ਫਗਵਾੜਾ, (ਮੁਕੇਸ਼,ਜਲੋਟਾ)- ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਡੇਰੇ ਦੇ ਸ਼ਰਧਾਲੂਆਂ ਦੁਆਰਾ ਮਚਾਏ ਗਏ ਹੰਗਾਮੇ ਦੇ ਚਲਦੇ ਜਿਥੇ ਬੱਸ ਸੇਵਾ ਬੰਦ ਰਹੀ, ਉਥੇ ਰੇਲ ਪ੍ਰਸ਼ਾਸਨ ਦੁਆਰਾ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਕਈ ਰੇਲ ਗੱਡੀਆਂ ਵੀ ਰੱਦ ਕਰ ਦਿੱਤੀਆਂ ਗਈਆਂ, ਜਿਸ ਦੇ ਚਲਦੇ ਦੂਸਰੇ ਰਾਜਾਂ ਵਿਚ ਆਪਣੇ ਘਰਾਂ ਜਾਂ ਫਿਰ ਜ਼ਰੂਰੀ ਕੰਮਾਂ ਦੇ ਲਈ ਰੇਲ ਮਾਰਗ ਰਾਹੀਂ ਆਉਣਾ-ਜਾਣਾ ਸੀ, ਉਹ ਕਾਫੀ ਪ੍ਰੇਸ਼ਾਨ ਦਿਸੇ।
ਜਾਣਕਾਰੀ ਮੁਤਾਬਕ ਕਾਫੀ ਗਿਣਤੀ ਵਿਚ ਮੁਸਾਫਿਰ ਰੇਲਵੇ ਸਟੇਸ਼ਨ ਪਹੁੰਚੇ। ਸਟੇਸ਼ਨ ਪਹੁੰਚਣ 'ਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਜਿਸ ਰੂਟ ਵੱਲ ਉਨ੍ਹਾਂ ਨੇ ਜਾਣਾ ਹੈ, ਉਥੋਂ ਦੀਆਂ ਜ਼ਿਆਦਾਤਰ ਅਪਡਾਊਨ ਦੀਆਂ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਕਾਰਨ ਉਨ੍ਹਾਂ ਵਿਚ ਨਿਰਾਸ਼ਾ ਛਾ ਗਈ। ਰੇਲਵੇ ਸਟੇਸ਼ਨ 'ਤੇ ਬੁਕਿੰਗ ਕਾਊਂਟਰ ਤਾਂ ਖੁੱਲ੍ਹਿਆ ਸੀ ਪਰ ਉਥੇ ਵੀ ਕਾਫੀ ਯਾਤਰੀ ਆਪਣੀ ਟਿਕਟ ਕੈਂਸਲ ਕਰਵਾਉਣ ਲਈ ਲਾਈਨਾਂ ਵਿਚ ਖੜ੍ਹੇ ਸਨ।
ਇਸ ਸੰਬੰਧੀ ਜਦੋਂ ਰੇਲਵੇ ਸਟੇਸ਼ਨ ਦੇ ਸੀਨੀਅਰ ਅਧਿਕਾਰੀ ਗਿਆਨ ਚੰਦ ਨਾਲ ਗੱਲ ਹੋਈ ਤਾਂ ਉਨ੍ਹਾਂ ਦੱਸਿਆ ਕਿ ਕਾਫੀ ਮੁਸਾਫਿਰ ਰੇਲਵੇ ਸਟੇਸ਼ਨ ਆਏ, ਜਿਨ੍ਹਾਂ ਵਿਚੋਂ ਕਾਫੀ ਮੁਸਾਫਿਰ ਟਰੇਨ ਕਦੋਂ ਆਵੇਗੀ ਪੁੱਛਣ ਆਏ, ਉਥੇ ਕੁਝ ਆਪਣੀਆਂ ਰਿਜ਼ਰਵ ਟਿਕਟਾਂ ਕੈਂਸਲ ਕਰਵਾਉਣ ਲਈ ਪਹੁੰਚੇ। ਜ਼ਿਕਰਯੋਗ ਹੈ ਕਿ ਜਦੋਂ ਤੋਂ ਹਾਲਾਤ ਵਿਗੜਣ ਦੇ ਆਸਾਰ ਪੈਦਾ ਹੋਏ ਹਨ ਤਦ ਤੋਂ ਰੇਲ ਵਿਭਾਗ ਨੇ ਕਾਫੀ ਲੰਬੀ ਦੂਰੀ ਦੀਆਂ ਟਰੇਨਾਂ ਰੱਦ ਕਰ ਦਿੱਤੀਆਂ ਹਨ, ਜਿਸ ਕਾਰਨ ਕਾਫੀ ਮੁਸਾਫਿਰਾਂ ਨੂੰ ਇਨ੍ਹੀਂ ਦਿਨੀਂ ਪ੍ਰੇਸ਼ਾਨੀ ਝੱਲਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ। ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਰੇਲ ਯਾਤਰਾ ਰੱਦ ਹੋਣ ਕਾਰਨ ਕਈ ਮੁਸਾਫਿਰ ਹੋਟਲਾਂ ਅਤੇ ਮੰਦਰਾਂ ਵਿਚ ਰਹਿਣ ਲਈ ਮਜਬੂਰ ਦਿਸੇ।
ਰੇਲਵੇ ਸਟੇਸ਼ਨ ਦੇ ਦੋਵੇਂ ਪਾਸਿਆਂ ਦੇ ਪਲੇਟਫਾਰਮਾਂ 'ਤੇ ਪੂਰੀ ਤਰ੍ਹਾਂ ਨਾਲ ਬੇਰੌਣਕੀ ਦਿਖੀ। ਹਾਲਾਂਕਿ ਆਰ. ਪੀ. ਐੱਫ. ਅਤੇ ਜੀ. ਆਰ. ਪੀ. ਦੇ ਮੁਲਾਜ਼ਮ ਗਸ਼ਤ ਕਰਦੇ ਦਿਖੇ। ਰੇਲਵੇ ਸਟੇਸ਼ਨ 'ਤੇ ਤਾਇਨਾਤ ਰੇਲਵੇ ਅਧਿਕਾਰੀ ਸੁਦਰਸ਼ਨ ਨੇ ਦੱਸਿਆ ਕਿ ਅੱਜ ਕੋਈ ਵੀ ਰੇਲ ਗੱਡੀ ਅਪਡਾਊਨ ਵਲੋਂ ਨਹੀਂ ਆਈ। ਕੱਲ ਇਕ ਮਾਲ ਗੱਡੀ ਲੰਘੀ ਸੀ। ਅੱਜ ਉਹ ਵੀ ਨਹੀਂ ਆਈ । ਸੀਨੀਅਰ ਰੇਲ ਅਧਿਕਾਰੀਆਂ ਦੇ ਹੁਕਮਾਂ ਮੁਤਾਬਕ ਰੇਲ ਆਵਾਜਾਈ ਪੂਰੀ ਤਰ੍ਹਾਂ ਨਾਲ ਬੰਦ ਕਰਨ ਦੇ ਹੁਕਮ ਸਨ। ਇਸੇ ਕਾਰਨ ਕੋਈ ਵੀ ਰੇਲ ਗੱਡੀ ਨਹੀਂ ਆਈ। ਇਸ ਦੌਰਾਨ ਰੇਲਵੇ ਸਟੇਸ਼ਨ 'ਤੇ ਪਹੁੰਚੇ ਫਗਵਾੜਾ ਨਿਵਾਸੀ ਬਿੰਦਰ ਜੋ ਆਪਣੇ ਦੋਸਤ ਦੇ ਨਾਲ ਆਏ ਸਨ, ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਦਿੱਲੀ ਕਿਸੇ ਕੰਮ ਤੋਂ ਗਿਆ ਸੀ। ਉਹ ਰੇਲ ਗੱਡੀ ਸੇਵਾ ਕਦੋਂ ਸ਼ੁਰੂ ਹੋਵੇਗੀ ਪੁੱਛਣ ਆਏ ਸਨ। ਉਥੇ ਇਕ ਹੋਰ ਨਿਵਾਸੀ ਗੋਲਡੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਜ਼ਰੂਰੀ ਕੰਮ ਤੋਂ ਦਿੱਲੀ ਰੇਲ ਮਾਰਗ ਰਾਹੀਂ ਜਾਣਾ ਸੀ। ਰੇਲ ਸੇਵਾ ਕਦੋਂ ਸ਼ੁਰੂ ਹੋਵੇਗੀ, ਉਹ ਪੁੱਛਣ ਲਈ ਆਏ ਸਨ ਪਰ ਨਿਰਾਸ਼ਾ ਦਾ ਹੀ ਸਾਹਮਣਾ ਹੋਇਆ।
ਜਾਣਕਾਰੀ ਅਨੁਸਾਰ ਸਟੇਸ਼ਨ 'ਤੇ ਅੱਜ ਕੁਲ 44 ਟਰੇਨਾਂ ਰੱਦ ਰਹੀਆਂ। ਇਨ੍ਹਾਂ ਟਰੇਨਾਂ ਵਿਚ ਜੰਮੂ ਮੇਲ, ਟਾਟਾ ਮੂਰੀ, ਪੂਜਾ ਐਕਸਪ੍ਰੈੱਸ, ਹੇਮਕੁੰਟ ਐਕਸਪ੍ਰੈੱਸ, ਕੋਲਕਾਤਾ ਐਕਸਪ੍ਰੈੱਸ, ਰਾਜਧਾਨੀ ਐਕਸਪ੍ਰੈੱਸ, ਸ਼ਾਲੀਮਾਰ ਐਕਸਪ੍ਰੈੱਸ, ਮੋਰ ਧਵਜ ਐਕਸਪ੍ਰੈੱਸ, ਸੰਪਰਕ ਕ੍ਰਾਂਤੀ, ਹੁਸ਼ਿਆਰਪੁਰ ਐਕਸਪ੍ਰੈੱਸ, ਜੇਹਲਮ ਐਕਸਪ੍ਰੈੱਸ, ਜੰਮੂਤਵੀ ਐਕਸਪ੍ਰੈੱਸ, ਅੰਡੇਮਾਨ ਐਕਸਪ੍ਰੈੱਸ, ਸ਼ਾਰੂ ਸ਼ਕਤੀ, ਸ਼ਹੀਦ ਐਕਸਪ੍ਰੈੱਸ, ਨੰਗਲ ਡੈਮ, ਸ਼ਾਨ-ਏ-ਪੰਜਾਬ, ਛੱਤੀਸਗੜ੍ਹ ਐਕਸਪ੍ਰੈੱਸ, ਦੇਹਰਾਦੂਨ ਐਕਸਪ੍ਰੈੱਸ, ਅਜਮੇਰ ਐਕਸਪ੍ਰੈੱਸ, ਹਾਵੜਾ ਮੇਲ, ਜੰਮੂ ਦੁਰਗ, ਇੰਟਰਸਿਟੀ ਐਕਸਪ੍ਰੈੱਸ, ਦਾਦਰ ਐਕਸਪ੍ਰੈੱਸ, ਪੱਛਮੀ ਐਕਸਪ੍ਰੈੱਸ, ਸੱਚਖੰਡ ਐਕਸਪ੍ਰੈੱਸ, ਦਿੱਲੀ-ਪਠਾਨਕੋਟ ਐਕਸਪ੍ਰੈੱਸ ਸਣੇ ਕਈ ਟਰੇਨਾਂ ਰੱਦ ਰਹੀਆਂ। ਦਿਲਚਸਪ ਪਹਿਲੂ ਇਹ ਰਿਹਾ ਹੈ ਕਿ ਫਗਵਾੜਾ ਰੇਲਵੇ ਸਟੇਸ਼ਨ 'ਤੇ ਅੱਜ ਵੀ ਪੁਲਸ ਸੁਰੱਖਿਆ ਬੰਦੋਬਸਤ ਦੇਖਣ ਨੂੰ ਮਿਲਿਆ। 'ਜਗ ਬਾਣੀ' ਅੱਜ ਪ੍ਰਕਾਸ਼ਿਤ ਸਮਾਚਾਰ ਵਿਚ ਬੀਤੇ ਦਿਨ ਰੇਲਵੇ ਸਟੇਸ਼ਨ 'ਤੇ ਰਹੀ ਕਮਜ਼ੋਰ ਪੁਲਸ ਵਿਵਸਥਾ ਨੂੰ ਜਨਹਿਤ ਵਿਚ ਪ੍ਰਮੁੱਖਤਾ ਦੇ ਨਾਲ ਸਮਾਚਾਰ ਪ੍ਰਕਾਸ਼ਿਤ ਕਰ ਦਿੱਤਾ ਸੀ। ਇਸ ਖਬਰ ਦਾ ਅਸਰ ਰਿਹਾ ਹੈ ਕਿ ਅੱਜ ਸੁੰਨਸਾਨ ਤੇ ਖਾਲੀ ਦਿਖਾਈ ਦੇ ਰਹੇ ਰੇਲਵੇ ਸਟੇਸ਼ਨ 'ਤੇ ਪੁਲਸ ਦਸਤੇ ਤਾਇਨਾਤ ਦਿਖਾਈ ਦਿੱਤੇ ਤੇ ਪੁਲਸ ਨੇ ਆਉਣ ਵਾਲੇ ਵਾਹਨਾਂ ਤੇ ਯਾਤਰੀਆਂ ਦੇ ਸਾਮਾਨ ਦੀ ਚੈਕਿੰਗ ਕੀਤੀ। ਫਗਵਾੜਾ ਵਿਚ ਅੱਜ ਦੂਸਰੇ ਦਿਨ ਵੀ ਬਾਜ਼ਾਰਾਂ ਵਿਚ ਰੌਣਕ ਗਾਇਬ ਰਹੀ। ਨੈਸ਼ਨਲ ਨੰਬਰ 1 'ਤੇ ਵਾਹਨਾਂ ਦੀ ਆਵਾਜਾਈ ਵੀ ਨਾ ਦੇ ਬਰਾਬਰ ਦੇਖਣ ਨੂੰ ਮਿਲੀ। ਪੰਜਾਬ ਵਿਚ ਬਣੇ ਗੰਭੀਰ ਹਾਲਾਤ ਦੇ ਚਲਦੇ ਜ਼ਿਆਦਾਤਰ ਲੋਕ ਆਪਣੇ ਘਰਾਂ ਵਿਚੋਂ ਬਾਹਰ ਨਹੀਂ ਨਿਕਲੇ। ਉਥੇ ਹੀ ਡੀ. ਸੀ. ਮੁਹੰਮਦ ਤਈਅਬ ਤੇ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਹਾਲਾਤ ਦਾ ਜਾਇਜ਼ਾ ਲਿਆ। ਇਸ ਮੌਕੇ 'ਤੇ ਉਨ੍ਹਾਂ ਨਾਲ ਐੱਸ. ਡੀ. ਐੱਮ. ਜੋਤੀ ਬਾਲਾ ਮੱਟੂ, ਐੱਸ. ਪੀ. ਪਰਮਿੰਦਰ ਸਿੰਘ ਭੰਡਾਲ ਤੇ ਹੋਰ ਪੁਲਸ ਅਧਿਕਾਰੀ ਸ਼ਾਮਲ ਸਨ। ਇਸ ਦੌਰਾਨ ਪੁਲਸ ਤੇ ਪ੍ਰਸ਼ਾਸਨ ਅਧਿਕਾਰੀਆਂ ਨੇ ਸ਼ਹਿਰ ਦੇ ਮੁੱਖ ਬੱਸ ਸਟੈਂਡ, ਗੋਲ ਚੌਕ, ਰੈਸਟ ਹਾਊਸ ਚੌਕ, ਹਰਗੋਬਿੰਦ ਨਗਰ, ਬੰਗਾ ਰੋਡ, ਹੁਸ਼ਿਆਰਪੁਰ ਰੋਡ, ਸ਼ੂਗਰ ਮਿੱਲ ਚੌਕ, ਨਕੋਦਰ ਰੋਡ, ਹਦੀਆਬਾਦ, ਭੁੱਲਾਰਾਈ ਰੋਡ, ਮੇਹਟਾਂ ਬਾਈਪਾਸ ਤੇ ਚੰਡੀਗੜ੍ਹ ਬਾਈਪਾਸ ਦਾ ਦੌਰਾ ਕੀਤਾ।
ਕਰਫਿਊ ਖਤਮ ; ਜ਼ਿੰਦਗੀ ਪਰਤੀ ਲੀਹ 'ਤੇ
NEXT STORY