ਰੂਪਨਗਰ, (ਕੈਲਾਸ਼)- ਜ਼ਿਲਾ ਬਾਰ ਐਸੋਸੀਏਸ਼ਨ ਰੂਪਨਗਰ ਦੀਆਂ 6 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਲਈ ਗਤੀਵਿਧੀਆਂ ਤੇਜ਼ ਹੋ ਗਈਆਂ ਹਨ ਅਤੇ ਪ੍ਰਧਾਨਗੀ ਦੇ ਅਹੁਦੇ ਲਈ ਦੋ ਸੀਨੀਅਰ ਐਡਵੋਕੇਟਾਂ ਜਿਨ੍ਹਾਂ 'ਚ ਅਮਰਿੰਦਰਪ੍ਰੀਤ ਸਿੰਘ ਬਾਵਾ ਅਤੇ ਧੀਰਜ ਕੌਸ਼ਲ, ਦੀ ਸਿੱਧੀ ਟੱਕਰ ਹੈ।
ਇਸ ਵਾਰ ਵਕੀਲਾਂ ਦੀ ਚੋਣ ਵੀ ਇਸ ਲਈ ਅਹਿਮ ਬਣ ਰਹੀ ਹੈ ਕਿ ਉਕਤ ਦੋਵੇਂ ਉਮੀਦਵਾਰ ਵਕੀਲਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਨੂੰ ਮੁੱਦਾ ਬਣਾ ਕੇ ਆਪਣੇ ਵਕੀਲ ਭਾਈਚਾਰੇ ਤੋਂ ਵੋਟਾਂ ਮੰਗ ਰਹੇ ਹਨ। ਜਾਣਕਾਰੀ ਅਨੁਸਾਰ ਉਕਤ ਦੋਵੇਂ ਉਮੀਦਵਾਰ ਪਹਿਲਾਂ ਵੀ ਪ੍ਰਧਾਨ ਪਦ 'ਤੇ ਰਹਿ ਚੁੱਕੇ ਹਨ ਅਤੇ ਹੁਣ ਵੋਟ ਬੈਂਕ ਪ੍ਰਾਪਤ ਕਰਨ ਲਈ ਨਿੱਜੀ ਤੌਰ 'ਤੇ ਡੋਰ ਟੂ ਡੋਰ ਅਤੇ ਫੋਨ ਦੇ ਜ਼ਰੀਏ ਆਪਣਾ ਰਸੂਖ ਬਣਾ ਰਹੇ ਹਨ। ਜ਼ਿਕਰਯੋਗ ਹੈ ਕਿ ਚੋਣਾਂ ਲਈ ਨਿਯੁਕਤ ਚੋਣ ਅਧਿਕਾਰੀ ਜੈਪਾਲ ਸ਼ਰਮਾ ਵੱਲੋਂ ਸਾਫ ਸੁਥਰੀ ਚੋਣ ਕਰਵਾਉਣ ਲਈ ਵਕੀਲਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਪਾਰਟੀਆਂ ਆਦਿ 'ਤੇ ਵੀ ਪਾਬੰਦੀ ਲਾਈ ਗਈ ਹੈ।
ਜਾਣਕਾਰੀ ਅਨੁਸਾਰ ਜੋ ਵਕੀਲ ਬਾਰ ਐਸੋਸੀਏਸ਼ਨ ਦੇ ਮੈਂਬਰ ਹਨ ਅਤੇ ਐਸੋਸੀਏਸ਼ਨ ਦੇ ਨਿਯਮਾਂ 'ਤੇ ਖਰਾ ਉਤਰ ਰਹੇ ਹਨ, ਉਨ੍ਹਾਂ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਹੈ, ਪਤਾ ਲੱਗਾ ਹੈ ਕਿ ਐਸੋਸੀਏਸ਼ਨ ਦੇ ਲੱਗਭਗ 310 ਵਕੀਲ ਵੋਟਰ ਹਨ ਜੋ ਪ੍ਰਧਾਨ ਦੀ ਚੋਣ ਕਰਨਗੇ। ਭਾਵੇਂ 6 ਅਪ੍ਰੈਲ ਨੂੰ ਹੋ ਰਹੀਆਂ ਚੋਣਾਂ 'ਚ ਉਪ ਪ੍ਰਧਾਨ, ਖਜ਼ਾਨਚੀ, ਜਨਰਲ ਸਕੱਤਰ, ਜੁਆਇੰਟ ਸਕੱਤਰ ਅਤੇ ਕਾਰਜਕਾਰੀ ਮੈਂਬਰਾਂ ਦੀ ਚੋਣ ਹੋਣੀ ਹੈ ਪਰ ਪ੍ਰਧਾਨ ਪਦ ਦੀ ਚੋਣ ਨੂੰ ਅਹਿਮ ਮੰਨਿਆ ਜਾਂਦਾ ਹੈ ਕਿਉਂਕਿ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਹੀ ਰਾਜਨੀਤਕ ਤਾਲਮੇਲ ਬਣਾ ਕੇ ਸਮੱਸਿਆਵਾਂ ਦਾ ਹੱਲ ਅਤੇ ਫੰਡ ਇਕੱਠੇ ਕਰਨ ਲਈ ਅਹਿਮ ਭੂਮਿਕਾ ਨਿਭਾਉਂਦਾ ਹੈ।
ਇਹ ਹਨ ਵਕੀਲਾਂ ਦੀਆਂ ਮੁੱਖ ਸਮੱਸਿਆਵਾਂ
ਭਾਵੇਂ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਹੀ ਵਕਾਲਤ ਦੀ ਡਿਗਰੀ ਮਿਲਦੀ ਹੈ ਪਰ ਜਦੋਂ ਨਵੇਂ ਵਕੀਲ ਅਦਾਲਤ 'ਚ ਪ੍ਰੈਕਟਿਸ ਲਈ ਆਉਂਦੇ ਹਨ ਤਾਂ ਸਭ ਤੋਂ ਪਹਿਲਾਂ ਸਮੱਸਿਆ ਉਨ੍ਹਾਂ ਨੂੰ ਬੈਠਣ ਦੀ ਆਉਂਦੀ ਹੈ। ਨਵੇਂ ਵਕੀਲਾਂ ਲਈ ਰੂਪਨਗਰ ਅਦਾਲਤ 'ਚ ਲੰਬੇ ਸਮੇਂ ਤੋਂ ਚੈਂਬਰਾਂ ਦੀ ਘਾਟ ਚੱਲਦੀ ਆ ਰਹੀ ਹੈ ਅਤੇ ਕੁਝ ਵਕੀਲਾਂ ਵੱਲੋਂ ਖੋਖੇ ਰੱਖ ਕੇ ਆਪਣਾ ਕੰਮ ਚਲਾਇਆ ਜਾ ਰਿਹਾ ਹੈ। ਕਈ ਵਕੀਲ ਤਾਂ ਖੁੱਲ੍ਹੇ ਆਸਮਾਨ ਹੇਠ ਬੈਠ ਕੇ ਹੀ ਆਪਣਾ ਕੰਮਕਾਜ ਕਰਦੇ ਹਨ। ਸੂਤਰ ਦੱਸਦੇ ਹਨ ਕਿ ਅਦਾਲਤ ਦੇ ਸ਼ੁਰੂ ਹੋਣ ਸਮੇਂ ਜਿਹੜੇ ਸੀਨੀਅਰ ਵਕੀਲਾਂ ਨੂੰ ਚੈਂਬਰ ਅਲਾਟ ਹੋਏ ਸਨ, ਉਨ੍ਹਾਂ 'ਚੋਂ ਕਈ ਸੀਨੀਅਰ ਵਕੀਲ ਕੰਮਕਾਜ ਛੱਡ ਚੁੱਕੇ ਹਨ ਪਰ ਉਨ੍ਹਾਂ ਨੇ ਆਪਣੇ ਜੂਨੀਅਰ ਵਕੀਲਾਂ ਨੂੰ ਹੀ ਚੈਂਬਰ ਦੇ ਦਿੱਤੇ ਹਨ। ਪਤਾ ਲੱਗਾ ਹੈ ਕਿ ਇਕ ਚੈਂਬਰ 'ਚ ਦੋ ਤੋਂ ਲੈ ਕੇ ਤਿੰਨ ਵਕੀਲ ਬੈਠਦੇ ਹਨ। ਜਾਣਕਾਰੀ ਅਨੁਸਾਰ ਰੂਪਨਗਰ ਅਦਾਲਤ 'ਚ ਕਰੀਬ 72 ਚੈਂਬਰ ਹਨ, ਜਦੋਂਕਿ 310 ਦੇ ਕਰੀਬ ਵਕੀਲ ਪ੍ਰੈਕਟਿਸ ਕਰ ਰਹੇ ਹਨ।
ਇਸ ਤੋਂ ਇਲਾਵਾ ਵਕੀਲਾਂ ਲਈ ਬਣੀ ਕੰਟੀਨ ਵੀ ਸਾਫ ਸੁਥਰੀ ਨਾ ਹੋਣ ਕਾਰਨ ਉਨ੍ਹਾਂ ਦੇ ਨਾਲ ਕੋਰਾ ਮਜ਼ਾਕ ਬਣਿਆ ਰਹਿੰਦਾ ਹੈ। ਪੰਜਾਬ-ਕਮ-ਹਰਿਆਣਾ ਹਾਈਕੋਰਟ ਦੇ ਜਸਟਿਸ ਨੇ ਵੀ ਬੀਤੇ ਸਾਲ ਦੌਰੇ ਸਮੇਂ ਕੰਟੀਨ ਦੀ ਚੈਕਿੰਗ ਕੀਤੀ ਸੀ ਅਤੇ ਦੁਰਦਸ਼ਾ ਦੀ ਸ਼ਿਕਾਰ ਕੰਟੀਨ ਦੀ ਥਾਂ ਨੂੰ ਤੁਰੰਤ ਬਦਲਣ ਦੇ ਨਿਰਦੇਸ਼ ਜਾਰੀ ਕੀਤੇ ਸਨ। ਇਸ ਤੋਂ ਇਲਾਵਾ ਵਕੀਲਾਂ ਲਈ ਬਣੇ ਬਾਥਰੂਮ ਵੀ ਦੁਰਦਸ਼ਾ ਦਾ ਸ਼ਿਕਾਰ ਹਨ। ਸਾਬਕਾ ਡਿਪਟੀ ਕਮਿਸ਼ਨਰ ਰੂਪਨਗਰ ਨੇ ਵਕੀਲਾਂ ਦੇ ਬਾਥਰੂਮਾਂ ਲਈ ਲੱਗਭਗ 1 ਲੱਖ ਰੁਪਏ ਖਰਚ ਕਰ ਕੇ ਇਸ ਦੀ ਰੈਨੋਵੇਸ਼ਨ ਕਰਵਾਈ ਸੀ। ਪਰ ਮੁੜ ਹਾਲਤ ਗੰਭੀਰ ਹੋਣ ਕਾਰਨ ਬਾਥਰੂਮਾਂ ਨੂੰ ਤਾਲਾ ਲਾ ਦਿੱਤਾ ਗਿਆ ਅਤੇ ਵਕੀਲਾਂ ਨੂੰ ਕੋਰਟ ਦੇ ਅੰਦਰ ਹੀ ਬਾਥਰੂਮਾਂ 'ਚ ਜਾਣਾ ਪੈਂਦਾ ਹੈ।
ਕੁਝ ਵਕੀਲਾਂ ਵੱਲੋਂ ਖੋਖੇ ਰੱਖ ਕੇ ਆਪਣਾ ਕੰਮ ਚਲਾਇਆ ਜਾ ਰਿਹਾ ਹੈ ਅਤੇ ਕਈ ਵਕੀਲਾਂ ਨੂੰ ਤਾਂ ਇਸ ਦੀ ਮਨਜ਼ੂਰੀ ਨਹੀਂ ਮਿਲ ਸਕੀ ਅਤੇ ਉਨ੍ਹਾਂ 'ਤੇ ਹਰ ਸਮੇਂ ਖੋਖਿਆਂ ਨੂੰ ਚੁੱਕਣ ਦੀ ਤਲਵਾਰ ਲਟਕਦੀ ਰਹਿੰਦੀ। ਇਸ ਸਬੰਧ 'ਚ ਵਕੀਲਾਂ ਦਾ ਕਹਿਣਾ ਹੈ ਕਿ ਪ੍ਰਧਾਨ ਪਦ ਦੀ ਚੋਣ ਲੜ ਰਹੇ ਦੋਵੇਂ ਉਮੀਦਵਾਰਾਂ ਵੱਲੋਂ ਵਕੀਲਾਂ ਨੂੰ ਪੇਸ਼ ਆ ਰਹੀਆਂ ਉਕਤ ਸਮੱਸਿਆਵਾਂ ਦੇ ਹੱਲ ਲਈ ਦਾਅਵੇ ਕੀਤੇ ਜਾ ਰਹੇ ਹਨ। ਜਿੱਥੋਂ ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵਕੀਲ ਭਾਈਚਾਰੇ 'ਚ ਜਿਸ ਵੀ ਉਮੀਦਵਾਰ ਦੇ ਪ੍ਰਤੀ ਵੱਧ ਵਿਸ਼ਵਾਸ ਹੋਵੇਗਾ ਉਸ ਨੂੰ ਹੀ ਵੱਧ ਵੋਟਾਂ ਪੈਣਗੀਆਂ।
ਪਾਵਰਕਾਮ ਦਾ ਕਾਰਨਾਮਾ ; ਕੰਧ ਦੇ ਸਹਾਰੇ ਬਕਸੇ ਖੜ੍ਹੇ ਕਰ ਕੇ ਲਾਏ ਬਿਜਲੀ ਮੀਟਰ
NEXT STORY