ਲੁਧਿਆਣਾ, (ਤਰੁਣ)- ਮਹਾਨਗਰ 'ਚ ਚਾਈਨਾ ਡੋਰ ਦੀ ਵਿਕਰੀ ਧੜਾਧੜ ਹੋ ਰਹੀ ਹੈ। ਸੈਟਿੰਗ ਦਾ ਇਹ ਖੇਡ ਆਖਰੀ ਸੀਮਾ 'ਤੇ ਹੈ, ਜਦੋਂ ਕਿ ਪੁਲਸ ਤੇ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ 'ਤੇ ਪਾਬੰਦੀ ਲਾਉਣ ਦੀ ਕੋਸ਼ਿਸ਼ ਫੇਲ ਹੁੰਦੀ ਦਿਖਾਈ ਦੇ ਰਹੀ ਹੈ। ਹਾਲਾਂਕਿ ਜ਼ਿਲਾ ਪੁਲਸ ਨੇ ਇੱਕਾ-ਦੁੱਕਾ ਕੇਸ ਦਰਜ ਕੀਤੇ ਹਨ, ਜੋ ਕਿ ਸਿਰਫ ਖਾਨਾਪੂਰਤੀ ਲੱਗ ਰਹੇ ਹਨ।
ਦਸੰਬਰ ਮਹੀਨੇ 'ਚ ਕਈ ਲੋਕ ਹੋ ਚੁੱਕੇ ਹਨ ਜ਼ਖਮੀ
ਇਸ ਮਹੀਨੇ 'ਚ ਸ਼ਹਿਰ ਦੇ ਕਈ ਲੋਕ ਜਾਨਲੇਵਾ ਚਾਈਨਾ ਡੋਰ ਦੀ ਲਪੇਟ 'ਚ ਆਉਣ ਨਾਲ ਜ਼ਖਮੀ ਹੋ ਚੁੱਕੇ ਹਨ। ਸਿਰਫ ਐਤਵਾਰ ਨੂੰ 5 ਲੋਕ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਨਾਲ ਜ਼ਖਮੀ ਹੋਏ ਹਨ। ਬਿਜ਼ਨੈੱਸਮੈਨ ਵਰੁਣ ਜੈਨ ਨੇ ਦੱਸਿਆ ਕਿ ਐਤਵਾਰ ਦੁਪਹਿਰ ਨੂੰ ਉਹ ਮੋਟਰਸਾਈਕਲ ਤੋਂ ਬਾਜਵਾ ਨਗਰ ਤੋਂ ਮਾਧੋਪੁਰੀ ਵੱਲ ਜਾ ਰਿਹਾ ਸੀ। ਪੁਲੀ ਨੇੜੇ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਨਾਲ ਉਸ ਦਾ ਖੱਬਾ ਕੰਨ ਤੇ ਦੋ ਉਂਗਲੀਆਂ ਕੱਟ ਗਈਆਂ। ਲੋਕਾਂ ਨੇ ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਪਹੁੰਚਾਇਆ। ਅਜਿਹਾ ਹੀ ਦੂਸਰਾ ਹਾਦਸਾ ਚੰਦਰ ਨਗਰ ਪੁਲੀ ਨੇੜੇ ਹੋਇਆ, ਜਿਥੇ ਦਿਨੇਸ਼ ਨਾਮਕ ਪ੍ਰਵਾਸੀ ਨੌਜਵਾਨ ਚਾਈਨਾ ਡੋਰ ਦੀ ਲਪੇਟ 'ਚ ਆਉਣ ਨਾਲ ਜ਼ਖਮੀ ਹੋ ਗਿਆ। ਉਸ ਦੇ ਗਲੇ ਤੇ ਹੱਥ 'ਤੇ ਜ਼ਖਮ ਹੋ ਗਏ।
ਦਰੇਸੀ ਤੇ ਹੈਬੋਵਾਲ 'ਚ ਵਿਕਰੀ ਜ਼ੋਰਾਂ 'ਤੇ
ਵੈਸੇ ਤਾਂ ਚਾਈਨਾ ਡੋਰ ਦੀ ਵਿਕਰੀ ਪੂਰੇ ਸ਼ਹਿਰ 'ਚ ਹੋ ਰਹੀ ਹੈ ਪਰ ਦਰੇਸੀ ਤੇ ਹੈਬੋਵਾਲ ਇਲਾਕੇ 'ਚ ਚਾਈਨਾ ਡੋਰ ਦੀ ਵਿਕਰੀ ਜ਼ੋਰਾਂ 'ਤੇ ਹੈ। ਪੁਲਸ ਤੋਂ ਬਚਣ ਲਈ ਦੁਕਾਨਦਾਰ ਚਾਈਨਾ ਡੋਰ ਦੀ ਡਲਿਵਰੀ ਹੋਰਨਾਂ ਗੁਪਤ ਸਥਾਨਾਂ ਤੋਂ ਦੇ ਰਹੇ ਹਨ। ਇੰਨਾ ਹੀ ਨਹੀਂ ਆਨ ਡਿਮਾਂਡ 'ਤੇ ਚਾਈਨਾ ਡੋਰ ਦੀ ਡਲਿਵਰੀ ਦੱਸੇ ਗਏ ਪਤੇ 'ਤੇ ਕੀਤੀ ਜਾ ਰਹੀ ਹੈ। ਜਾਣ-ਪਛਾਣ ਵਾਲੇ ਸੋਸ਼ਲ ਮੀਡੀਆ ਅਤੇ ਆਨਲਾਈਨ ਚਾਈਨਾ ਡੋਰ ਮੰਗਵਾ ਰਹੇ ਹਨ।
ਮਾਤਾ-ਪਿਤਾ ਕਰਨ ਪਹਿਲ
ਪੰਜਾਬ ਪ੍ਰਾਂਤਕ ਤੇਰਾਪੰਥੀ ਸਭਾ ਦੇ ਜਨਰਲ ਸਕੱਤਰ ਕੁਲਦੀਪ ਸੁਰਾਣਾ ਦਾ ਕਹਿਣਾ ਹੈ ਕਿ ਜ਼ਿਆਦਾਤਰ ਬੱਚੇ ਪਤੰਗ-ਡੋਰ ਉਡਾਉਣ ਦੇ ਸ਼ੌਕੀਨ ਹਨ। ਬੱਚਾ ਡੋਰ ਦੀ ਡਿਮਾਂਡ ਕਰੇ ਤਾਂ ਮਾਤਾ-ਪਿਤਾ ਚਾਈਨਾ ਡੋਰ ਦੀ ਖਰੀਦਦਾਰੀ ਨਾ ਕਰਨ। ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਆਮ ਜਨਤਾ ਨੂੰ ਵੀ ਜਾਨਲੇਵਾ ਚਾਈਨਾ ਡੋਰ 'ਤੇ ਪਾਬੰਦੀ ਲਾਉਣ ਲਈ ਅੱਗੇ ਆਉਣਾ ਹੋਵੇਗਾ। ਪੁਲਸ ਅਤੇ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕਣੇ ਪੈਣਗੇ ਤਾਂ ਹੀ ਚਾਈਨਾ ਡੋਰ ਦੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ 'ਚ ਖੌਫ ਪੈਦਾ ਹੋਵੇਗਾ।
ਮੋਟਰਸਾਈਕਲ ਸਵਾਰ ਦੇ ਗਲੇ 'ਤੇ ਫਿਰੀ ਡੋਰ
NEXT STORY