ਬਹਿਰਾਮਪੁਰ, (ਗੋਰਾਇਆ)- ਭਾਵੇਂ ਪੰਜਾਬ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਬਿਜਲੀ ਬੋਰਡ 'ਚ ਸੁਧਾਰ ਲਿਆਉਣ ਲਈ ਪੰਜਾਬ ਰਾਜ ਬਿਜਲੀ ਬੋਰਡ ਨੂੰ ਦੋ ਭਾਗਾਂ 'ਚ ਵੰਡ ਕੇ ਇਸ ਦਾ ਨਾਂ ਪਾਵਰਕਾਮ ਕਾਰਪੋਰੇਸ਼ਨ ਰੱਖ ਦਿੱਤਾ ਗਿਆ ਸੀ ਤਾਂ ਕਿ ਲੋਕਾਂ ਨੂੰ ਵਧੀਆ ਸਹੂਲਤਾਂ ਮੁਹੱਈਆ ਹੋ ਸਕਣ ਪਰ ਇਸ ਦੇ ਬਾਵਜੂਦ ਪਾਵਰ ਕਾਰਪੋਰੇਸ਼ਨ ਦਾ ਪਰਨਾਲਾ ਉਥੇ ਦਾ ਉਥੇ ਹੀ ਹੈ।
ਇਸ ਦੀ ਮਿਸਾਲ ਸਬ-ਡਵੀਜ਼ਨ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਕਠਿਆਲੀ ਵਿਖੇ ਵੇਖੀ ਜਾ ਸਕਦੀ ਹੈ। ਜਾਣਕਾਰੀ ਅਨੁਸਾਰ ਪਾਵਰਕਾਮ ਵੱਲੋਂ ਚੋਰੀ ਰੋਕਣ ਲਈ ਲੱਖਾਂ ਰੁਪਏ ਖਰਚ ਕੇ ਬਿਜਲੀ ਮੀਟਰ ਬਕਸਿਆਂ 'ਚ ਲਾਏ ਗਏ ਸਨ ਪਰ ਪਿੰਡ ਕਠਿਆਲੀ 'ਚ ਇਕ ਅਨੋਖਾ ਹੀ ਕਾਰਨਾਮਾ ਪਾਵਰਕਾਮ ਦਾ ਵੇਖਿਆ ਜਾ ਸਕਦਾ ਹੈ। ਇਥੇ ਬਕਸਾ ਤਾਂ ਜ਼ਰੂਰ ਲੱਗਾ ਹੈ ਪਰ ਉਸ ਬਕਸੇ ਨੂੰ ਇਕ ਕੰਧ ਦੇ ਸਹਾਰੇ ਹੀ ਖੜ੍ਹਾ ਕਰ ਕੇ ਉਸ 'ਚ ਦਰਜਨ ਬਿਜਲੀ ਮੀਟਰ ਲਾ ਦਿੱਤੇ ਹਨ ਜੋ ਕਿ ਕਿਸੇ ਵੇਲੇ ਵੀ ਹਨੇਰੀ ਜਾਂ ਕਿਸੇ ਹੋਰ ਕਾਰਨ ਹੇਠਾਂ ਡਿੱਗ ਸਕਦੇ ਹਨ, ਜਿਸ ਕਰ ਕੇ ਕੋਈ ਵੱਡਾ ਹਾਦਸਾ ਹੋਣ ਨਾਲ ਵਿਭਾਗ ਦਾ ਵੀ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਸਕਦਾ ਹੈ ਪਰ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਵੱਲੋਂ ਲੰਮੇ ਸਮੇਂ ਤੋਂ ਇਸ ਬਕਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਸਮੂਹ ਪਿੰਡ ਵਾਸੀਆਂ ਤੇ ਗਲੀ 'ਚੋਂ ਆਉਣ–ਜਾਣ ਵਾਲੇ ਲੋਕਾਂ ਨੇ ਇਸ ਬਕਸੇ ਨੂੰ ਪੱਕੇ ਤੌਰ 'ਤੇ ਸਹੀ ਤਰੀਕੇ ਨਾਲ ਲਾਉਣ ਦੀ ਮੰਗ ਕੀਤੀ ਹੈ।
ਕੀ ਹੈ ਬਕਸੇ ਲਾਉਣ ਦਾ ਤਰੀਕਾ
ਪਾਵਰਕਾਮ ਦੇ ਭਰੋਸੇਯੋਗ ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਜਦੋਂ ਇਹ ਬਕਸੇ ਲਾਏ ਜਾਂਦੇ ਹਨ ਤਾਂ ਇਨ੍ਹਾਂ ਨੂੰ 2-3 ਫੁੱਟ ਤੱਕ ਜ਼ਮੀਨ 'ਚ ਸੀਮੈਂਟ ਨਾਲ ਪੱਕੇ ਤੌਰ 'ਤੇ ਫਿੱਟ ਕਰਨਾ ਹੁੰਦਾ ਹੈ ਤਾਂ ਕਿ ਬਰਸਾਤ ਦੇ ਮੌਸਮ 'ਚ ਕਰੰਟ ਨਾ ਆ ਸਕੇ ਪਰ ਇਹ ਬਕਸਾ ਸਿੱਧਾ ਜ਼ਮੀਨ 'ਤੇ ਰੱੱਖ ਕੇ ਚਲਾਇਆ ਜਾ ਰਿਹਾ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਵਿਭਾਗ ਸਿਰਫ ਕਾਗਜ਼ੀ ਕਾਰਵਾਈ ਤੱਕ ਸੀਮਤ ਹੈ।
ਵਧਦੀਆਂ ਕੀਮਤਾਂ ਨੇ ਮਿਡਲ ਕਲਾਸ ਪਰਿਵਾਰਾਂ ਦੀ ਤੋੜੀ ਕਮਰ, ਗਰੀਬ ਦੀ ਖੋਹੀ ਥਾਲੀ
NEXT STORY