈਂਗਸਟਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਨ੍ਹਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਤਿੰਨਾਂ ਮੁਲਜ਼ਮਾਂ ਨੂੰ ਜਲਦੀ ਹੀ ਅਦਾਲਤ ਵਿੱਚ ਪੇਸ਼ ਕਰ ਇਨ੍ਹਾਂ ਨੂੰ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਪੁਲਸ ਪੁੱਛਗਿੱਛ ਦੌਰਾਨ ਇਨ੍ਹਾਂ ਤੋਂ ਕਈ ਹੋਰ ਸਨਸਨੀਖੇਜ਼ ਖੁਲਾਸੇ ਹੋਣਗੇ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮੁੰਡੇ ਨੂੰ ਸਕੂਲ ਛੱਡਣ ਗਿਆ ਨਾ ਮੁੜਿਆ ਬੰਦਾ, ਮਾਮਲਾ ਹੋਇਆ ਦਰਜ
NEXT STORY