ਅੰਮ੍ਰਿਤਸਰ (ਦਲਜੀਤ)- ਬੀਤੀ ਰਾਤ ਗੁਰੂ ਨਾਨਕ ਦੇਵ ਹਸਪਤਾਲ ’ਚ ਮੈਡੀਕਲ ਵਿਦਿਆਰਥੀ ਨੇ ਪੋਸਟ ਗ੍ਰੈਜੂਏਸ਼ਨ ਕਰ ਰਹੀਆਂ ਵਿਦਿਆਰਥਣਾਂ ਛੇੜਛਾੜ ਕੀਤੀ। ਇਸ ਘਟਨਾ ਤੋਂ ਬਾਅਦ ਮੈਡੀਕਲ ਵਿਸ਼ੇ ਦੀ ਪੜ੍ਹਾਈ ਕਰ ਰਹੀਆਂ ਮਹਿਲਾ ਡਾਕਟਰਾਂ ’ਚ ਭਾਰੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਪਹਿਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜੂਨੀਅਰ ਮਹਿਲਾ ਡਾਕਟਰਾਂ ਨਾਲ ਛੇੜਛਾੜ ਕਰਨ ਵਾਲੇ ਮੈਡੀਕਲ ਵਿਦਿਆਰਥੀ ਸਨ।
ਜਾਣਕਾਰੀ ਅਨੁਸਾਰ ਗੁਰੂ ਨਾਨਕ ਦੇਵ ਹਸਪਤਾਲ ਵਿਚ ਅਕਸਰ ਚੋਰੀ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਪਰ ਬੀਤੀ ਰਾਤ ਇਹ ਤਿੰਨੇ ਵਿਦਿਆਰਥਣਾਂ ਮੈਡੀਕਲ ਕਾਲਜ ਦੇ ਰੇਡੀਓ ਡਾਇਗਨੋਸਟਿਕ ਵਿਭਾਗ ਵਿਚ ਪੋਸਟ ਗ੍ਰੈਜੂਏਸ਼ਨ ਕਰ ਰਹੀਆਂ ਸਨ, ਨੂੰ ਰਾਤ ਕਰੀਬ 11 ਵਜੇ ਕੰਮ ਖ਼ਤਮ ਕਰ ਕੇ ਤਿੰਨੋਂ ਇਕੱਠੀਆਂ ਵਿਭਾਗ ਤੋਂ ਬਾਹਰ ਨਿਕਲ ਕੇ ਪਾਰਕਿੰਗ ਵਿਚ ਖੜ੍ਹੀ ਗੱਡੀ ਕੋਲ ਜਾ ਰਹੀਆਂ ਸਨ ਤਾਂ ਨੇੜੇ ਖੜ੍ਹੇ ਕੁਝ ਨੌਜਵਾਨਾਂ ਨੇ ਉਨ੍ਹਾਂ ਨਾਲ ਛੇੜਛਾੜ ਕੀਤੀ। ਵਿਦਿਆਰਥਣਾਂ ਨੂੰ ਦੇਖ ਕੇ ਇਨ੍ਹਾਂ ਨੌਜਵਾਨਾਂ ਨੇ ਅਸ਼ਲੀਲ ਇਸ਼ਾਰੇ ਕੀਤੇ ਅਤੇ ਭੱਦੀਆਂ ਟਿੱਪਣੀਆਂ ਕੀਤੀਆਂ। ਇਕ ਵਿਦਿਆਰਥਣ ਨੇ ਦੱਸਿਆ ਕਿ ਅਸੀਂ ਤਿੰਨੋਂ ਡਰ ਗਈਆਂ ਸੀ, ਹਨੇਰਾ ਹੋਣ ਕਰ ਕੇ ਉਥੇ ਕੋਈ ਵੀ ਨਹੀਂ ਸੀ। ਜਦੋਂ ਉਹ ਪਾਰਕਿੰਗ ਵੱਲ ਵੱਧਣ ਲੱਗੀਆਂ ਤਾਂ ਇਹ ਨੌਜਵਾਨਾਂ ਉਨ੍ਹਾਂ ਦੇ ਪਿੱਛੇ ਆ ਗਏ ਅਤੇ ਘੇਰ ਲਿਆ। ਬੜੀ ਮੁਸ਼ੱਕਤ ਨਾਲ ਉਨ੍ਹਾਂ ਨੇ ਆਪਣੀ ਐਕਟਿਵਾ ਸਟਾਰਟ ਕੀਤੀ ਅਤੇ ਉਥੋਂ ਚੱਲੀਆਂ ਗਈਆਂ। ਇਸ ਘਟਨਾ ਦੀ ਸਾਰੀ ਜਾਣਕਾਰੀ ਉਕਤ ਵਿਦਿਆਰਥਣਾਂ ਨੇ ਸੂਚਨਾ ਵਿਭਾਗ ਦੇ ਮੁਖੀ ਨੂੰ ਦਿੱਤੀ।
ਇਹ ਵੀ ਪੜ੍ਹੋ- 13 ਸਾਲਾ ਗੁਰਸ਼ਾਨ ਸਿੰਘ ਦੀਆਂ ਕੈਨੇਡਾ 'ਚ ਧੁੰਮਾਂ, ਰੌਸ਼ਨ ਕੀਤਾ ਪੰਜਾਬ ਦਾ ਨਾਂ
ਵਿਭਾਗ ਦੀ ਮੁਖੀ ਡਾ. ਪੂਨਮ ਓਹਰੀ ਨੇ ਇਸ ਦੀ ਸੂਚਨਾ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਦੇ ਦਿੱਤੀ ਹੈ ਪਰ ਵਿਦਿਆਰਥਣਾਂ ਇੰਨੀਆਂ ਡਰੀਆਂ ਹੋਈਆਂ ਹਨ ਕਿ ਉਹ ਪੁਲਸ ਕੋਲ ਜਾਣ ਤੋਂ ਵੀ ਗੁਰੇਜ਼ ਕਰ ਰਹੀਆਂ ਹਨ। ਦੂਜੇ ਪਾਸੇ ਮੈਡੀਕਲ ਵਿਸ਼ੇ ਦੀ ਪੜ੍ਹਾਈ ਕਰ ਰਹੀਆਂ ਕਈ ਮਹਿਲਾ ਡਾਕਟਰਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਉਹ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਦਹਿਸ਼ਤ ਵਿਚ ਹਨ ਅਤੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ।
ਹਸਪਤਾਲ ਹੈ ਵੱਡਾ, ਸੁਰੱਖਿਆ ਕਰਮਚਾਰੀ ਹਨ ਸਿਰਫ਼ 33
ਪੰਜਾਬ ਸਰਕਾਰ ਨੇ ਹਸਪਤਾਲ ਦੀ ਸੁਰੱਖਿਆ ਲਈ 33 ਕਰਮਚਾਰੀ ਤਾਇਨਾਤ ਕੀਤੇ ਹਨ। ਇਸ ਦੇ ਬਾਵਜੂਦ ਇੱਥੇ ਕੋਈ ਸੁਰੱਖਿਆ ਘੇਰਾ ਨਹੀਂ ਬਣ ਰਿਹਾ। ਅਸਲ ਵਿਚ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿਸ਼ਾਲ ਚੌਗਿਰਦੇ ਅਤੇ ਵੱਖ-ਵੱਖ ਵਿਭਾਗਾਂ ਅਤੇ ਵਾਰਡਾਂ ਦੀ ਸੁਰੱਖਿਆ ਲਈ ਇਹ ਮੁਲਾਜ਼ਮ ਨਾਕਾਫ਼ੀ ਹਨ। ਇੱਥੇ ਘੱਟੋ-ਘੱਟ 150 ਮੁਲਾਜ਼ਮਾਂ ਦੀ ਲੋੜ ਹੈ। ਦੂਜੇ ਪਾਸੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਬਹੁਤ ਵੱਡਾ ਹੈ ਅਤੇ ਇੱਥੇ ਸਿਰਫ਼ 33 ਸੁਰੱਖਿਆ ਮੁਲਾਜ਼ਮ ਹਨ, 65 ਮੁਲਾਜ਼ਮਾਂ ਦੀ ਤਜਵੀਜ਼ ਤਿਆਰ ਕਰ ਕੇ ਸਰਕਾਰ ਨੂੰ ਭੇਜ ਦਿੱਤੀ ਗਈ ਹੈ, ਇਕ-ਦੋ ਦਿਨਾਂ ਵਿਚ ਨਵੇ ਮੁਲਾਜ਼ਮ ਆਉਣ ਨਾਲ ਸੁਰੱਖਿਆ ਹੋਰ ਵਧਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੇ ਆਖਰੀ ਦਰਸ਼ਨਾਂ ਲਈ ਪਹੁੰਚੇ OP ਸੋਨੀ
90 ਲੱਗੇ ਹਨ ਕੈਮਰੇ, 50 ਹੋਰ ਲਗਾਉਣ ਦੀ ਹੈ ਵਿਵਸਥਾ
ਗੁਰੂ ਨਾਨਕ ਦੇਵ ਹਸਪਤਾਲ ਦੇ ਇੰਚਾਰਜ ਅਤੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਕੰਪਲੈਕਸ ਵਿਚ 90 ਕੈਮਰੇ ਲਗਾਏ ਗਏ ਹਨ ਜਦਕਿ 50 ਹੋਰ ਕੈਮਰੇ ਲਗਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਹਸਪਤਾਲ ਦੇ ਕਈ ਕੋਨੇ ਅਜਿਹੇ ਹਨ ਜਿੱਥੇ ਕੈਮਰੇ ਨਹੀਂ ਲਗਾਏ ਗਏ ਹਨ ਪਰ ਹੁਣ ਉਥੇ ਵੀ ਕੈਮਰੇ ਲਗਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਜਿੱਥੇ ਇਹ ਘਟਨਾ ਵਾਪਰੀ ਉੱਥੇ ਰੇਡੀਓ ਡਾਇਗਨੋਸਟਿਕ ਵਿਭਾਗ ਦੇ ਬਾਹਰ ਕੋਈ ਕੈਮਰਾ ਨਹੀਂ ਹੈ।
ਹਸਪਤਾਲ ’ਚ ਐਂਟਰੀ ’ਤੇ ਨਹੀਂ ਰੋਕਿਆ ਜਾਂਦਾ ਬਾਹਰੀ ਲੋਕਾਂ ਨੂੰ
ਗੁਰੂ ਨਾਨਕ ਦੇਵ ਹਸਪਤਾਲ ਦੇ ਸਾਈਕਲ ਸਟੈਂਡ ਦਾ ਠੇਕਾ ਪ੍ਰਾਈਵੇਟ ਲੋਕਾਂ ਨੂੰ ਦਿੱਤਾ ਗਿਆ ਹੈ, ਇਹ ਲੋਕ ਸਿਰਫ਼ ਆਪਣੇ ਵਾਹਨਾਂ ਦੇ ਪੈਸੇ ਲੈਣ ਲਈ ਬਾਹਰੀ ਲੋਕਾਂ ਨੂੰ ਰੋਕਦੇ ਹਨ ਅਤੇ ਖੁਦ ਰੱਸੀ ਲਗਾ ਕੇ ਜ਼ਬਰਦਸਤੀ ਪੈਸੇ ਨਾ ਦੇਣ ਵਾਲਿਆਂ ਨਾਲ ਉਲਝ ਪੈਂਦੇ ਹਨ। ਕਈ ਲੋਕ ਤਾਂ ਇਸ ਰੱਸੀ ਨਾਲ ਅੱਟਕ ਕੇ ਡਿੱਗ ਕੇ ਜ਼ਖ਼ਮੀ ਵੀ ਹੋ ਜਾਂਦੇ ਹਨ। ਸਥਾਨਕ ਪ੍ਰਸ਼ਾਸਨ ਵੱਲੋਂ ਬਾਹਰਲੇ ਐਂਟਰੀ ਗੇਟ ’ਤੇ ਕਿਸੇ ਵੀ ਪ੍ਰਾਈਵੇਟ ਵਿਅਕਤੀ ਦੀ ਚੈਕਿੰਗ ਕਰਨ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਨਾ ਹੀ ਥਾਂ-ਥਾਂ ’ਤੇ ਘੁੰਮਣ ਵਾਲੇ ਲੋਕਾਂ ’ਤੇ ਸ਼ਿਕੰਜਾ ਕੱਸਣ ਦਾ ਕੋਈ ਪ੍ਰਬੰਧ ਹੈ। ਇਸ ਗੱਲ ਦੀ ਵੀ ਜਾਂਚ ਨਹੀਂ ਕੀਤੀ ਜਾਂਦੀ ਹੈ ਮੇਨ ਐਂਟਰੀ ਕਰਨ ਵਾਲੇ ਵਿਅਕਤੀ ਕੋਲ ਕੋਈ ਹਥਿਆਰ ਹੈ ਜਾਂ ਕੋਈ ਹੋਰ ਇਤਰਾਜ਼ਯੋਗ ਚੀਜ਼, ਹਾਲਾਂਕਿ ਹਸਪਤਾਲ ਪ੍ਰਸ਼ਾਸਨ ਦਾ ਤਰਕ ਹੈ ਕਿ ਜਲਦ ਹੀ ਐਂਟਰੀ ਦੁਆਰਾ ਲਗਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਬੱਸ ਦੀਆਂ ਬ੍ਰੇਕਾਂ ਫ਼ੇਲ ਹੋਣ ਕਾਰਨ ਵਾਪਰਿਆ ਵੱਡਾ ਹਾਦਸਾ, 24 ਸਵਾਰੀਆਂ ਜ਼ਖ਼ਮੀ
ਮਾਮਲੇ ਦੀ ਡੂੰਘਾਈ ਨਾਲ ਹੋਵੇਗੀ ਜਾਂਚ
ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਮੁੱਢਲੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਨ੍ਹਾਂ ਮਹਿਲਾ ਡਾਕਟਰਾਂ ਨਾਲ ਛੇੜਛਾੜ ਹੋਈ ਹੈ, ਉਨ੍ਹਾਂ ਨਾਲ ਘਟਨਾ ਨੂੰ ਅੰਜਾਮ ਦੇਣ ਵਾਲੇ ਮੈਡੀਕਲ ਵਿਦਿਆਰਥੀ ਹਨ, ਜੋ ਕਿ ਬਾਹਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
13 ਸਾਲਾ ਗੁਰਸ਼ਾਨ ਸਿੰਘ ਦੀਆਂ ਕੈਨੇਡਾ 'ਚ ਧੁੰਮਾਂ, ਰੌਸ਼ਨ ਕੀਤਾ ਪੰਜਾਬ ਦਾ ਨਾਂ
NEXT STORY