ਕੋਟਕਪੂਰਾ (ਨਰਿੰਦਰ) - ਅੱਜ ਥਾਣਾ ਸਦਰ ਪੁਲਸ ਕੋਟਕਪੂਰਾ ਨੇ ਮੱਛੀ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਹੈ। ਥਾਣਾ ਸਦਰ ਕੋਟਕਪੂਰਾ ਦੇ ਐੱਸ. ਐੱਚ. ਓ. ਮੁਖਤਿਆਰ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਵਾੜਾ ਦਰਾਕਾ ਨੇ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਖੇਤੀਬਾੜੀ ਦੇ ਨਾਲ ਮੱਛੀ ਪਾਲਣ ਦਾ ਕੰਮ ਵੀ ਕਰਦਾ ਹੈ ਅਤੇ ਉਸ ਨੇ ਆਲੇ-ਦੁਆਲੇ 5-6 ਪਿੰਡਾਂ ਵਿਚ ਪੰਚਾਇਤੀ ਛੱਪੜ ਮੱਛੀ ਪਾਲਣ ਲਈ ਠੇਕੇ 'ਤੇ ਲਏ ਹੋਏ ਹਨ।
31 ਮਾਰਚ ਨੂੰ ਉਹ ਅਤੇ ਉਸ ਦਾ ਦਾ ਸਾਥੀ ਗੁਰਤੇਜ ਸਿੰਘ ਪੁੱਤਰ ਗੁਰਦਾਸ ਸਿੰਘ ਵਾਸੀ ਵਾੜਾਦਰਾਕਾ ਪਿੰਡ ਦੇਵੀਵਾਲਾ ਦੇ ਛੱਪੜ 'ਤੇ ਗੇੜਾ ਮਾਰਨ ਗਏ ਸਨ ਤਾਂ ਉਨ੍ਹਾਂ ਦੇਖਿਆ ਕਿ ਛੱਪੜ 'ਚੋਂ ਤੋਤਾ ਸਿੰਘ, ਇਕਬਾਲ ਸਿੰਘ, ਛਿੰਦਾ ਸਿੰਘ ਤੇ ਮਲਕੀਤ ਸਿੰਘ ਸਾਰੇ ਵਾਸੀ ਕੋਟਲਾ ਰਾਏਕਾ (ਬਾਘਾਪੁਰਾਣਾ) ਕਥਿਤ ਤੌਰ 'ਤੇ ਜਾਲ ਲਾ ਕੇ ਮੱਛੀਆਂ ਚੋਰੀ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਦੇਖ ਕੇ ਉਹ ਆਪਣੇ ਜਾਲ ਅਤੇ ਚੋਰੀ ਦੀਆਂ ਮੱਛੀਆਂ ਸਮੇਤ ਮੋਟਰਸਾਈਕਲਾਂ 'ਤੇ ਮੌਕੇ ਤੋਂ ਭੱਜ ਗਏ। ਉਨ੍ਹਾਂ ਨਵੇਂ ਬਾਈਪਾਸ 'ਤੇ ਗਸ਼ਤ ਕਰ ਰਹੀ ਪੁਲਸ ਪਾਰਟੀ ਨੂੰ ਇਸ ਦੀ ਇਤਲਾਹ ਦਿੱਤੀ।
ਏ. ਐੱਸ. ਆਈ ਸਿਕੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲਣ 'ਤੇ ਕਾਰਵਾਈ ਕਰਦਿਆਂ ਉਕਤ ਵਿਅਕਤੀਆਂ ਨੂੰ ਦੇਵੀ ਵਾਲਾ ਤੋਂ ਸਿਰਸੜੀ ਵਾਲੇ ਰਸਤੇ ਤੋਂ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਚੋਰੀ ਕੀਤੀਆਂ ਮੱਛੀਆਂ ਕਰੀਬ 8700 ਰੁਪਏ ਦੀਆਂ ਵੇਚ ਦਿੱਤੀਆਂ ਸਨ, ਜਿਨ੍ਹਾਂ 'ਚੋਂ 5200 ਰੁਪਏ ਬਰਾਮਦ ਕਰ ਲਏ ਗਏ ਹਨ। ਉਕਤ ਵਿਅਕਤੀਆਂ ਨੂੰ ਮਾਨਣੋਗ ਅਦਾਲਤ 'ਚ ਪੇਸ਼ ਕਰਨ 'ਤੇ ਅਦਾਲਤ ਵੱਲੋਂ ਉਨ੍ਹਾਂ ਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਇਸ ਮੌਕੇ ਏ. ਐੱਸ. ਆਈ. ਸੁਖਵਿੰਦਰ ਸਿੰਘ ਲਵਲੀ ਅਤੇ ਹੌਲਦਾਰ ਹਰਪਾਲ ਸਿੰਘ ਵੀ ਹਾਜ਼ਰ ਸਨ।
ਨਗਰ ਕੌਂਸਲ ਨੇ ਨਾਜਾਇਜ਼ ਕਬਜ਼ੇ ਹਟਾਏ
NEXT STORY